ਗਰੁੱਪ-ਡੀ ਭਰਤੀ ਲਈ ਉਮਰ ਸੀਮਾ ਵਧਾਈ, ਸੀਡ ਐਕਟ 1966 ‘ਚ ਸੋਧ, ਜਾਣੋ ਪੰਜਾਬ ਕੈਬਨਿਟ ਦੇ ਵੱਡੇ ਫੈਸਲੇ

Updated On: 

25 Jul 2025 15:19 PM IST

Punjab Cabinet Meeting: ਮੰਤਰੀ ਚੀਮਾ ਨੇ ਦੱਸਿਆ ਕਿ ਗਰੁੱਪ-ਡੀ ਦੀ ਭਰਤੀ ਲਈ ਪਹਿਲਾਂ ਉਮਰ ਯੋਗਤਾ 18 ਤੋਂ 35 ਸਾਲ ਸੀ। ਇਸ ਉਮਰ ਯੋਗਤਾ 'ਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਹੁਣ ਗਰੁੱਪ ਡੀ ਯਾਨੀ ਕਲਾਸ ਚਾਰ ਦੀਆਂ ਨੌਕਰੀਆਂ ਲਈ ਹੁਣ 18 ਤੋਂ 37 ਸਾਲ ਉਮਰ ਯੋਗਤਾ ਹੋਵੇਗੀ। ਹੁਣ ਜਦੋਂ ਵੀ ਸਰਕਾਰ ਗਰੁੱਪ-ਡੀ ਦੀਆਂ ਨੌਕਰੀਆਂ ਲਈ ਭਰਤੀ ਕਰੇਗੀ ਤਾਂ ਕੋਈ ਵੀ 18 ਤੋਂ 37 ਸਾਲਾਂ ਦਾ ਵਿਅਕਤੀ ਇਸ ਲਈ ਅਪਲਾਈ ਕਰ ਸਕਦਾ ਹੈ।

ਗਰੁੱਪ-ਡੀ ਭਰਤੀ ਲਈ ਉਮਰ ਸੀਮਾ ਵਧਾਈ, ਸੀਡ ਐਕਟ 1966 ਚ ਸੋਧ, ਜਾਣੋ ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
Follow Us On

ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ, ਜਿਸ ‘ਚ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਪੰਜਾਬ ਮੁੱਖ ਮੰਤਰੀ ਰਿਹਾਇਸ਼ ‘ਚ ਹੋਈ ਇਸ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਨੇ ਮੀਟਿੰਗ ‘ਚ ਲਏ ਫੈਸਲਿਆ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਹੁਣ ਗਰੁੱਪ-ਡੀ ਲਈ ਉਮਰ ਯੋਗਤਾ 2 ਸਾਲ ਵਧਾ ਦਿੱਤੀ ਹੈ। ਇਸ ਦੇ ਨਾਲ ਬੀਜ ਐਕਟ, 1966 ‘ਚ ਵੀ ਸੋਧ ਕੀਤਾ ਹੈ।

ਗਰੁੱਪ ਡੀ ਭਰਤੀ ਦੀ ਉਮਰ ਸੀਮਾ ਵਧਾਈ ਗਈ

ਮੰਤਰੀ ਚੀਮਾ ਨੇ ਦੱਸਿਆ ਕਿ ਗਰੁੱਪ-ਡੀ ਦੀ ਭਰਤੀ ਲਈ ਪਹਿਲਾਂ ਉਮਰ ਯੋਗਤਾ 18 ਤੋਂ 35 ਸਾਲ ਸੀ। ਹੁਣ ਇਸ ਉਮਰ ਯੋਗਤਾ ‘ਚ 2 ਸਾਲ ਦਾ ਵਾਧਾ ਕੀਤਾ ਗਿਆ ਹੈ। ਗਰੁੱਪ ਡੀ ਯਾਨੀ ਕਲਾਸ ਚਾਰ ਦੀਆਂ ਨੌਕਰੀਆਂ ਲਈ ਹੁਣ 18 ਤੋਂ 37 ਸਾਲ ਉਮਰ ਯੋਗਤਾ ਹੋਵੇਗੀ। ਹੁਣ ਜਦੋਂ ਵੀ ਸਰਕਾਰ ਗਰੁੱਪ-ਡੀ ਦੀਆਂ ਨੌਕਰੀਆਂ ਲਈ ਭਰਤੀ ਕਰੇਗੀ ਤਾਂ ਕੋਈ ਵੀ 18 ਤੋਂ 37 ਸਾਲਾਂ ਦਾ ਵਿਅਕਤੀ ਇਸ ਲਈ ਅਪਲਾਈ ਕਰ ਸਕਦਾ ਹੈ।

