Punjab By Elections: ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜ਼ਿਮਨੀ ਚੋਣ, ਵਰਕਿੰਗ ਕਮੇਟੀ ਨੇ ਲਿਆ ਫੈਸਲਾ

Updated On: 

24 Oct 2024 16:41 PM

Shiromani Akali Dal Denied to Contest Bypoll: ਸ਼੍ਰੋਮਣੀ ਅਕਾਲੀ ਦਲ 4 ਵਿਧਾਨ ਸਭਾ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਨਹੀਂ ਲਵੇਗਾ। ਪਾਰਟੀ ਹੈੱਡ ਕੁਆਟਰ ਵਿਖੇ ਹੋਈ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਬੈਠਕ ਦੀ ਅਗਵਾਈ ਬਲਵਿੰਦਰ ਸਿੰਘ ਭੁੰਦੜ ਨੇ ਕੀਤੀ।

Punjab By Elections: ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜ਼ਿਮਨੀ ਚੋਣ, ਵਰਕਿੰਗ ਕਮੇਟੀ ਨੇ ਲਿਆ ਫੈਸਲਾ

ਸ਼੍ਰੋਮਣੀ ਅਕਾਲੀ ਦਲ ਕਮੇਟੀ ਦੀ ਮੀਟਿੰਗ (ਪੁਰਾਣੀ ਤਸਵੀਰ)

Follow Us On

ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਜਾ ਰਹੀਆਂ 4 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੱਸਾ ਨਹੀਂ ਲਵੇਗਾ। ਪਾਰਟੀ ਹੈੱਡ ਕੁਆਟਰ ਵਿਖੇ ਹੋਈ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਬੀਤੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਦੀਵਾਲੀ ਅਤੇ ਬੰਦੀ ਛੋੜ ਦਿਹਾੜੇ ਤੋਂ ਬਾਅਦ ਸੁਣਾਉਣ ਦਾ ਐਲਾਨ ਕੀਤਾ ਸੀ।

ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਸੀ ਕਿ ਸੁਖਬੀਰ ਬਾਦਲ ਨਾ ਤਾਂ ਪਾਰਟੀ ਦੇ ਨਿਸ਼ਾਨ ਤੇ ਚੋਣ ਲੜ ਸਕਣਗੇ ਅਤੇ ਨਾ ਹੀ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਸਕਣਗੇ। ਅਜਿਹੀ ਸਥਿਤੀ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਸਿਆਸੀ ਨੁਕਸਾਨ ਹੋ ਸਕਦਾ ਸੀ। ਜਿਸ ਕਰਕੇ ਪਾਰਟੀ ਲੀਡਰਸ਼ਿਪ ਨੇ ਚੋਣਾਂ ਨਾ ਲੜਣ ਦਾ ਫੈਸਲਾ ਲਿਆ ਹੈ।

ਵਰਕਰ ਚਾਹੁੰਦੇ ਸੀ ਸੁਖਬੀਰ ਬਾਦਲ ਚੋਣ ਲੜਣ

ਅਕਾਲੀ ਦਲ ਦੇ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗਿੱਦੜਵਾਹਾ ਹਲਕੇ ਦੇ ਵਰਕਰ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜਣ। ਪਰ ਪਾਰਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰੇਗੀ। ਚੀਮਾ ਨੇ ਮੰਨਿਆ ਕਿ ਚੋਣਾਂ ਵਿੱਚ ਨਾ ਉੱਤਰਣ ਕਾਰਨ ਪਾਰਟੀ ਨੂੰ ਨੁਕਸਾਨ ਹੋਵੇਗਾ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦਾ ਹੋਇਆ ਇਹ ਨੁਕਸਾਨ ਵੀ ਚੱਲਣ ਲਈ ਤਿਆਰ ਹੈ।

