Good News: 1.42 ਕਰੋੜ ਲਾਭਪਾਤਰੀਆਂ ਨੂੰ ਹੋਵੇਗਾ ਫਾਇਦਾ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸ਼ੁਰੂ ਹੋਵੇਗੀ ਆਟੇ ਦੀ ਮੁਫਤ ਹੋਮ ਡਿਲੀਵਰੀ
ਆਟਾ ਮਿੱਲਰ ਗੋਦਾਮਾਂ ਤੋਂ ਕਣਕ ਚੁੱਕਣਗੇ ਅਤੇ ਪੀਸਣ ਤੋਂ ਬਾਅਦ ਆਟਾ ਰਾਸ਼ਨ ਡਿਪੂ ਤੱਕ ਪਹੁੰਚਾਉਣਗੇ। ਆਟਾ ਮਿੱਲਾਂ 5 ਅਤੇ 10 ਕਿਲੋ ਦੇ ਪੈਕ ਵਿੱਚ ਆਟਾ ਪੈਕ ਕਰਨਗੀਆਂ। ਯੋਜਨਾ ਨੂੰ 3500 ਰਾਸ਼ਨ ਡਿਪੂਆਂ ਰਾਹੀਂ ਲਾਗੂ ਕੀਤਾ ਜਾਵੇਗਾ। ਹਰ ਘਰ ਆਟਾ ਪਹੁੰਚਾਉਣ ਦਾ ਕੰਮ ਟੈਂਡਰ ਰਾਹੀਂ ਚਾਰ ਕੰਪਨੀਆਂ ਨੂੰ ਅਲਾਟ ਕੀਤਾ ਗਿਆ ਹੈ।
ਪੰਜਾਬ ਨਿਊਜ। ਪੰਜਾਬ ਸਰਕਾਰ ਨੇ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਦੇ ਗਰੀਬਾਂ ਲਈ ਕਣਕ ਅਤੇ ਆਟੇ ਦੀ ਹੋਮ ਡਿਲੀਵਰੀ ਦੀ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant mann) ਨੇ ਵੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਸਕੀਮ ਦੀ ਰੂਪ-ਰੇਖਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਸਰਕਾਰ ਦੀ ਇਹ ਸਕੀਮ 2024 ਦੇ ਜਨਵਰੀ ਮਹੀਨੇ ਵਿੱਚ ਸ਼ੁਰੂ ਹੋਵੇਗੀ ਪਰ ਇਸਦਾ ਰਸਮੀ ਉਦਘਾਟਨ ਨਵੰਬਰ ਮਹੀਨੇ ਵਿੱਚ ਹੋ ਜਾਵੇਗਾ।
ਇਸ ਸਕੀਮ ਰਾਹੀਂ ਸੂਬੇ ਦੇ ਕਰੀਬ 1.42 ਕਰੋੜ ਲਾਭਪਾਤਰੀ ਘਰ ਬੈਠੇ ਆਟਾ ਪ੍ਰਾਪਤ ਕਰ ਸਕਣਗੇ। ਸਰਕਾਰ ਇਸ ਸਕੀਮ ਤਹਿਤ ਹਰ ਮਹੀਨੇ 72500 ਮੀਟ੍ਰਿਕ ਟਨ ਰਾਸ਼ਨ ਵੰਡੇਗੀ। ਸਕੀਮ ਦੇ ਖਰੜੇ ਅਨੁਸਾਰ ਨੈਸ਼ਨਲ ਫੂਡ ਸਕਿਓਰਿਟੀ (Security) ਐਕਟ ਤਹਿਤ ਅਕਤੂਬਰ ਤੋਂ ਦਸੰਬਰ ਤੱਕ ਦੇ ਸਮੇਂ ਲਈ ਕਣਕ ਦੀ ਵੰਡ ਕੀਤੀ ਗਈ ਹੈ ਅਤੇ ਲਾਭਪਾਤਰੀਆਂ ਵਿੱਚ ਇਸ ਦੀ ਵੰਡ ਵੀ ਸ਼ੁਰੂ ਕਰ ਦਿੱਤੀ ਗਈ ਹੈ। ਲਾਭਪਾਤਰੀਆਂ ਨੂੰ ਅਗਲੇ ਸਾਲ ਜਨਵਰੀ ਵਿੱਚ ਹੋਮ ਡਿਲੀਵਰੀ ਮਿਲੇਗੀ। ਸਰਕਾਰ ਨੇ ਕਣਕ ਨੂੰ ਪੀਸਣ ਲਈ ਤਿੰਨ ਦਰਜਨ ਆਟਾ ਮਿੱਲਾਂ ਦੀ ਸ਼ਨਾਖਤ ਵੀ ਕੀਤੀ ਹੈ।
ਹਰ ਮਹੀਨੇ ਆਟਾ ਘਰ-ਘਰ ਪਹੁੰਚ ਜਾਵੇਗਾ
