Punjab Floods: ਗੋਲਕ ਤੋੜ੍ਹੀ, ਲੈਪਟਾਪ ਲਈ ਜਮਾ ਪੈਸੇ ਹੜ੍ਹ ਪੀੜਤਾਂ ਨੂੰ ਕੀਤੇ ਦਾਨ 10 ਸਾਲਾ ਬੱਚੇ ਨੇ ਇਸ ਤਰ੍ਹਾਂ ਜਿੱਤਿਆ ਦਿਲ
Punjab Floods: ਪੰਜਾਬ ਹੜ੍ਹ ਸੰਕਟ ਦੌਰਾਨ, ਬਠਿੰਡਾ ਦੇ 10 ਸਾਲਾ ਵਿਦਿਆਰਥੀ ਗੁਰਫਤਿਹ ਸਿੰਘ ਨੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਗੁਰਫਤਿਹ ਨੇ 2 ਸਾਲਾਂ ਤੋਂ ਲੈਪਟਾਪ ਲਈ ਜਮਾ ਕੀਤੇ ਹੋਏ 5 ਹਜ਼ਾਰ ਰੁਪਏ ਹੜ੍ਹ ਪੀੜਤਾਂ ਦੀ ਮਦਦ ਲਈ ਦਾਨ ਕੀਤੇ।
ਪੰਜਾਬ ਦੇ ਸਾਰੇ ਜ਼ਿਲ੍ਹੇ ਇਨ੍ਹੀਂ ਦਿਨੀਂ ਹੜ੍ਹਾਂ ਦੀ ਲਪੇਟ ‘ਚ ਹਨ। ਹੁਣ ਤੱਕ ਸੂਬੇ ‘ਚ ਹੜ੍ਹਾਂ ਕਾਰਨ 46 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2 ਹਜ਼ਾਰ ਤੋਂ ਵੱਧ ਪਿੰਡ ਪੂਰੀ ਤਰ੍ਹਾਂ ਡੁੱਬ ਗਏ ਹਨ। ਸਿਆਸਤਦਾਨ, ਫਿਲਮ ਸਟਾਰ, ਗਾਇਕ ਤੇ ਸਮਾਜ ਸੇਵਕ ਸਮੇਤ ਹਜ਼ਾਰਾਂ ਲੋਕ ਆਪਣੇ ਪੱਧਰ ‘ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਦੌਰਾਨ, ਬਠਿੰਡਾ ਜ਼ਿਲ੍ਹੇ ਦੇ ਇੱਕ 10 ਸਾਲਾ ਬੱਚੇ ਨੇ 5 ਹਜ਼ਾਰ ਰੁਪਏ ਦਾਨ ਕਰਕੇ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ। ਦਰਅਸਲ, ਬੱਚਾ ਲੰਬੇ ਸਮੇਂ ਤੋਂ ਲੈਪਟਾਪ ਲਈ ਪੈਸੇ ਇਕੱਠੇ ਕਰ ਰਿਹਾ ਸੀ, ਜੋ ਉਸ ਨੇ ਦਾਨ ਕਰ ਦਿੱਤੇ।
ਬਠਿੰਡਾ ਦੇ ਮਲਕਾਣਾ ਪਿੰਡ ਵਿੱਚ ਰਹਿਣ ਵਾਲਾ ਗੁਰਫਤਿਹ ਸਿੰਘ (10), ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। ਉਹ ਪਿਛਲੇ ਦੋ ਸਾਲਾਂ ਤੋਂ ਲੈਪਟਾਪ ਖਰੀਦਣ ਲਈ ਪੈਸੇ ਇਕੱਠੇ ਕਰ ਰਿਹਾ ਸੀ। ਗੁਰਫਤਿਹ ਸਿੰਘ ਰਿਸ਼ਤੇਦਾਰਾਂ, ਭੈਣ-ਭਰਾਵਾਂ ਤੇ ਮਾਪਿਆਂ ਤੋਂ ਮਿਲੇ ਪੈਸੇ ਇੱਕ ਗੋਲਕ ਵਿੱਚ ਪਾਉਂਦਾ ਸੀ। ਉਹ ਚਾਹੁੰਦਾ ਸੀ ਕਿ ਉਸ ਦਾ ਆਪਣਾ ਇੱਕ ਲੈਪਟਾਪ ਹੋਵੇ। ਹਾਲਾਂਕਿ, ਇਸ ਦੌਰਾਨ, ਪੰਜਾਬ ‘ਚ ਹੜ੍ਹ ਆ ਗਿਆ। ਜਦੋਂ ਵੀ ਗੁਰਫਤਿਹ ਸਿੰਘ ਹੜ੍ਹ ਦੀ ਵੀਡੀਓ ਦੇਖਦਾ ਸੀ, ਉਹ ਬਹੁਤ ਭਾਵੁਕ ਹੋ ਜਾਂਦਾ ਸੀ।