ਅਸੀਂ ਫੈਸਲੇ ਦੀ ਕਰ ਰਹੇ ਹਾਂ ਉਡੀਕ

ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 30 ਤਰੀਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਬੁਲਾਇਆ ਸੀ ਅਤੇ ਉਹ 31 ਨੂੰ ਹੀ ਪੇਸ਼ ਹੋ ਗਏ ਸਨ। ਹੁਣ ਪਾਰਟੀ ਅਤੇ ਸਾਰੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉਮੀਦਵਾਰ ਲਈ ਵੀ ਮੈਂਬਰਾਂ ਨਾਲ ਗੱਲਬਾਤ ਕਰਕੇ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ।

1992 ਵਿੱਚ ਅਕਾਲੀ ਦਲ ਨੇ ਕੀਤਾ ਸੀ ਬਾਈਕਾਟ

ਸ਼੍ਰੋਮਣੀ ਅਕਾਲੀ ਦਲ ਨੇ 26 ਉਮੀਦਵਾਰਾਂ ਦੇ ਮਾਰੇ ਜਾਣ ਤੋਂ ਬਾਅਦ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ। ਸੋਹਨ ਸਿੰਘ ਠੰਡਲ ਦੇ ਪਾਰਟੀ ਛੱਡਣ ਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਆਪਣੀ ਪਾਰਟੀ ਦਾ ਨਹੀਂ ਹੋ ਸਕਿਆ ਉਹ ਲੋਕਾਂ ਦਾ ਕਿਵੇਂ ਬਣੇਗਾ। ਉਹਨਾਂ ਨੇ ਕਿਹਾ ਕਿ ਲੋਕ ਸਭ ਦੇਖ ਰਹੇ ਹਨ ਅਤੇ ਉਹੀ ਫੈਸਲਾ ਕਰਨਗੇ।

ਅਕਾਲੀ ਦਲ ਤੇ ਕੋਈ ਰੋਕ ਨਹੀਂ- ਗਿਆਨੀ ਰਘਬੀਰ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਚੋਣ ਲੜ ਸਕਦਾ ਹੈ। ਪਰ ਰੋਕ ਸਿਰਫ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੋਂ ਬਾਅਦ ਤਨਖਾਈਆਂ ਕਰਾਰ ਦਿੱਤੇ ਗਏ ਹਨ। ਕਿਉਂਕਿ ਜੋ ਤਨਖਾਹੀਆਂ ਹੁੰਦਾ ਹੈ ਉਹ ਚੋਣ ਨਹੀਂ ਲੜ ਸਕਦਾ ਹੈ।

ਆਪ ਦਾ ਅਕਾਲੀ ਦਲ ਤੇ ਤਿੱਖਾ ਹਮਲਾ

ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਪਵਨ ਕੁਮਾਰ ਟੀਨੂ ਨੇ ਅਕਾਲੀ ਦਲ ਤੇ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਚਾਰਾਂ ਸੀਟਾਂ ਤੇ ਚੋਣਾਂ ਨਾ ਲੜਣਾ ਦਰਸਾਉਂਦਾ ਹੈ ਕਿ ਇਹ ਬੀਜੇਪੀ ਕੋਲੋਂ ਡਰ ਗਏ ਹਨ। ਕਾਂਗਰਨ ਨੇ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕੀਤਾ। ਉਨ੍ਹਾਂ ਕਿਹਾ ਆਪਣੇ ਨਿੱਜੀ ਹਿੱਤਾ ਕਰਕੇ ਅੱਜ ਅਕਾਲੀ ਦਲ ਨਿਘਾਰ ਵੱਲ ਚਲਾ ਗਿਆ ਹੈ। ਇਨ੍ਹਾਂ ਚਾਰੋਂ ਸੀਟਾਂ ਤੇ ਅਕਾਲੀ ਦਲ ਦਾ ਦਬਦਬਾ ਸੀ। ਅੱਜ ਪੰਜਾਬ ਦਾ ਸੈਮੀਫਾਈਨਲ ਮੰਨੇ ਜਾ ਰਹੇ ਇਨ੍ਹਾਂ ਇਲੈਕਸ਼ਨ ਵਿੱਚ ਆਮ ਆਦਮੀ ਪਾਰਟੀ ਪੂਰੇ ਬਹੁਮਤ ਨਾਲ ਜਿੱਤੇਗੀ।