ਸੰਗਰੂਰ ਮੈਰੀਟੋਰੀਅਸ ਸਕੂਲ ਦੇ ਬੱਚੇ ਹੋਏ ਬਿਮਾਰ, ਉਲਟੀਆਂ ਆਉਣ ‘ਤੇ ਹਸਪਤਾਲ ਕੀਤਾ ਸ਼ਿਫਟ; ਸਿੱਖਿਆ ਮੰਤਰੀ ਨੇ ਕੰਟੀਨ ਦਾ ਠੇਕਾ ਕੀਤਾ ਰੱਦ
ਸੰਗਰੂਰ ਦੇ ਘਾਵਦਾ 'ਚ ਬਣੇ ਮੈਰੀਟੋਰੀਅਸ ਸਕੂਲ 'ਚ ਬੱਚਿਆਂ ਦੀ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 53 ਦੇ ਕਰੀਬ ਬੱਚੇ ਹੋਸਟਲ ਦਾ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਏ। ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਸਕੂਲ ਅੱਗੇ ਰੋ ਰਹੇ ਹਨ ਅਤੇ ਉਹ ਕਾਫੀ ਪ੍ਰੇਸ਼ਾਨ ਹਨ। ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਹਨ। ਇਸ ਘਟਨਾ ਤੋਂ ਬਾਅਦ ਸੰਗਰੂਰ ਦੇ ਐਸਡੀਐਮ ਤੇ ਵਿਧਾਇਕ ਨਰੇਂਦਰ ਕੌਰ ਭਰਾਜ ਪਹੁੰਚੇ ਹਨ।
ਸੰਗਰੂਰ ਦੇ ਮੈਰੀਟੋਰੀਅਸ ਸਕੂਲ ਵਿੱਚ ਕਰੀਬ 53 ਬੱਚਿਆਂ ਦੀ ਹਾਲਤ ਵਿਗੜ ਗਈ ਹੈ। ਬੱਚਿਆਂ ਨੂੰ ਰਾਤ ਨੂੰ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਬੱਚਿਆਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਬੱਚਿਆਂ ਦੀ ਹਾਲਤ ਵਿਗੜਨ ਤੋਂ ਬਾਅਦ ਮਾਪਿਆਂ ਨੇ ਸਕੂਲ ਪ੍ਰਸ਼ਾਸਨ ‘ਤੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਕੰਟੀਨ ਦਾ ਠੇਕਾ ਵੀ ਰੱਦ ਕਰ ਦਿੱਤਾ ਹੈ।
ਮਾਪਿਆਂ ਦਾ ਇਲਜ਼ਾਮ ਹੈ ਕਿ ਬੱਚਿਆਂ ਨੂੰ ਮਿਲਾਵਟੀ ‘ਤੇ ਖਰਾਬ ਖਾਣਾ ਖੁਆਇਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਇਹ ਹਾਲਤ ਹੋਈ ਹੈ। ਬੱਚੇ ਪਿਛਲੇ 5 ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਦਿੱਤਾ। ਰਾਤ ਨੂੰ ਕੁਝ ਬੱਚਿਆਂ ਦੀ ਹਾਲਤ ਖਰਾਬ ਹੋਣ ਲੱਗੀ। ਉਲਟੀਆਂ ਅਤੇ ਪੇਟ ਵਿੱਚ ਤੇਜ਼ ਦਰਦ ਹੋਣ ‘ਤੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਤੱਕ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ।


