ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ:ਗਰੇਵਾਲ Shiromani Committee will reach door to door for the release of captive Singhs: Grewal Punjabi news - TV9 Punjabi

ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ:ਗਰੇਵਾਲ

Published: 

23 Jan 2023 19:42 PM

ਭਾਈ ਗਰੇਵਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਅੰਦਰ ਵੀ ਦਸਤਖ਼ਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।

ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ:ਗਰੇਵਾਲ

ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ:ਗਰੇਵਾਲ

Follow Us On

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਲਹਿਰ ਸਿਰਜਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਹੁਣ ਪ੍ਰਚਾਰਕ ਜਥਿਆਂ ਰਾਹੀਂ ਇਸ ਨੂੰ ਪਿੰਡ ਪੱਧਰ ਤੇ ਤੱਕ ਲਿਜਾਇਆ ਜਾ ਰਿਹਾ ਹੈ। ਇਹ ਦਸਤਖ਼ਤੀ ਮੁਹਿੰਮ 1 ਦਸੰਬਰ 2022 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹੁਣ ਤੀਕ ਲੱਖਾਂ ਪ੍ਰੋਫਾਰਮੇ ਭਰੇ ਜਾ ਚੁੱਕੇ ਹਨ। ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ 90 ਦੇ ਕਰੀਬ ਕੇਂਦਰ ਸੰਗਤ ਪਾਸੋਂ ਪ੍ਰੋਫਾਰਮੇ ਭਰਵਾਉਣ ਲਈ ਕਾਰਜ ਕਰ ਰਹੇ ਹਨ।

ਹੁਣ ਇਸ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਪ੍ਰਚਾਰਕ ਜਥਿਆਂ ਰਾਹੀਂ ਪਿੰਡਾਂ ਤੱਕ ਪਹੁੰਚਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਭਾਵੇਂ ਅਰਸੇ ਤੋਂ ਵੱਖ-ਵੱਖ ਤਰੀਕਿਆਂ ਰਾਹੀਂ ਆਪਣੀ ਅਵਾਜ਼ ਉਠਾਉਂਦੀ ਆ ਰਹੀ ਹੈ, ਪਰੰਤੂ ਹੁਣ ਇਸ ਨੂੰ ਲੋਕ ਲਹਿਰ ਸਿਰਜਣ ਦੇ ਮਨੋਰਥ ਨਾਲ ਦਸਤਖ਼ਤੀ ਮੁਹਿੰਮ ਤਹਿਤ ਅੱਗੇ ਵਧਾਇਆ ਜਾ ਰਿਹਾ ਹੈ। ਭਾਵੇਂ ਕਿ ਕਾਨੂੰਨੀ ਚਾਰਾਜੋਈ ਵੀ ਜਾਰੀ ਹੈ, ਲੇਕਿਨ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਵੀ ਬੇਹੱਦ ਅਹਿਮ ਹੈ।

ਇਸੇ ਤਹਿਤ ਹੀ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹੁਣ ਤੱਕ 10 ਲੱਖ ਤੋਂ ਵੱਧ ਪ੍ਰੋਫਾਰਮੇ ਭਰੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਲਹਿਰ ਨੂੰ ਅੰਤਮ ਪੜਾਅ ਤੇ ਹੋਰ ਤੇਜ ਕਰ ਦਿੱਤਾ ਗਿਆ ਹੈ ਅਤੇ ਵਿਦਿਅਕ ਅਦਾਰਿਆਂ ਅੰਦਰ ਵਿਦਿਆਰਥੀਆਂ ਨੂੰ ਇਸ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਪੱਧਰ ਤੇ ਪ੍ਰੋਫਾਰਮੇ ਭਰਵਾਉਣ ਲਈ ਪ੍ਰਕਿਰਿਆ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਅੰਦਰ ਪਹਿਲਾਂ ਸਥਾਪਤ ਕੇਂਦਰਾਂ ਵਿਚ ਸੰਗਤਾਂ ਵੱਲੋਂ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ, ਲੇਕਿਨ ਬਹੁਤ ਸਾਰੇ ਲੋਕ ਜੋ ਗੁਰੂ ਘਰਾਂ ਵਿਚ ਆ ਕੇ ਪ੍ਰੋਫਾਰਮੇ ਨਹੀਂ ਭਰ ਸਕੇ, ਉਨ੍ਹਾਂ ਨੂੰ ਵੀ ਇਸ ਦਾ ਹਿੱਸਾ ਬਣਾਉਣ ਲਈ ਯਤਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪ੍ਰਚਾਰਕ ਜਥਿਆਂ ਵੱਲੋਂ ਜਿਥੇ ਜਿਥੇ ਵੀ ਧਰਮ ਪ੍ਰਚਾਰ ਲਹਿਰ ਤਹਿਤ ਸਮਾਗਮ ਕੀਤੇ ਜਾਂਦੇ ਹਨ, ਉਥੇ ਸੰਗਤਾਂ ਨੂੰ ਇਹ ਪ੍ਰੋਫਾਰਮੇ ਭਰਨ ਲਈ ਅਪੀਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਮੁਕੰਮਲ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤਹਿਤ ਸਮਾਂ ਨਿਰਧਾਰਤ ਕਰਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਤੇ ਇਕ ਪੱਤਰ ਸਮੇਤ ਪ੍ਰੋਫਾਰਮੇ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਜਾਣਗੇ।

ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਵੀ ਚਲਾਈ ਮੁਹਿੰਮ

ਭਾਈ ਗਰੇਵਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਅੰਦਰ ਵੀ ਦਸਤਖ਼ਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹਰਿਆਣਾ, ਹਿਮਾਂਚਲ ਪ੍ਰਦੇਸ਼, ਜੰਮੂ ਕਸ਼ਮੀਰ, ਉਤਰ ਪ੍ਰਦੇਸ਼, ਦਿੱਲੀ, ਰਾਜਿਸਥਾਨ, ਉਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਕਲਕੱਤਾ, ਛੱਤੀਸਗੜ੍ਹ ਆਦਿ ਥਾਵਾਂ ਤੇ ਸਿੱਖ ਮਿਸ਼ਨਾਂ ਰਾਹੀਂ ਪ੍ਰੋਫਾਰਮੇ ਭਰਵਾਏ ਜਾ ਰਹੇ ਹਨ।

ਇਸ ਦੇ ਨਾਲ ਹੀ ਆਨਲਾਈਨ ਤਰੀਕੇ ਨਾਲ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਚ ਲੋਕ ਦਸਤਖ਼ਤੀ ਮੁਹਿੰਮ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਨਾਗਾਲੈਂਡ ਅਤੇ ਤਾਮਿਲਨਾਡੂ ਅੰਦਰ ਵੀ ਸਵੈਇਛਕ ਤੌਰ ਤੇ ਕੁਝ ਸਮਾਜਿਕ ਸੰਗਠਨਾਂ ਨੇ ਵੀ ਪ੍ਰੋਫਾਰਮੇ ਭਰਨ ਲਈ ਵੀ ਸਹਿਯੋਗ ਕੀਤਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦੇ ਕੌਮੀ ਕਾਰਜ ਵਿਚ ਵੱਧ ਚੜ੍ਹ ਕੇ ਸਹਿਯੋਗੀ ਬਣਨ, ਤਾਂ ਜੋ ਸਰਕਾਰਾਂ ਤੱਕ ਸਿੱਖ ਬੰਦੀਆਂ ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਅਵਾਜ਼ ਪਹੁੰਚਾਈ ਜਾ ਸਕੇ।

Exit mobile version