Panchayat Election: ਲੁਧਿਆਣਾ ਦੇ ਪਹਿਲੇ ਪਿੰਡ ‘ਚ ਹੋਈ ਸਰਬ ਸੰਮਤੀ, ਸਾਬਕਾ ਸਰਪੰਚ ਦੀ ਪਤਨੀ ਨੂੰ ਦਿੱਤਾ ਗਿਆ ਮੌਕਾ
ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਪਿੰਡ ਕੈਂਡ ਇਲਾਕੇ ਦਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜਿੱਥੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਹੋਈ ਹੈ। ਇੱਥੇ ਸਰਬ ਸੰਮਤੀ ਦੇ ਨਾਲ ਹਰਪ੍ਰੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਉਨ੍ਹਾਂ ਦੇ ਪਤੀ ਪਿਛਲੀ ਵਾਰ ਸਰਬ ਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਗਏ ਸਨ।
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਨਾਲ ਸਿਆਸੀ ਮਾਹੌਲ ਭੱਖ ਗਿਆ ਹੈ। ਇੱਕ ਪਾਸੇ ਜਿੱਥੇ ਪਿੰਡ ਵਿੱਚ ਸਰਪੰਚ ਤੇ ਪੰਚ ਦੇ ਅਹੁਦੇ ਲਈ ਉਮੀਦਵਾਰ ਜ਼ੋਰਾ-ਸ਼ੋਰਾਂ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ,ਉੱਥੇ ਹੀ ਕਈ ਪਿੰਡਾ ਵਿੱਚ ਬਿਲਕੁਲ ਸ਼ਾਂਤਮਈ ਢੰਗ ਨਾਲ ਸਰਬ ਸੰਮਤੀ ਕਰਕੇ ਸਰਪੰਚ ਚੁਣੇ ਜਾ ਰਹੇ ਹਨ।
ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਪਿੰਡ ਕੈਂਡ ਇਲਾਕੇ ਦਾ ਪਹਿਲਾ ਅਜਿਹਾ ਪਿੰਡ ਬਣ ਗਿਆ ਹੈ, ਜਿੱਥੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਹੋਈ ਹੈ। ਇੱਥੇ ਸਰਬ ਸੰਮਤੀ ਦੇ ਨਾਲ ਹਰਪ੍ਰੀਤ ਕੌਰ ਨੂੰ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਉਨ੍ਹਾਂ ਦੇ ਪਤੀ ਪਿਛਲੀ ਵਾਰ ਸਰਬ ਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਗਏ ਸਨ, ਪਰ ਇਸ ਬਾਰੇ ਮਹਿਲਾ ਲਈ ਸੀਟ ਰਾਖਵੀਂ ਹੋਣ ਕਰਕੇ ਸਾਬਕਾ ਸਰਪੰਚ ਗੁਰਮਿੰਦਰ ਸਿੰਘ ਦੀ ਧਰਮ ਪਤਨੀ ਹਰਪ੍ਰੀਤ ਕੌਰ ਨੂੰ ਸਰਪੰਚ ਚੁਣਿਆ ਗਿਆ ਹੈ। ਇਸ ਦੇ ਨਾਲ ਪਿੰਡ ਦੇ ਪੰਚ ਵੀ ਸਰਬਸੰਮਤੀ ਨਾਲ ਚੁਣੇ ਗਏ ਹਨ।
ਪਿੰਡ ਵਿੱਚ ਖੁਸ਼ੀ ਦਾ ਮਾਹੌਲ
ਸਰਬ ਸੰਮਤੀ ਨਾਲ ਸਰਪੰਚ ਚੁਣੇ ਜਾਣ ਦੇ ਨਾਲ ਪਿੰਡ ਦੇ ਵਿੱਚ ਖੁਸ਼ੀ ਮਾਹੌਲ ਹੈ। ਸਾਬਕਾ ਸਰਪੰਚ ਗੁਰਮਿੰਦਰ ਸਿੰਘ ਨੇ ਕਿਹਾ ਕਿ ਸਿਰਫ 15 ਮਿੰਟਾਂ ਵਿੱਚ ਹੀ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਹੋਈ। ਉਨ੍ਹਾਂ ਕਿਹਾ ਕਿ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣਾ ਭਰੋਸਾ ਜਤਾਇਆ ਅਤੇ ਮੁੜ ਤੋਂ ਸਾਡੇ ਪਰਿਵਾਰ ਨੂੰ ਸਰਪੰਚੀ ਦਿੱਤੀ ਗਈ ਹੈ।
ਚੋਣਾਂ ‘ਤੇ ਨਹੀਂ, ਬਲਕਿ ਵਿਕਾਸ ਤੇ ਪੈਸਾ ਹੋਣਾ ਚਾਹੀਦਾ ਖਰਚ
ਇਹ ਵੀ ਪੜ੍ਹੋ
ਸਾਬਕਾ ਸਰਪੰਚ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ ਹੁੰਦੀਆਂ ਹਨ ਤੇ ਲੱਖਾਂ ਰੁਪਏ ਸਰਪੰਚੀ ਦੀਆਂ ਚੋਣਾਂ ‘ਤੇ ਖਰਚੇ ਜਾਂਦੇ ਹਨ। ਇਨ੍ਹਾਂ ਪੈਸਿਆਂ ਦਾ ਇਸਤੇਮਾਲ ਪਿੰਡ ਦੇ ਵਿਕਾਸ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਵਿੱਚ 33 ਲੱਖ ਰੁਪਏ ਦੀ ਲਾਗਤ ਦੇ ਨਾਲ ਗਰਾਊਂਡ ਤਿਆਰ ਕੀਤਾ ਤੇ ਇਸ ਤੋਂ ਇਲਾਵਾ ਪਿੰਡ ਦਾ ਹੋਰ ਵਿਕਾਸ ਵੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਪਿੰਡ ਦੇ ਪੰਚ ਵੀ ਸਰਬ ਸੰਮਤੀ ਨਾਲ ਚੁਣੇ ਗਏ ਹਨ ਤੇ ਪਾਰਟੀਬਾਜ਼ੀ ਤੋਂ ਉੱਠ ਕੇ ਫੈਸਲਾ ਲਿਆ ਗਿਆ ਹੈ, ਕਿਉਂਕਿ ਸਾਡਾ ਮੁੱਖ ਮਕਸਦ ਪਿੰਡ ਦਾ ਵਿਕਾਸ ਕਰਨਾ ਹੈ।