ਮੁੜ ਤੋਂ ਦੋ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਸੁਖਪਾਲ ਖਹਿਰਾ, ਜਲਾਲਾਬਾਦ ਕੋਰਟ ਵਿੱਚ ਪੇਸ਼ੀ, ਕਾਂਗਰਸ ਦਾ ਪ੍ਰਦਰਸ਼ਨ

Updated On: 

12 Oct 2023 18:13 PM

ਪੁਲਿਸ ਦਾ ਕਹਿਣਾ ਹੈ ਕਿ ਖਹਿਰਾ ਨਾਲ ਜੁੜੇ ਡਰੱਗ ਮਾਮਲੇ ਦੀ ਜਾਂਚ ਦੌਰਾਨ ਉਨ੍ਹਾਂ ਖਿਲਾਫ ਸਬੂਤ ਮਿਲੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦਾਅਵਾ ਕੀਤਾ ਹੈ ਕਿ ਖਹਿਰਾਂ ਵੱਲੋਂ ਸਭ ਤੋਂ ਲੁਕਾ ਕੇ ਮੁਹਾਲੀ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਦੀ ਅਰਜ਼ੀ ਤੇ ਐਕਸ਼ਨ ਲੈਂਦਿਆਂ ਕੋਰਟ ਨੇ ਉਨ੍ਹਾਂ ਤੋਂ ਵਿਦੇਸ਼ ਵਿੱਚ ਉਨ੍ਹਾਂ ਦਾ ਇਲਾਜ ਕਰਨ ਵਾਲੇ ਮੈਡੀਕਲ ਸਟਾਫ ਅਤੇ ਹਸਪਤਾਲ ਦੀ ਡਿਟੇਲ ਮੰਗੀ ਸੀ।

ਮੁੜ ਤੋਂ ਦੋ ਦਿਨਾਂ ਦੀ ਪੁਲਿਸ ਰਿਮਾਂਡ ਤੇ ਸੁਖਪਾਲ ਖਹਿਰਾ, ਜਲਾਲਾਬਾਦ ਕੋਰਟ ਵਿੱਚ ਪੇਸ਼ੀ, ਕਾਂਗਰਸ ਦਾ ਪ੍ਰਦਰਸ਼ਨ
Follow Us On

ਸਾਲ 2015 ਦੇ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ ਅਦਾਲਤ ਨੇ ਇਕ ਵਾਰ ਫਿਰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। 14 ਦਿਨਾਂ ਦੀ ਨਿਆਂਇਕ ਹਿਰਾਸਤ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ। ਵੀਰਵਾਰ ਦੀ ਸੁਣਵਾਈ ਦੌਰਾਨ ਪੁਲਿਸ ਨੇ ਮਾਮਲੇ ਦੀ ਜਾਂਚ ਲਈ 7 ਦਿਨਾਂ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਤੋਂ ਕੋਰਟ ਨੇ ਦੋ ਦਿਨਾਂ ਦਾ ਹੋਰ ਰਿਮਾਂਡ ਵਧਾ ਦਿੱਤਾ।

ਸੁਣਵਾਈ ਦੌਰਾਨ ਪੁਲਿਸ ਨੇ ਕੋਰਟ ਨੂੰ ਦੱਸਿਆ ਕਿ ਖਹਿਰਾ ਦੀ ਜਾਇਦਾਦ ਦੀ ਜਾਂਚ ਕੀਤੀ ਜਾਣੀ ਹੈ, ਇਸ ਲਈ ਉਨ੍ਹਾਂ ਨੂੰ 7 ਦਿਨਾਂ ਦਾ ਰਿਮਾਂਡ ਦਿੱਤਾ ਜਾਵੇ। ਪੁਲਿਸ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਖਹਿਰਾ ਜਾਂਚ ਵਿੱਚ ਬਿਲਕੁੱਲ ਵੀ ਸਹਿਯੋਗ ਨਹੀਂ ਕਰ ਰਹੇ ਹਨ, ਜਿਸ ਕਰਕੇ ਜਾਂਚ ਅੱਗੇ ਵਧਾਉਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਪੁਲਿਸ ਨੂੰ ਖਹਿਰਾ ਦਾ ਦੋ ਦਿਨਾਂ ਦਾ ਹੋਰ ਰਿਮਾਂਡ ਦੇ ਦਿੱਤਾ।

ਦੱਸ ਦੇਈਏ ਕਿ ਮੰਗਲਵਾਰ ਨੂੰ ਰਿਮਾਂਡ ਤੇ ਲੈਣ ਤੋਂ ਪਹਿਲਾਂ ਪੁਲਿਸ ਖਹਿਰਾ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਸੀ। ਹੁਣ ਪਰਸੋਂ ਇੱਕ ਵਾਰ ਫੇਰ ਖਹਿਰਾ ਨੂੰ ਇਸੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਖਹਿਰਾ ਦੇ ਵਕੀਲ ਦੇ ਪੁਲਿਸ ‘ਤੇ ਆਰੋਪ

