ਧਰਤੀ ਹੇਠਲਾ ਪਾਣੀ ਬਚਾਉਣ ਲਈ ਤੇਲੰਗਾਨਾ ਮਾਡਲ ਲਾਗੂ ਕਰੇਗਾ ਪੰਜਾਬ

Published: 

16 Feb 2023 18:57 PM

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਡੇ ਕਿਸਾਨਾਂ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਤੇਲੰਗਾਨਾ ਦੇ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਵਿੱਚ ਅਪਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ।

ਧਰਤੀ ਹੇਠਲਾ ਪਾਣੀ ਬਚਾਉਣ ਲਈ ਤੇਲੰਗਾਨਾ ਮਾਡਲ ਲਾਗੂ ਕਰੇਗਾ ਪੰਜਾਬ

ਧਰਤੀ ਹੇਠਲਾ ਪਾਣੀ ਬਚਾਉਣ ਲਈ ਤੇਲੰਗਾਨਾ ਮਾਡਲ ਲਾਗੂ ਕਰੇਗਾ ਪੰਜਾਬ। Punjab will implement the Telangana model to save groundwater

Follow Us On

ਚੰਡੀਗੜ੍ਹ : ਪੰਜਾਬ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਵੱਡੀ ਪੁਲਾਂਘ ਪੁੱਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇਸ ਕੀਮਤੀ ਕੁਦਰਤੀ ਸਰੋਤ ਦੀ ਸੰਭਾਲ ਅਤੇ ਸੂਬੇ ਵਿੱਚ ਧਰਤੀ ਹੇਠ ਪਾਣੀ ਜੀਰਣ ਦੀ ਰਫ਼ਤਾਰ ਤੇਜ਼ ਕਰਨ ਲਈ ਤੇਲੰਗਾਨਾ ਮਾਡਲ ਨੂੰ ਅਪਨਾਉਣ ਦੀ ਸੰਭਾਵਨਾ ਤਲਾਸ਼ਣ ਦਾ ਐਲਾਨ ਕੀਤਾ ਹੈ।

ਤੇਲੰਗਾਨਾ ਮਾਡਲ ਦਾ ਵਿਸ਼ਲੇਸ਼ਣ

ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਜਲ ਸੰਭਾਲ ਦੇ ਤੇਲੰਗਾਨਾ ਮਾਡਲ ਦਾ ਵਿਸ਼ਲੇਸ਼ਣ ਕਰਨ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਕ੍ਰਾਂਤੀਕਾਰੀ ਮਾਡਲ ਹੈ, ਜਿਸ ਦਾ ਮੰਤਵ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਲਈ ਪਾਣੀ ਨੂੰ ਜੀਰਣ ਦੀ ਰਫ਼ਤਾਰ ਤੇਜ਼ ਕਰਨਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸਰਕਾਰ ਨੇ ਸੂਬੇ ਭਰ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ ਵਿੱਚ ਛੋਟੇ-ਛੋਟੇ ਡੈਮ ਬਣਾਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦੋ ਮੀਟਰ ਤੱਕ ਉੱਪਰ ਆ ਗਿਆ ਹੈ।

ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨਾ ਸਮੇਂ ਦੀ ਲੋੜ

ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾਉਣ ਲਈ ਇਸ ਮਾਡਲ ਨੂੰ ਪੰਜਾਬ ਵਿੱਚ ਲਾਗੂ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਦੇ ਵਿਸ਼ਲੇਸ਼ਣ ਦਾ ਸਾਡਾ ਇਕੋ-ਇਕ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਲਈ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣਾ ਹੈ।

ਭਗਵੰਤ ਮਾਨ ਨੂੰ ਡੈਮਾਂ ਦੇ ਦੌਰੇ ਦੌਰਾਨ ਤੇਜ਼ੀ ਨਾਲ ਘਟ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀਆਂ ਨਵੀਆਂ ਤਕਨੀਕਾਂ ਬਾਰੇ ਵੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਪਾਣੀ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਦੇ ਇਸ ਨਵੇਂ ਅਤੇ ਨਿਵੇਕਲੇ ਢੰਗ ਦੀ ਸ਼ਲਾਘਾ ਕੀਤੀ।

ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ

ਮੁੱਖ ਮੰਤਰੀ ਨੇ ਦੱਸਿਆ ਕਿ ਤੇਲੰਗਾਨਾ ਨੇ ਇਸ ਬਹੁ-ਪੱਖੀ ਰਣਨੀਤੀ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕ ਕੇ ਆਪਣੀ ਸਮੁੱਚੀ ਸਿੰਜਾਈ ਪ੍ਰਣਾਲੀ ਦੀ ਕਾਇਆ-ਕਲਪ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਵਿੱਚ ਮਾਈਨਰ ਸਿੰਜਾਈ ਟੈਂਕਾਂ (ਐਮ.ਆਈ.ਟੀ.) ਦੀ ਬਹਾਲੀ, ਵੱਡੇ ਅਤੇ ਦਰਮਿਆਨੇ ਪ੍ਰਾਜੈਕਟਾਂ ਨੂੰ ਐਮ.ਆਈ. ਟੈਂਕਾਂ ਨਾਲ ਜੋੜਨਾ ਅਤੇ ਮਸਨੂਈ ਰੀਚਾਰਜ ਢਾਂਚੇ ਜਿਵੇਂ ਕਿ ਚੈੱਕ ਡੈਮ, ਪਰਕੋਲੇਸ਼ਨ ਟੈਂਕ, ਰੀਚਾਰਜ ਸ਼ਾਫਟ ਅਤੇ ਹੋਰ ਵਿਧੀਆਂ ਦਾ ਨਿਰਮਾਣ ਸ਼ਾਮਲ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਡੇ ਕਿਸਾਨਾਂ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਧਰਤੀ ਹੇਠਲੇ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਤੇਲੰਗਾਨਾ ਦੇ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਵਿੱਚ ਅਪਨਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਕਾਰਨ ਪੰਜਾਬ ਭਰ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ। ਉਨ੍ਹਾਂ ਅਫਸੋਸ ਜਤਾਇਆ ਕਿ ਸਾਡੇ 150 ਬਲਾਕਾਂ ਵਿੱਚੋਂ 78 ਫੀਸਦੀ ਤੋਂ ਵੱਧ ਜ਼ਮੀਨੀ ਪਾਣੀ ਦੇ ਹੇਠਾਂ ਜਾਣ ਕਾਰਨ ਡਾਰਕ ਜ਼ੋਨ ਵਿੱਚ ਹਨ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਸ ਕ੍ਰਾਂਤੀਕਾਰੀ ਵਿਧੀ ਨਾਲ ਪੰਜਾਬ ਜਲਦੀ ਹੀ ਆਪਣੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੇ ਯੋਗ ਹੋ ਜਾਵੇਗਾ।

Exit mobile version