ਕਰ ਵਿਭਾਗ ਵੱਲੋਂ 48 ਕਰੋੜ ਰੁਪਏ ਦੀ ਕਰ ਚੋਰੀ ਦੇ ਮਾਮਲੇ ਵਿੱਚ 4 ਗ੍ਰਿਫਤਾਰ – Punjabi News

ਕਰ ਵਿਭਾਗ ਵੱਲੋਂ 48 ਕਰੋੜ ਰੁਪਏ ਦੀ ਕਰ ਚੋਰੀ ਦੇ ਮਾਮਲੇ ਵਿੱਚ 4 ਗ੍ਰਿਫਤਾਰ

Updated On: 

31 Jan 2023 12:53 PM

ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਨਵੇਂ ਬਜਟ ਤੋਂ ਪਹਿਲਾਂ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਖੁਦ ਟੈਕਸ ਚੋਰੀ ਕਰਨ ਵਾਲਿਆਂ ਵਿਰੁੱਧ ਮਜਬੂਤੀ ਨਾਲ ਕਾਰਵਾਈ ਕਰ ਰਹੇ ਹਨ।

ਕਰ ਵਿਭਾਗ ਵੱਲੋਂ 48 ਕਰੋੜ ਰੁਪਏ ਦੀ ਕਰ ਚੋਰੀ ਦੇ ਮਾਮਲੇ ਵਿੱਚ 4 ਗ੍ਰਿਫਤਾਰ

concept image

Follow Us On

ਪੰਜਾਬ ਦੇ ਕਰ ਵਿਭਾਗ, ਪੰਜਾਬ ਦੇ ਜੀਐਸਟੀ ਵਿੰਗ ਨੇ ਕਰ ਚੋਰੀ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ 48 ਕਰੋੜ ਰੁਪਏ ਦੀ ਜੀਐਸਟੀ ਧੋਖਾਧੜੀ ਦੇ ਮਾਮਲੇ ਵਿੱਚ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਕਥਿਤ ਤੌਰ ‘ਤੇ ਲੋਹੇ ਦੇ ਸਕਰੈਪ ਨਾਲ ਸਬੰਧਤ ਫਰਜ਼ੀ ਫਰਮਾਂ ਚਲਾ ਰਹੇ ਸਨ ਅਤੇ ਇੰਨ੍ਹਾ ਅਸਲ ਮਾਲ ਦੀ ਸਪਲਾਈ ਤੋਂ ਬਿਨਾਂ ਹੀ ਸਿਰਫ ਇਨਵਾਇਸ ਜਾਰੀ ਕਰਕੇ ਧੋਖੇ ਨਾਲ ਇਨਪੁਟ ਟੈਕਸ ਕ੍ਰੈਡਿਟ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ) ਦਾ ਦਾਅਵਾ ਕਰਨ ਲਈ ਜੀ.ਐਸ.ਟੀ ਰਜਿਸਟ੍ਰੇਸ਼ਨਾਂ ਪ੍ਰਾਪਤ ਕੀਤੀਆਂ ਹੋਈਆਂ ਸਨ।

ਕਰ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਕਜ ਕੁਮਾਰ ਉਰਫ਼ ਪੰਕਜ ਆਨੰਦ ਨੂੰ ਕਥਿਤ ਤੌਰ ‘ਤੇ ਮੈਸਰਜ਼ ਪੀਕੇ ਟਰੇਡਿੰਗ ਕੰਪਨੀ, ਮੈਸਰਜ਼ ਗਗਨ ਟਰੇਡਿੰਗ ਕੰਪਨੀ, ਮੈਸਰਜ਼ ਕ੍ਰਿਸ਼ ਟਰੇਡਿੰਗ ਕੰਪਨੀ, ਮੈਸਰਜ਼ ਬਾਲਾਜੀ ਟਰੇਡਿੰਗ ਕੰਪਨੀ, ਮੈਸਰਜ਼ ਕ੍ਰਿਸ਼ ਇੰਟਰਪ੍ਰਾਈਜਿਜ਼ ਅਤੇ ਮੈਸਰਜ਼ ਪੰਕਜ ਸਕ੍ਰੈਪ ਕੰਪਨੀ, ਰਵਿੰਦਰ ਸਿੰਘ ਨੂੰ ਮੈਸਰਜ਼ ਗੁਰੂ ਹਰਿਰਾਇ ਟਰੇਡਿੰਗ ਕੰਪਨੀ, ਗੁਰਵਿੰਦਰ ਸਿੰਘ ਨੂੰ ਮੈਸਰਜ਼ ਸ਼ਿਵ ਸ਼ਕਤੀ ਇੰਟਰਪ੍ਰਾਈਜ਼ਜ਼, ਅਤੇ ਅੰਮ੍ਰਿਤਪਾਲ ਸਿੰਘ ਨੂੰ ਕਥਿਤ ਤੌਰ ‘ਤੇ ਮੈਸਰਜ਼ ਨੌਰਥ ਵੋਗ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਉਪਰੰਤ ਇੰਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚਾਰੋਂ ਮੁਲਜ਼ਮ ਜਲੰਧਰ ਦੇ ਰਹਿਣ ਵਾਲੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਮੈਸਰਜ਼ ਪੀ.ਵੀ. ਇੰਟੀਰੀਅਰ ਡੇਕੋਰ, ਜਲੰਧਰ ਬਾਰੇ ਮੁਢਲੀ ਜਾਂਚ ਕੀਤੀ ਗਈ ਸੀ, ਜਿਸ ਤੋਂ ਜਾਂਚ ਨੂੰ ਅੱਗੇ ਵਧਾਉਂਦਿਆਂ ਮੈਸਰਜ਼ ਦਸਮੇਸ਼ ਟਰੇਡਿੰਗ ਕੰਪਨੀ, ਜਲੰਧਰ, ਮੈਸਰਜ਼ ਗੁਰ ਹਰਿਰਾਇ ਟਰੇਡਿੰਗ ਕੰਪਨੀ, ਜਲੰਧਰ, ਕ੍ਰਿਸ਼ ਟਰੇਡਿੰਗ ਕੰਪਨੀ, ਜਲੰਧਰ, ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼, ਜਲੰਧਰ, ਮੈਸਰਜ਼ ਬਾਲਾਜੀ ਟਰੇਡਿੰਗ ਕੰਪਨੀ, ਮੈਸਰਜ਼ ਪੰਕਜ ਸਕ੍ਰੈਪ ਕੰਪਨੀ, ਜਲੰਧਰ, ਗਗਨ ਟ੍ਰੇਡਿੰਗ ਕੰਪਨੀ ਅਤੇ ਮੈਸਰਜ਼ ਨਾਰਥ ਵੋਗ ਕੰਪਨੀ, ਜਲੰਧਰ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਫਰਮਾਂ ਜਾਅਲੀ ਗੈਰ-ਕਾਰਜਸ਼ੀਲ ਫਰਮਾਂ ਦੇ ਗਠਜੋੜ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਧੋਖਾਧੜੀ ਨਾਲ ਆਈ.ਟੀ.ਸੀ ਦਾ ਲਾਭ ਉਠਾਇਆ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਵਿਅਕਤੀ ਸਿਰਫ ਲੋਹੇ ਅਤੇ ਪਲਾਸਟਿਕ ਦੇ ਸਕਰੈਪ ਦਾ ਵਪਾਰ ਦਿਖਾ ਰਹੇ ਸਨ ਅਤੇ ਇਸ ਦੇ ਬਦਲੇ ਉਹ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਵੈਨਾਂ, ਟਰੈਕਟਰਾਂ ਅਤੇ ਬਿਨਾਂ ਰਿਕਾਰਡ ਵਾਲੇ ਫਰਜੀ ਵਾਹਨਾਂ ਲਈ ਜਾਅਲੀ ਇਨਵਾਇਸ ਅਤੇ ਜਾਅਲੀ ਈ-ਵੇਅ ਬਿੱਲ ਤਿਆਰ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਾਅਲੀ ਆਈ.ਟੀ.ਸੀ. ਬਣਾ ਕੇ, ਇਹ ਵਿਅਕਤੀ ਉਸੇ ਬੋਗਸ ਆਈ.ਟੀ.ਸੀ ਨੂੰ ਅੰਤਮ ਕਰਦਾਤਾ ਦੀ ਜਗ੍ਹਾ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੇ ਸਨ ਜੋ ਆਪਣੀਆਂ ਕਰ ਅਦਾਇਗੀਆਂ ਤੇ ਦੇਣਦਾਰੀਆਂ ਨੂੰ ਅਦਾ ਕਰਨ ਦੀ ਬਜਾਏ ਇਸ ਬੋਗਸ ਆਈ.ਟੀ.ਸੀ. ਨਾਲ ਐਡਜਸਟ ਕਰਵਾਕੇ ਸਰਕਾਰੀ ਖਜ਼ਾਨੇ ਦੀ ਚੋਰੀ ਕਰ ਰਹੇ ਸਨ।

ਬੁਲਾਰੇ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਵਿੱਤ ਕਮਿਸ਼ਨਰ (ਕਰ) ਸ੍ਰੀ ਵਿਕਾਸ ਪ੍ਰਤਾਪ ਤੇ ਕਰ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਕਮਿਸ਼ਨਰ ਸਟੇਟ ਟੈਕਸ (ਆਡਿਟ) ਸ੍ਰੀ ਰਵਨੀਤ ਖੁਰਾਣਾ ਅਤੇ ਵਧੀਕ ਕਮਿਸ਼ਨਰ ਸਟੇਟ ਟੈਕਸ-1 (ਇਨਵੈਸਟੀਗੇਸ਼ਨ) ਸ੍ਰੀ ਵਿਰਾਜ ਐਸ. ਤਿਡਕੇ ਦੀ ਨਿਗਰਾਨੀ ਹੇਠ ਕੀਤਾ ਗਿਆ।

Exit mobile version