ਆਟਾ ਮਿੱਲਰ ਗੋਦਾਮਾਂ ਤੋਂ ਕਣਕ ਚੁੱਕਣਗੇ ਅਤੇ ਪੀਸਣ ਤੋਂ ਬਾਅਦ ਆਟਾ ਰਾਸ਼ਨ ਡਿਪੂ ਤੱਕ ਪਹੁੰਚਾਉਣਗੇ। ਆਟਾ ਮਿੱਲਾਂ 5 ਅਤੇ 10 ਕਿਲੋ ਦੇ ਪੈਕ ਵਿੱਚ ਆਟਾ ਪੈਕ ਕਰਨਗੀਆਂ। ਇਸ ਯੋਜਨਾ ਨੂੰ ਲਗਭਗ 3500 ਰਾਸ਼ਨ ਡਿਪੂਆਂ (Ration depots) ਰਾਹੀਂ ਲਾਗੂ ਕੀਤਾ ਜਾਵੇਗਾ। ਹਰ ਘਰ ਆਟਾ ਪਹੁੰਚਾਉਣ ਦਾ ਕੰਮ ਟੈਂਡਰ ਰਾਹੀਂ ਚਾਰ ਕੰਪਨੀਆਂ ਨੂੰ ਅਲਾਟ ਕੀਤਾ ਗਿਆ ਹੈ। ਪਹਿਲਾਂ ਇਸ ਸਕੀਮ ਤਹਿਤ ਹਰ ਤਿੰਨ ਮਹੀਨੇ ਬਾਅਦ ਹੋਮ ਡਿਲੀਵਰੀ ਦਾ ਫੈਸਲਾ ਲਿਆ ਜਾਂਦਾ ਸੀ ਪਰ ਹੁਣ ਹਰ ਮਹੀਨੇ ਹੋਮ ਡਿਲੀਵਰੀ ਕੀਤੀ ਜਾਵੇਗੀ। ਇਸ ਪੂਰੀ ਯੋਜਨਾ ‘ਤੇ ਲਗਭਗ 670 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਹ ਸਕੀਮ ਅਕਤੂਬਰ 2022 ਤੋਂ ਸ਼ੁਰੂ ਹੋਣੀ ਸੀ
ਪੰਜਾਬ ਸਰਕਾਰ ਨੇ ਮਈ 2022 ਵਿੱਚ ਇਸ ਸਕੀਮ ਦਾ ਐਲਾਨ ਕੀਤਾ ਸੀ ਅਤੇ ਉਸੇ ਸਾਲ ਅਕਤੂਬਰ ਵਿੱਚ ਇਸ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਪਰ ਰਾਸ਼ਨ ਡਿਪੂ ਹੋਲਡਰਾਂ ਨੇ ਸਰਕਾਰ ਦੀ ਇਸ ਸਕੀਮ ਦਾ ਵਿਰੋਧ ਕਰਦਿਆਂ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਸਰਕਾਰ ਨੇ ਡਿਪੂ ਹੋਲਡਰਾਂ ਦਾ ਮਸਲਾ ਤਾਂ ਹੱਲ ਕਰ ਲਿਆ ਹੈ ਪਰ ਹੁਣ ਜਿਵੇਂ ਹੀ ਇਸ ਸਕੀਮ ਨੂੰ ਨਵੇਂ ਸਿਰੇ ਤੋਂ ਲਾਗੂ ਕਰਨ ਦੀ ਖ਼ਬਰ ਆਈ ਤਾਂ ਪੰਜਾਬ ਭਾਜਪਾ ਅਤੇ ਕਾਂਗਰਸ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਦੀ ਆਲੋਚਨਾ
ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਲਜ਼ਾਮ ਲਾਇਆ ਹੈ ਕਿ ਮੁੱਖ ਮੰਤਰੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਨਾਂ ਬਦਲ ਕੇ ਝੂਠੀ ਸ਼ਾਬਾਸ਼ੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਨੇਤਾ ਪ੍ਰਤਾਪ ਬਾਜਵਾ ਨੇ ਇਸ ਸਕੀਮ ਦੇ ਫਾਰਮੈਟ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਲਾਭਪਾਤਰੀਆਂ ਨੂੰ ਖਰਾਬ ਆਟਾ ਮਿਲਣ ਦੀ ਸੰਭਾਵਨਾ ਹੈ, ਇਸ ਲਈ ਆਟੇ ਦੀ ਬਜਾਏ ਕਣਕ ਦੀ ਹੋਮ ਡਿਲੀਵਰੀ ਕੀਤੀ ਜਾਣੀ ਚਾਹੀਦੀ ਹੈ।