ਸੁਖਪਾਲ ਖਹਿਰਾ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਖਹਿਰਾ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕਸਟਡੀ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਅੱਜ ਦੀ ਸੁਣਵਾਈ ਦੌਰਾਨ ਪੁਲਿਸ ਨੇ ਖਹਿਰਾ ਦੀ ਜ਼ਮੀਨ ਦੀ ਜਾਂਚ ਕਰਨ ਦੀ ਨਵੀਂ ਗੱਲ ਕੋਰਟ ਦੇ ਸਾਹਮਣੇ ਰੱਖ ਦਿੱਤੀ ਹੈ ਜਦਕਿ ਇਸਦੀ ਜਾਂਚ ਆਨਲਾਈਨ ਵੀ ਕੀਤੀ ਜਾ ਸਕਦੀ ਸੀ। ਪਰ ਉਨ੍ਹਾਂ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੂਜੇ ਆਰੋਪੀ ਗੁਰਦੇਵ ਸਿੰਘ ਬਾਰੇ ਜਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਸ਼ਨੀਵਾਰ ਨੂੰ ਮੁੜ ਤੋਂ ਕੋਰਟ ਵਿੱਚ ਪੇਸ਼ੀ ਹੋਵੇਗੀ।

ਕਾਂਗਰਸ ਦਾ ਪ੍ਰਦਰਸ਼ਨ, ਬਾਜਵਾ ਦੇ ਤਿੱਖੇ ਹਮਲੇ

ਖਹਿਰਾ ਦੀ ਪੇਸ਼ੀ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਈ ਵਰਕਰਾਂ ਨਾਲ ਕੋਰਟ ਵਿੱਚ ਮੌਜੂਦ ਸਨ। ਪਰ ਪੁਲਿਸ ਨੇ ਉਨ੍ਹਾਂ ਨੂੰ ਕੋਰਟ ਵਿੱਚ ਵੀ ਖਹਿਰਾ ਨਾਲ ਮਿਲਣ ਨਹੀਂ ਦਿੱਤਾ। ਜਿਸਤੋਂ ਭੜਕੇ ਬਾਜਵਾ ਨੇ ਕਿਹਾ ਕਿ ਖਹਿਰਾ ਨੂੰ ਮਿਲਣ ਦਾ ਉਨ੍ਹਾਂ ਦਾ ਜਮਹੂਰੀ ਹੱਕ ਹੈ, ਪਰ ਪੰਜਾਬ ਸਰਕਾਰ ਉਨ੍ਹਾਂ ਨੂੰ ਨਾਂ ਤਾਂ ਥਾਣੇ ਵਿੱਚ ਅਤੇ ਨਾ ਹੀ ਕੋਰਟ ਵਿੱਚ ਮਿਲਣ ਦਿੱਤਾ ਗਿਆ ਹੈ। ਇਹ ਸਰਾਸਰ ਲੋਕਤੰਤਰ ਦੀ ਨਾਕਦਰੀ ਹੈ।

ਉਨ੍ਹਾਂ ਕਿਹਾ ਕਿ ਖਹਿਰਾ ਕਾਂਗਰਸ ਦੇ ਦਿੱਗਜ਼ ਵਿਧਾਇਕ ਹਨ, ਉਨ੍ਹਾਂ ਨਾਲ ਮਿਲਣਾ ਸਾਡਾ ਹੱਕ ਜ਼ਮਹੂਰੀ ਹੱਕ ਹੈ। ਪਰ ਪੰਜਾਬ ਸਰਕਾਰ ਅਤੇ ਪੁਲਿਸ ਦੇ ਅਫ਼ਸਰਾਂ ਨੇ ਸਾਨੂੰ ਉਨ੍ਹਾਂ ਦੇ ਕੋਲ ਵੀ ਨਹੀਂ ਜਾਣ ਦਿੱਤਾ । ਸੂਬੇ ਦੀ ਜਨਤਾ ਉਨ੍ਹਾਂ ਨੂੰ ਇਸ ਗੱਲ ਦਾ ਜਵਾਬ ਦੇਵੇਗੀ। ਉਨ੍ਹਾਂ ਨੇ ਆਰੋਪ ਲਗਾਇਆ ਕਿ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਬਦਲੇ ਦੀ ਭਾਵਨਾ ਨਾਲ ਇਹ ਕਾਰਵਾਈ ਕੀਤੀ ਹੈ।