ਰਾਜਸਥਾਨ ਤੋਂ ਰਾਜ ਸਭਾ ਜਾਣਗੇ ਰਵਨੀਤ ਬਿੱਟੂ, ਨਾਮਜ਼ਦਗੀ ਦਾਖਲ ਕਰਨ ਦਾ ਕੱਲ੍ਹ ਆਖਰੀ ਦਿਨ
Ravneet Singh Bittu: ਰਾਜਸਥਾਨ ਦੇ ਨਾਲ-ਨਾਲ ਹਰਿਆਣਾ ਦੇ ਰੋਹਤਕ ਤੋਂ ਦੀਪੇਂਦਰ ਹੁੱਡਾ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਉੱਥੇ ਵੀ ਇਹ ਸੀਟ ਖਾਲੀ ਹੋ ਗਈ ਹੈ ਅਤੇ ਇਸ ਸੀਟ 'ਤੇ ਵੀ ਚੋਣਾਂ ਹੋ ਰਹੀਆਂ ਹਨ। ਇਸ ਸੀਟ ਲਈ ਪਹਿਲਾਂ ਰਵਨੀਤ ਬਿੱਟੂ ਦਾ ਨਾਂ ਸਾਹਮਣੇ ਆਇਆ ਸੀ। ਪਰ ਵੱਧਦੇ ਵਿਰੋਧ ਨੂੰ ਦੇਖਦਿਆਂ ਭਾਜਪਾ ਹੁਣ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਵਿੱਚ ਭੇਜ ਰਹੀ ਹੈ।
ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਾਰੀਕ ਕੱਲ੍ਹ ਯਾਨੀ 21 ਅਗਸਤ ਹੈ। ਅਜਿਹੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਵਿੱਚ ਭੇਜਿਆ ਜਾ ਰਿਹਾ ਹੈ। ਭਾਜਪਾ ਹਾਈਕਮਾਂਡ ਦੀ ਮੀਟਿੰਗ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਹਰਿਆਣਾ ਤੋਂ ਚੋਣ ਲੜਨ ਦੀਆਂ ਅਟਕਲਾਂ ਵੀ ਲਾਈਆਂ ਜਾ ਰਹੀਆਂ ਸਨ।
ਲੁਧਿਆਣਾ ਤੋਂ ਦੋ ਵਾਰ ਸਾਂਸਦ ਰਹਿ ਚੁੱਕੇ ਰਵਨੀਤ ਬਿੱਟੂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਰਵਨੀਤ ਸਿੰਘ ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਪੁੱਤਰ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ ਪਰ ਉਨ੍ਹਾਂ ਨੂੰ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਜਪਾ ਨੇ ਪੰਜਾਬ ਵਿੱਚੋਂ ਕਿਸੇ ਹੋਰ ਨੂੰ ਚੁਣ ਕੇ ਮੋਦੀ 3.0 ਵਿੱਚ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਹੈ। ਜਿਸ ਤੋਂ ਬਾਅਦ ਉਨ੍ਹਾਂ ਲਈ ਰਾਜ ਸਭਾ ਜਾਣਾ ਅਤੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਾ ਬਹੁਤ ਜ਼ਰੂਰੀ ਹੈ।
ਪੰਜਾਬ ਵਿੱਚ 2028 ਤੋਂ ਪਹਿਲਾਂ ਕੋਈ ਸੀਟ ਖਾਲੀ ਨਹੀਂ
ਪੰਜਾਬ ਨੂੰ ਛੱਡ ਕੇ 9 ਰਾਜਾਂ ਦੀਆਂ 12 ਸੀਟਾਂ ਲਈ ਰਾਜ ਸਭਾ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ 2028 ਤੋਂ ਪਹਿਲਾਂ ਇੱਥੇ 7 ਸੀਟਾਂ ਵਿੱਚੋਂ ਕੋਈ ਵੀ ਖਾਲੀ ਨਹੀਂ ਹੋਵੇਗੀ। ਅਜਿਹੇ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਸੀਟ ਲਈ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।
ਜਦਕਿ ਰਾਜਸਥਾਨ ਤੋਂ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਪੂਨੀਆ ਅਤੇ ਅਰੁਣ ਚਤੁਰਵੇਦੀ, ਸਾਬਕਾ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ, ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਅਲਕਾ ਗੁਰਜਰ ਅਤੇ ਸਾਬਕਾ ਸੰਸਦ ਮੈਂਬਰ ਸੀਆਰ ਚੌਧਰੀ ਦੇ ਨਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ
ਕਈ ਰਾਜਾਂ ਵਿੱਚ ਹਨ ਰਾਜਸਭਾ ਚੋਣਾਂ
ਹਰਿਆਣਾ ਤੋਂ ਇਲਾਵਾ ਮਹਾਰਾਸ਼ਟਰ, ਮੱਧ ਪ੍ਰਦੇਸ਼, ਬਿਹਾਰ, ਉੜੀਸਾ, ਤੇਲੰਗਾਨਾ, ਤ੍ਰਿਪੁਰਾ, ਰਾਜਸਥਾਨ, ਅਸਾਮ ਦੀਆਂ ਖਾਲੀ ਸੀਟਾਂ ‘ਤੇ ਚੋਣਾਂ ਹੋਣੀਆਂ ਹਨ। ਅਸਾਮ, ਬਿਹਾਰ ਅਤੇ ਮਹਾਰਾਸ਼ਟਰ ਵਿੱਚ ਦੋ-ਦੋ ਸੀਟਾਂ ਖਾਲੀ ਹੋ ਰਹੀਆਂ ਹਨ। ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ, ਤ੍ਰਿਪੁਰਾ, ਤੇਲੰਗਾਨਾ ਅਤੇ ਉੜੀਸਾ ਤੋਂ ਇਕ-ਇਕ ਸੀਟ ਖਾਲੀ ਹੋ ਰਹੀ ਹੈ। 12 ‘ਚੋਂ 10 ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ ਕਿਉਂਕਿ ਲੋਕ ਸਭਾ ਲਈ ਮੈਂਬਰ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ ਜਦਕਿ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ।