ਨਿਆਂਇਕ ਹਿਰਾਸਤ ‘ਚ ਭੇਜੇ ਗਏ ਸਾਧੂ ਸਿੰਘ ਧਰਮਸੋਤ
ਵਿਜੀਲੈਂਸ ਨੇ ਧਰਮਸੋਤ ਦੀ ਮੁੱੜ ਤੋਂ ਚਾਰ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਵਿਜੀਲੈਂਸ ਨੂੰ ਰਿਮਾਂਡ ਦੇ ਕੇ ਸਾਧੂ ਸਿੰਘ ਧਰਮਸੋਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਚੰਡੀਗੜ੍ਹ। ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਵਿਜੀਲੈਂਸ ਨੇ ਦੁਬਾਰਾ ਤੋਂ ਚਾਰ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਅਦਾਲਤ ਨੇ ਵਿਜੀਲੈਂਸ ਨੂੰ ਰਿਮਾਂਡ ਦੇ ਕੇ ਸਾਧੂ ਸਿੰਘ ਧਰਮਸੋਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਸਰੋਤਾਂ ਨਾਲੋਂ 269 ਪ੍ਰਤੀਸ਼ਤ ਵੱਧ ਆਮਦਨ
ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਕੇ ਵਿਜੀਲੈਂਸ ਬਿਊਰੋ ਰੇਂਜ ਦੇ ਪੁਲਿਸ ਥਾਣਾ ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੀਤੀ ਗਈ ਪੜਤਾਲ ਦੌਰਾਨ ਧਰਮਸੋਤ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2, 37, 12, 596.48/- ਰੁਪਏ ਸੀ ਜਦਕਿ ਖਰਚਾ ਅੱਠ ਕਰੋੜ 76 ਲੱਖ 30 ਹਜਾਰ 888.87/- ਰੁਪਏ ਸੀ, ਜਿਸ ਦੇ ਮੁਤਾਬਕ, ਛੇ ਕਰੋੜ 39 ਲੱਖ 18 ਹਜਾਰ 292.39/- ਰੁਪਏ ਵੱਧ ਸੀ। ਭਾਵ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲੋਂ 269 ਪ੍ਰਤੀਸ਼ਤ ਵੱਧ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਮੰਤਰੀ ਦੀ ਹੋਰ ਜਾਇਦਾਦ ਦਾ ਪਤਾ ਲਗਾਉਣ ਲਈ ਅੱਗਲੇਰੀ ਜਾਂਚ ਜਾਰੀ ਹੈ।
ਸਕਾਲਰਸ਼ਿਪ ਘੁਟਾਲੇ ਚ ਵੀ ਜ਼ਮਾਨਤ ਤੇ ਹਨ ਧਰਮਸੋਤ
ਬੀਤੇ ਸਾਲ ਵੀ 2022 ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜੂਨ 2022 ਵਿੱਚ ਧਰਮਸੋਤ ਨੂੰ ਵਜ਼ੀਫ਼ਾ ਘੁਟਾਲੇ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਘਪਲਾ 60 ਕਰੋੜ ਤੋਂ ਵੱਧ ਦਾ ਹੈ। ਉਨ੍ਹਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ ਵਜ਼ੀਫੇ ਚ ਬੇਨਿਯਮੀਆਂ ਦੇ ਦੋਸ਼ ਲੱਗੇ ਸਨ।