2 ਸਾਲਾਂ ਤੋਂ ਇਕੱਠੇ ਕਰ ਰਿਹਾ ਸੀ ਪੈਸੇ
ਗੁਰਫਤਿਹ ਸਿੰਘ ਦੀ ਮਾਂ ਨੇ ਦੱਸਿਆ ਕਿ ਹਾਲ ਹੀ ‘ਚ ਪਿੰਡ ‘ਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਇਕੱਠੀ ਕੀਤੀ ਜਾ ਰਹੀ ਸੀ। ਇਸ ਦੌਰਾਨ, ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਸਾਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਦੌਰਾਨ, ਗੁਰਫਤਿਹ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਹੜ੍ਹ ਪੀੜਤਾਂ ਲਈ ਜੋ ਵੀ ਮਦਦ ਕਰਨਾ ਚਾਹੁੰਦੇ ਹੋ, ਉਹ ਕਰੋ, ਪਰ ਮੈਂ ਵੀ ਉਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਬਾਹਰ ਜਾ ਕੇ ਮਦਦ ਨਹੀਂ ਕਰ ਸਕਦਾ, ਪਰ ਮੈਂ ਉਹ ਪੈਸਾ ਦਾਨ ਕਰਨਾ ਚਾਹੁੰਦਾ ਹਾਂ ਜੋ ਮੈਂ ਪਿਛਲੇ 2 ਸਾਲਾਂ ਤੋਂ ਲੈਪਟਾਪ ਲਈ ਬਚਾ ਰਿਹਾ ਹਾਂ।
10 ਸਾਲ ਦੇ ਬੱਚੇ ਨੇ 5 ਹਜ਼ਾਰ ਰੁਪਏ ਦਾਨ ਕੀਤੇ
ਇਸ ਤੋਂ ਬਾਅਦ, ਗੁਰਫਤਿਹ ਤੇ ਉਸਦੀ ਭੈਣ ਨੇ ਫੈਸਲਾ ਕੀਤਾ ਕਿ ਉਹ ਦੋਵੇਂ ਗੋਲਕ ਤੋੜ ਦੇਣਗੇ ਤੇ ਇਸ ਦੇ ਪੈਸੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਾਨ ਕਰਨਗੇ। ਇਸ ਦੌਰਾਨ ਜਦੋਂ ਪਿੰਡ ਵਾਸੀ ਰਾਸ਼ਨ ਤੇ ਹੋਰ ਸਮਾਨ ਲੈਣ ਲਈ ਉਸ ਦੇ ਘਰ ਆਏ ਤਾਂ ਗੁਰਫਤਿਹ ਨੇ ਤੁਰੰਤ ਆਪਣੀ ਗੋਲਕ ਲਿਆਂਦੀ ਤੇ ਉਨ੍ਹਾਂ ਦੇ ਸਾਹਮਣੇ ਤੋੜ ਦਿੱਤੀ। ਇਸ ਤੋਂ ਬਾਅਦ, ਉਸ ਨੇ ਇਸ ‘ਚੋਂ 5 ਹਜ਼ਾਰ ਰੁਪਏ ਕੱਢੇ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਾਨ ਕਰ ਦਿੱਤੇ।
