ਵਿਰੋਧ ਮਗਰੋਂ ਪੰਜਾਬੀ ਯੂਨੀਵਰਸਿਟੀ ਦਾ ਵੱਡਾ ਫੈਸਲਾ, ਫ਼ੀਸ ਵਾਧਾ ਅੰਸ਼ਕ ਤੌਰ ਤੇ ਲਿਆ ਵਾਪਸ
ਯੂਨੀਵਰਸਿਟੀ ਵੱਲੋਂ ਫੀਸ ਵਾਧੇ ਨੂੰ ਅੰਸ਼ਕ ਤੌਰ 'ਤੇ ਵਾਪਸ ਲੈਣ ਤੋਂ ਬਾਅਦ ਹੁਣ ਫੀਸਾਂ 'ਚ ਪ੍ਰਭਾਵੀ ਵਾਧਾ ਲਗਭਗ 7.5 ਫੀਸਦੀ ਰਹਿ ਗਿਆ ਹੈ। ਇਹ ਵਾਧਾ ਕਰੀਬ ਪੰਜ ਸਾਲ ਦੇ ਅੰਤਰਾਲ ਤੋਂ ਬਾਅਦ ਕੀਤਾ ਗਿਆ ਹੈ।
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਫੀਸਾਂ ‘ਚ ਕੀਤੇ ਵਾਧੇ ਨੂੰ ਅੰਸ਼ਕ ਤੌਰ ਤੇ ਵਾਪਸ ਲੈ ਲਿਆ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਪ ਸਿੰਘ ਨੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਲੰਬੇ ਸਮੇਂ ਤੋਂ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੀ ਸੀ। ਇਸੇ ਕਾਰਨ ਕਰੀਬ ਪੰਜ ਸਾਲ ਬਾਅਦ ਟਿਊਸ਼ਨ ਤੇ ਹੋਸਟਲ ਫੀਸਾਂ ‘ਚ ਸੀਮਤ ਵਾਧਾ ਕੀਤਾ ਗਿਆ ਸੀ।
ਪੰਜ ਸਾਲ ਬਾਅਦ ਕੀਤਾ ਗਿਆ ਸੀ ਫੀਸਾਂ ‘ਚ ਵਾਧਾ
ਵਾਈਸ ਚਾਂਸਲਰ ਮੁਤਾਬਕ ਫੀਸਾਂ ਵਿੱ’ ਕੀਤਾ ਗਿਆ ਵਾਧਾ ਮਹਿੰਗਾਈ ਤੇ ਖਪਤਕਾਰ ਮੁੱਲ ਸੂਚਕ ਅੰਕ ‘ਚ ਹੋਏ ਕੁੱਲ ਵਾਧੇ ਦੇ ਮੁਕਾਬਲੇ ਕਾਫ਼ੀ ਘੱਟ ਸੀ। ਹੋਸਟਲ ਫ਼ੀਸ ‘ਚ ਬਦਲਾਅ ਕਰਨ ਤੋਂ ਪਹਿਲਾਂ ਹੋਰ ਸੂਬੇ ਦੀਆਂ ਯੂਨੀਵਰਸਿਟੀਆਂ ਦੀਆਂ ਫੀਸਾਂ ਨਾਲ ਤੁਲਨਾ ਵੀ ਕੀਤੀ ਗਈ ਸੀ। ਇਸ ਤੁਲਨਾ ਦੌਰਾਨ ਪੰਜਾਬੀ ਯੂਨੀਵਰਸਿਟੀ ਦੀਆਂ ਫੀਸਾਂ ਹੋਰ ਯੂਨੀਵਰਸਿਟੀਆਂ ਦੇ ਮੁਕਾਬਲੇ ਘੱਟ ਪਾਈਆਂ ਗਈਆਂ ਸਨ।
ਹੁਣ ਲਗਭਗ 7.5 ਫੀਸਦੀ ਰਹਿ ਗਿਆ ਪ੍ਰਭਾਵੀ ਵਾਧਾ
ਯੂਨੀਵਰਸਿਟੀ ਵੱਲੋਂ ਫੀਸ ਵਾਧੇ ਨੂੰ ਅੰਸ਼ਕ ਤੌਰ ‘ਤੇ ਵਾਪਸ ਲੈਣ ਤੋਂ ਬਾਅਦ ਹੁਣ ਫੀਸਾਂ ‘ਚ ਪ੍ਰਭਾਵੀ ਵਾਧਾ ਲਗਭਗ 7.5 ਫੀਸਦੀ ਰਹਿ ਗਿਆ ਹੈ। ਇਹ ਵਾਧਾ ਕਰੀਬ ਪੰਜ ਸਾਲ ਦੇ ਅੰਤਰਾਲ ਤੋਂ ਬਾਅਦ ਕੀਤਾ ਗਿਆ ਹੈ।
ਜਗਦੀਪ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀ ਭਲਾਈ ਹਮੇਸ਼ਾ ਯੂਨੀਵਰਸਿਟੀ ਦੀ ਨੀਤੀ ਦਾ ਕੇਂਦਰ ਬਿੰਦੂ ਰਹੀ ਹੈ। ਯੂਨੀਵਰਸਿਟੀ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰਨ ਦੇ ਨਾਲ-ਨਾਲ ਸਿੱਖਿਆ ਤੇ ਖੋਜ ਦੀ ਗੁਣਵੱਤਾ ‘ਚ ਸੁਧਾਰ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਇਹ ਵੀ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਕੋਈ ਵੀ ਯੋਗ ਵਿਦਿਆਰਥੀ ਆਰਥਿਕ ਕਾਰਨਾਂ ਕਰਕੇ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ।