ਬੀਜ ਐਕਟ ‘ਚ ਸੋਧ

ਉੱਥੇ ਹੀ ਕੈਬਨਿਟ ਮੀਟਿੰਗ ‘ਚ ਘਟੀਆ ਬੀਜ਼ ਮਾਰਕਟਿੰਗ ਕਰਨ ਵਾਲਿਆ ਨੂੰ ਸਖ਼ਤ ਸਜ਼ਾ ਤੇ ਜ਼ੁਰਮਾਨਾ ਲਗਾਉਣ ਦਾ ਫੈਸਲਾ ਲਿਆ ਗਿਆ। ਇਸ ਦੇ ਲਈ ਬੀਜ ਐਕਟ, 1966 ‘ਚ ਸੋਧ ਕੀਤਾ ਗਿਆ ਹੈ। ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਕਿ ਘਟੀਆ ਬੀਜ ਮਾਰਕਿਟ ‘ਚ ਆਉਂਦੇ ਹਨ। ਹੁਣ ਜੋ ਘਟੀਆ ਬੀਜ ਵੇਚਦੇ ਹਨ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਉਤਪਾਦਕ ਵੱਲੋਂ ਅਪਰਾਧ ਕੀਤਾ ਜਾਂਦਾ ਹੈ ਤਾਂ 1 ਤੋਂ 2 ਸਾਲਾਂ ਦੀ ਸਜ਼ਾ ਦੇ ਨਾਲ 5 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋਵੇਗਾ। ਜੇਕਰ ਕੋਈ ਉਤਪਾਦਕ ਦੂਸਰੀ ਵਾਰ ਅਜਿਹੇ ਅਪਰਾਧ ‘ਚ ਦੋਸ਼ੀ ਪਾਇਆ ਜਾਂਦਾ ਹੈ ਤਾਂ 2 ਤੋਂ 3 ਸਾਲ ਦੀ ਸਜ਼ਾ ਦੇ ਨਾਲ ਜ਼ੁਰਮਾਨਾ 10 ਤੋਂ 50 ਲੱਖ ਤੱਕ ਲਗਾਇਆ ਜਾਵੇਗਾ।

ਡੀਲਰਾਂ ਨੂੰ ਵੀ ਸਜ਼ਾ, ਬੀਜਾਂ ਲਈ ਬਾਰਕੋਡ

ਜੇਕਰ ਕੋਈ ਡੀਲਰ ਜਾਂ ਵਿਅਕਤੀ ਇਹ ਅਪਰਾਧ ਕਰਦਾ ਹੈ ਤਾਂ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਹੋਵੇਗੀ ਤੇ ਇਸ ਦੇ ਨਾਲ 1 ਲੱਖ ਤੋਂ 5 ਲੱਖ ਤੱਕ ਜ਼ੁਰਮਾਨਾ ਲਗਾਇਆ ਜਾਵੇਗਾ। ਦੂਸਰੀ ਵਾਰ ਦੋਸ਼ੀ ਪਾਏ ਜਾਣ ਤੇ 1 ਤੋਂ 2 ਸਾਲਾਂ ਦੀ ਸਜ਼ਾ ਹੋਵੇਗੀ ਤੇ ਜ਼ੁਰਮਾਨਾ 5 ਲੱਖ ਤੋਂ 10 ਲੱਖ ਤੱਕ ਲਗਾਇਆ ਜਾ ਸਕਦਾ ਹੈ। ਚੀਮਾ ਨੇ ਜਾਣਕਾਰੀ ਦਿੱਤੀ ਕਿ ਜਲਦੀ ਹੀ ਬਾਰਕੋਡ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਜਿਸ ਤੋਂ ਇਹ ਪਤਾ ਚੱਲ ਜਾਵੇਗਾ ਕਿ ਕਿਸ ਕੰਪਨੀ ਦਾ ਇਹ ਬੀਜ ਹੈ ।