ਗਿਆਨੀ ਹਰਪ੍ਰੀਤ ਸਿੰਘ ਹੱਥ ਨਵੇਂ ਅਕਾਲੀ ਦਲ ਦੀ ਕਮਾਨ, ਭਰਤੀ ਕਮੇਟੀ ਨੇ ਕੀਤਾ ਐਲਾਨ
Giani Harpreet Singh Shiromani Akali Dal President: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ, ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਇਜਲਾਸ ਬੁਲਾਇਆ ਗਿਆ ਸੀ। ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਗਠਿਤ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜਾ) ਦਾ ਪ੍ਰਧਾਨ ਚੁਣ ਲਿਆ ਹੈ। ਭਰਤੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਮਿਲ ਕੇ ਅੱਜ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਇਜਲਾਸ ਕੀਤਾ ਤੇ ਨਵੇਂ ਪ੍ਰਧਾਨ ਦਾ ਐਲਾਨ ਕੀਤਾ।
ਭਰਤੀ ਕਮੇਟੀ ਦੇ ਸਾਰੇ ਪੰਜ ਮੈਂਬਰਾਂ ਮਨਪ੍ਰੀਤ ਸਿੰਘ ਅਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ ਤੇ ਸਤਵੰਤ ਕੌਰ ਨੇ ਸਰਬਸੰਮਤੀ ਨਾਲ ਫੈਸਲਾ ਲੈਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਮੋਹਰ ਲਗਾਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ, ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਇਜਲਾਸ ਬੁਲਾਇਆ ਸੀ। ਸੂਤਰਾਂ ਮੁਤਾਬਕ ਹੁਣ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਇਸ ਦੇ ਚੋਣ ਨਿਸ਼ਾਨ ਤੱਕੜੀ ਤੇ ਦਾਅਵਾ ਕਰਦੇ ਹੋਏ, ਖੁਦ ਨੂੰ ਅਸਲੀ ਅਕਾਲੀ ਦਲ ਐਲਾਨ ਕਰ ਸਕਦਾ ਹੈ।
ਬੀਬੀ ਸਤਵੰਤ ਕੌਰ ਧਾਰਮਿਕ ਕੌਸਲ ਦੇ ਚੇਅਰਪਰਸਨ ਚੁਣੇ ਗਏ
ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ‘ਚ ਇਜਲਾਸ ਤੋਂ ਬਾਅਦ ਭਰਤੀ ਕਮੇਟੀ ਦੇ ਮੈਂਬਰ ਗਿਆਨੀ ਹਰਪ੍ਰੀਤ ਸਿੰਘ ਨੇ ਕਮੇਟੀ ਦੇ ਫੈਸਲੇ ਨੂੰ ਪੜ੍ਹਦੇ ਹੋਏ ਦੱਸਿਆ ਕਿ ਬੀਬੀ ਸਤਵੰਤ ਕੌਰ ਨੂੰ ਧਾਰਮਿਕ ਕੌਂਸਲ ਦਾ ਚੇਅਰਪਰਸਨ ਚੁਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਹ ਲੰਬਾ ਹੈ ਤੇ ਔਖਾ ਹੈ, ਪਰ ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਦਫ਼ਤਰਾਂ ‘ਚ ਬੈਠੇ ਲੋਕ ਸਵਾਲ ਕਰਦੇ ਸਨ ਕਿ ਸੁਖਬੀਰ ਬਾਦਲ ਦੀ ਥਾਂ ਹੋਰ ਕੌਣ? ਤਾਂ ਅੱਜ ਪਤਾ ਚੱਲ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਸਾਡੇ ਪ੍ਰਧਾਨ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਹਿੰਦੇ ਸਨ ਕਿ ਪੰਥ ਕੋਲ ਕੋਈ ਆਗੂ ਨਹੀਂ। ਅਸੀਂ ਗਿਆਨੀ ਹਰਪ੍ਰੀਤ ਸਿੰਘ ਤੇ ਬੀਬੀ ਸਤਵੰਤ ਕੌਰ ਦਾ ਸਾਥ ਦੇਵਾਂਗੇ।
ਇਹ ਵੀ ਪੜ੍ਹੋ
ਅਰਸ਼ਦੀਪ ਕਲੇਰ ਨੇ ਸਾਧਿਆ ਨਿਸ਼ਾਨਾ
ਭਰਤੀ ਕਮੇਟੀ ਦੁਆਰਾ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਧੜੇ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਬਾਗੀ ਧੜੇ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸੱਚ ਸਾਹਮਣੇ ਆ ਗਿਆ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ‘ਤੇ ਏਜੰਸੀਆਂ ਦਾ ਕਬਜ਼ਾ ਕਰਵਾਉਣ ਲਈ ਸਾਜ਼ਿਸ਼ ਰਚੀ ਗਈ।
ਉਨ੍ਹਾਂ ਨੇ ਕਿਹਾ ਕਿ ਇਹ ਸਾਹਮਣੇ ਆ ਗਿਆ ਕਿ ਕਿਵੇਂ ਤਖ਼ਤ ਸਾਹਿਬਾਨਾਂ ਨੂੰ ਸਾਜ਼ਿਸ਼ ਲਈ ਵਰਤਿਆ ਗਿਆ। ਉਨ੍ਹਾਂ ਨੇ ਕਿਹਾ ਕਿ ਦੁਨਿਆਵੀ ਅਦਾਲਤਾਂ ‘ਚ ਵੀ ਅਜਿਹਾ ਨਹੀਂ ਹੁੰਦਾ ਕਿ ਜੱਜ ਹੀ ਦੋ ਭਰਾਵਾਂ ਦੀ ਲੜਾਈ ‘ਚ ਹਿੱਸੇਦਾਰ ਨਹੀਂ ਬਣ ਜਾਂਣ। ਉਨ੍ਹਾਂ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਖੁਦ ਜਥੇਦਾਰ ਸਨ। ਉਨ੍ਹਾਂ ਨੇ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ੀਮ ਨੂੰ ਬੁਲਾਇਆ, ਸਜ਼ਾ ਸੁਣਾਈ ਤੇ ਹੁਣ ਆਪ ਹੀ ਪ੍ਰਧਾਨ ਬਣ ਕੇ ਬਹਿ ਗਏ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਨੇ ਫਸੀਲ ਤੋਂ ਧੜਿਆਂ ਦੀ ਰਾਜਨੀਤੀ ਨੂੰ ਨਕਾਰਿਆ ਦੇ ਹੁਣ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਗਏ।
