ਸੀਨੀਅਰ ਅਕਾਲੀ ਆਗੂ ਤਿੰਨ ਦੇ ਰਿਮਾਂਡ ‘ਤੇ, ਵਿਜੀਲੈਂਸ ਪਤਨੀ ਤੇ ਬੇਟੇ ਤੋਂ ਵੀ ਕਰੇਗੀ ਪੁੱਛਗਿੱਛ
ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਖਿਲਾਫ ਹੁਣ ਸ਼ਿਕੰਜਾ ਕੱਸਿਆ ਗਿਆ ਹੈ। ਅਦਾਲਤ ਨੇ ਉਸਨੂੰ ਤਿੰਨ ਦਿਨ ਦੇ ਰਿਮਾਂਡ ਤੇ ਭੇਜਿਆ ਹੈ ਜਿੱਥੇ ਪੁਲਿਸ ਵਾਹਿਦ ਤੋਂ ਪੁੱਛਗਿੱਛ ਕਰੇਗੀ। ਦਰਅਸਲ ਅਕਾਲੀ ਆਗੂ 'ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਵੱਡੇ ਪੱਧਰ ਕਿਸਾਨਾਂ ਦੀ ਪੇਮੈਂਟ ਨਹੀਂ ਦਿੱਤੀ। ਇਸਦੇ ਲਈ ਕਿਸਾਨਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ। ਪਰ ਹੁਣ ਵਾਹਿਦ 'ਤੇ ਪੰਜਾਬ ਸਰਕਾਰ ਨੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਨਿਊਜ। ਪੰਜਾਬ ਦੇ ਸੀਨੀਅਰ ਅਕਾਲੀ ਆਗੂ (Senior Akali leader) ਅਤੇ ਫਗਵਾੜਾ ਸ਼ੂਗਰ ਮਿੱਲ ਦੇ ਮਾਲਕ ਜਰਨੈਲ ਸਿੰਘ ਵਾਹਿਦ ਨੂੰ ਉਨ੍ਹਾਂ ਦੇ ਪੁੱਤਰ ਅਤੇ ਪਤਨੀ ਸਮੇਤ ਵਿਜੀਲੈਂਸ ਟੀਮ ਨੇ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿਸ ਤੋਂ ਬਾਅਦ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਵਕੀਲ ਐਡਵੋਕੇਟ ਰਾਜੀਵ ਪੁਰੀ ਨੇ ਵੀ ਕੀਤੀ ਹੈ। ਦੱਸ ਦਈਏ ਕਿ ਵਿਜੀਲੈਂਸ ਟੀਮ ਨੇ ਬੀਤੇ ਦਿਨ ਕਪੂਰਥਲਾ ਦੇ ਫਗਵਾੜਾ ਇਲਾਕੇ ‘ਚ ਹੁਸ਼ਿਆਰਪੁਰ ਰੋਡ ‘ਤੇ ਸਥਿਤ ਜਰਨੈਲ ਸਿੰਘ ਵਾਹਿਦ ਦੇ ਘਰ ਛਾਪਾ ਮਾਰ ਕੇ ਜਰਨੈਲ ਸਿੰਘ ਵਾਹਿਦ ਨੂੰ ਉਸ ਦੀ ਪਤਨੀ ਅਤੇ ਬੇਟੇ ਸਮੇਤ ਗ੍ਰਿਫਤਾਰ ਕੀਤਾ ਸੀ।
ਜਰਨੈਲ ਸਿੰਘ ਵਾਹਿਦ ਫਗਵਾੜਾ ਸ਼ੂਗਰ ਮਿੱਲ (Phagwara Sugar Mill) ਵਿੱਚ 25 ਫੀਸਦੀ ਹਿੱਸੇਦਾਰ ਸੀ। ਜਦਕਿ ਉਸ ਦੇ ਸਾਥੀ ਸੁਖਬੀਰ ਸਿੰਘ ਸੰਧਰ ਦੀ 50 ਫੀਸਦੀ ਹਿੱਸੇਦਾਰੀ ਸੀ। ਵਿਜੀਲੈਂਸ ਸੁਖਬੀਰ ਸੰਧਰ ਦੀ ਵੀ ਭਾਲ ਕਰ ਰਹੀ ਹੈ ਅਤੇ ਸੂਤਰਾਂ ਦੀ ਮੰਨੀਏ ਤਾਂ ਉਹ ਵਿਦੇਸ਼ ‘ਚ ਹੈ। ਦੋਸ਼ ਹੈ ਕਿ ਫਗਵਾੜਾ ਸ਼ੂਗਰ ਮਿੱਲ ਨੇ ਕਿਸਾਨਾਂ ਦੇ 42 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਬੈਂਕਾਂ ਦਾ 92 ਕਰੋੜ ਰੁਪਏ ਦਾ ਵੀ ਬਕਾਇਆ ਹੈ। 2021 ਵਿੱਚ ਖੰਡ ਮਿੱਲਾਂ ਨਾਲ ਜੁੜੇ ਲੋਕਾਂ ਦੀਆਂ ਜਾਇਦਾਦਾਂ ਪਹਿਲਾਂ ਹੀ ਕੁਰਕ ਕੀਤੀਆਂ ਜਾ ਚੁੱਕੀਆਂ ਹਨ।
4 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ
ਜਰਨੈਲ ਸਿੰਘ ਵਾਹਿਦ ਦੇ ਵਕੀਲ ਐਡਵੋਕੇਟ ਰਾਜੀਵ ਪੁਰੀ ਨੇ ਦੱਸਿਆ ਕਿ ਡੀਐਸਪੀ ਵਿਜੀਲੈਂਸ ਜਤਿੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਐਤਵਾਰ ਨੂੰ ਜੱਜ ਸੁਪ੍ਰੀਤ ਕੌਰ ਦੀ ਰਿਹਾਇਸ਼ ਤੇ ਪੇਸ਼ ਕੀਤਾ। ਜਿੱਥੇ ਸਰਕਾਰੀ ਵਕੀਲ ਵਿਸ਼ਾਲ ਆਨੰਦ ਅਤੇ ਮਨੋਜ ਨਾਹਰ ਨੇ 4 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ। ਪਰ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ।