ਰਾਹੁਲ ਗਾਂਧੀ ਦੇ ‘ਗੱਦਾਰ’ ਵਾਲੇ ਬਿਆਨ ‘ਤੇ ਭੜਕੀ ਭਾਜਪਾ ਦੀ ਕਾਂਗਰਸ ਨੂੰ ਚੁਣੌਤੀ – ‘ਬੇਅੰਤ ਸਿੰਘ ਦੇ ਬੁੱਤ ਅੱਗੇ ਖੜ੍ਹ ਕੇ ਕਹਿ ਕੇ ਦਿਖਾਓ’

Updated On: 

06 Feb 2026 10:59 AM IST

ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 'ਗੱਦਾਰ' ਕਹੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ। ਇਸ ਬਿਆਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਣ ਕਾਂਗਰਸ 'ਤੇ ਪੂਰੀ ਤਰ੍ਹਾਂ ਹਮਲਾਵਰ ਨਜ਼ਰ ਆ ਰਹੀ ਹੈ।

ਰਾਹੁਲ ਗਾਂਧੀ ਦੇ ਗੱਦਾਰ ਵਾਲੇ ਬਿਆਨ ਤੇ ਭੜਕੀ ਭਾਜਪਾ ਦੀ ਕਾਂਗਰਸ ਨੂੰ ਚੁਣੌਤੀ - ਬੇਅੰਤ ਸਿੰਘ ਦੇ ਬੁੱਤ ਅੱਗੇ ਖੜ੍ਹ ਕੇ ਕਹਿ ਕੇ ਦਿਖਾਓ

Photo Credit: Vineet Joshi X Handle (Old Image)

ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ‘ਗੱਦਾਰ’ ਕਹੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ। ਇਸ ਬਿਆਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਹੁਣ ਕਾਂਗਰਸ ‘ਤੇ ਪੂਰੀ ਤਰ੍ਹਾਂ ਹਮਲਾਵਰ ਨਜ਼ਰ ਆ ਰਹੀ ਹੈ।

ਵੀਰਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਅਤੇ ਮੀਡੀਆ ਸਕੱਤਰ ਵਿਨੀਤ ਜੋਸ਼ੀ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ‘ਤੇ ਤਿੱਖੇ ਨਿਸ਼ਾਨੇ ਸਾਧੇ। ਦੋਵਾਂ ਆਗੂਆਂ ਨੇ ਕਾਂਗਰਸੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਪੰਜਾਬ ਕਾਂਗਰਸ ਭਵਨ ਵਿੱਚ ਲੱਗੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਸਾਹਮਣੇ ਖੜ੍ਹੇ ਹੋ ਕੇ ਇੱਕ ਵਾਰ ਕਹਿ ਦੇਣ ਕਿ ‘ਬਿੱਟੂ ਗੱਦਾਰ ਹੈ’।

ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ ‘ਤੇ ਪਲਟਵਾਰ

ਭਾਜਪਾ ਆਗੂਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉਸ ਬਿਆਨ ਦਾ ਕਰਾਰਾ ਜਵਾਬ ਦਿੱਤਾ, ਜਿਸ ਵਿੱਚ ਵੜਿੰਗ ਨੇ ਕਿਹਾ ਸੀ ਕਿ ਬਿੱਟੂ ਕਾਂਗਰਸ ਪਾਰਟੀ ਲਈ ‘ਗੱਦਾਰ’ ਹੀ ਰਹਿਣਗੇ।

ਵੜਿੰਗ ਨੇ ਇਹ ਵੀ ਤਨਜ਼ ਮਾਰਿਆ ਸੀ ਕਿ ਜੋ ਲੋਕ ਕਦੇ ਭਾਜਪਾ ਵਾਲਿਆਂ ਨਾਲ ਗੱਲ ਤੱਕ ਨਹੀਂ ਕਰਨਾ ਚਾਹੁੰਦੇ ਸਨ, ਅੱਜ ਉਹੀ ਲੋਕ ਬਿੱਟੂ ਦੇ ‘ਬੌਸ’ ਬਣ ਗਏ ਹਨ। ਵੜਿੰਗ ਨੇ ਭਾਜਪਾ ਨੂੰ ਲਤਾੜਦਿਆਂ ਬਿੱਟੂ ਦੀ ਇੱਕ ਪੁਰਾਣੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ।

ਸ਼ਹੀਦ ਬੇਅੰਤ ਸਿੰਘ ਦੀ ਕੁਰਬਾਨੀ ਦਾ ਦਿੱਤਾ ਹਵਾਲਾ

ਭਾਜਪਾ ਆਗੂਆਂ ਨੇ ਸਵਾਲ ਉਠਾਇਆ ਕਿ ਜਿਸ ਮੁੱਖ ਮੰਤਰੀ ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਬਹਾਲੀ ਅਤੇ ਅੱਤਵਾਦ ਨੂੰ ਖਤਮ ਕਰਨ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਕੀ ਉਨ੍ਹਾਂ ਦਾ ਪੋਤਾ ‘ਗੱਦਾਰ’ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਅਜਿਹਾ ਮੰਨਦੀ ਹੈ, ਤਾਂ ਫਿਰ ਬੇਅੰਤ ਸਿੰਘ ਦਾ ਬੁੱਤ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਤੋਂ ਹਟਾ ਦੇਣਾ ਚਾਹੀਦਾ ਹੈ। ਭਾਜਪਾ ਨੇ ਕਾਂਗਰਸੀਆਂ ਨੂੰ ਵਾਰ-ਵਾਰ ਵੰਗਾਰਿਆ ਕਿ ਉਹ ਸ਼ਹੀਦ ਬੇਅੰਤ ਸਿੰਘ ਦੇ ਬੁੱਤ ਸਾਹਮਣੇ ਖੜ੍ਹੇ ਹੋ ਕੇ ਉਨ੍ਹਾਂ ਦੇ ਪੋਤੇ ਨੂੰ ਗੱਦਾਰ ਕਹਿਣ ਦੀ ਹਿੰਮਤ ਦਿਖਾਉਣ।

ਰਾਹੁਲ ਗਾਂਧੀ ‘ਤੇ ਤਿੱਖੇ ਹਮਲੇ

ਪ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਰਵਨੀਤ ਬਿੱਟੂ ਕਾਂਗਰਸ ਵਿੱਚ ਸਨ, ਉਦੋਂ ਤੱਕ ਉਹ ਰਾਹੁਲ ਗਾਂਧੀ ਦੇ ਬਹੁਤ ਚੰਗੇ ਦੋਸਤ ਸਨ। ਪਰ ਹੁਣ ਜਦੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਕੇਂਦਰ ਵਿੱਚ ਰਾਜ ਮੰਤਰੀ ਬਣਾ ਕੇ ਮਾਣ ਬਖ਼ਸ਼ਿਆ ਹੈ, ਤਾਂ ਉਹ ਕਾਂਗਰਸ ਦੀਆਂ ਨਜ਼ਰਾਂ ਵਿੱਚ ਗੱਦਾਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਕੇਂਦਰ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਨੁਮਾਇੰਦਗੀ ਕਰ ਰਹੇ ਹਨ। ਰਾਹੁਲ ਗਾਂਧੀ ਵੱਲੋਂ ਉਨ੍ਹਾਂ ਲਈ ਅਜਿਹੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਨਾ ਸਮੁੱਚੇ ਪੰਜਾਬੀਆਂ ਦਾ ਅਪਮਾਨ ਹੈ।

Follow Us