ਫਿਲੌਰ ‘ਚ ਡੇਰਾ ਬਾਬਾ ਬ੍ਰਹਮਦਾਸ ਮੇਲੇ ‘ਚ ਚਲਦਾ ਝੂਲਾ ਟੁੱਟਣ ਨਾਲ ਮਚੀ ਅਫਰਾ-ਤਫਰੀ, 5 ਹੋਏ ਜ਼ਖਮੀ

Updated On: 

21 Jun 2026 15:46 PM IST

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਸ਼ਹਿਰ ਵਿੱਚ ਸਥਿਤ ਧਾਰਮਿਕ ਅਸਥਾਨ ਡੇਰਾ ਬਾਬਾ ਬ੍ਰਹਮਦਾਸ ਵਿਖੇ ਚੱਲ ਰਹੇ ਸਾਲਾਨਾ ਮੇਲੇ ਦੌਰਾਨ ਸ਼ਨੀਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਮੇਲੇ ਵਿੱਚ ਲੱਗੇ ਇੱਕ ਵੱਡੇ ਝੂਲੇ ਦੇ ਨਟ-ਬੋਲਟ ਅਚਾਨਕ ਟੁੱਟਣ ਕਾਰਨ ਝੂਲਾ ਚਲਦੀ ਸਥਿਤੀ ਵਿੱਚ ਹੀ ਵਿਚਕਾਰੋਂ ਟੁੱਟ ਕੇ ਜ਼ਮੀਨ 'ਤੇ ਆ ਡਿੱਗਿਆ।

ਫਿਲੌਰ ਚ ਡੇਰਾ ਬਾਬਾ ਬ੍ਰਹਮਦਾਸ ਮੇਲੇ ਚ ਚਲਦਾ ਝੂਲਾ ਟੁੱਟਣ ਨਾਲ ਮਚੀ ਅਫਰਾ-ਤਫਰੀ, 5 ਹੋਏ ਜ਼ਖਮੀ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਫਿਲੌਰ ਸ਼ਹਿਰ ਵਿੱਚ ਸਥਿਤ ਧਾਰਮਿਕ ਅਸਥਾਨ ਡੇਰਾ ਬਾਬਾ ਬ੍ਰਹਮਦਾਸ ਵਿਖੇ ਚੱਲ ਰਹੇ ਸਾਲਾਨਾ ਮੇਲੇ ਦੌਰਾਨ ਸ਼ਨੀਵਾਰ ਸ਼ਾਮ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਮੇਲੇ ਵਿੱਚ ਲੱਗੇ ਇੱਕ ਵੱਡੇ ਝੂਲੇ ਦੇ ਨਟ-ਬੋਲਟ ਅਚਾਨਕ ਟੁੱਟਣ ਕਾਰਨ ਝੂਲਾ ਚਲਦੀ ਸਥਿਤੀ ਵਿੱਚ ਹੀ ਵਿਚਕਾਰੋਂ ਟੁੱਟ ਕੇ ਜ਼ਮੀਨ ‘ਤੇ ਆ ਡਿੱਗਿਆ। ਜਿਸ ਵੇਲੇ ਇਹ ਦਰਦਨਾਕ ਹਾਦਸਾ ਹੋਇਆ, ਉਸ ਸਮੇਂ ਝੂਲੇ ਦੇ ਡੱਬੇ ਵਿੱਚ ਕਰੀਬ 30 ਤੋਂ 35 ਲੋਕ ਸਵਾਰ ਸਨ। ਝੂਲਾ ਡਿੱਗਣ ਕਾਰਨ ਚੀਕ-ਚਿਹਾਰਾ ਮਚ ਗਿਆ ਅਤੇ 5 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਸ-ਪਾਸ ਖੜ੍ਹੇ ਲੋਕ ਵੀ ਲਪੇਟ ‘ਚ ਆਏ

ਜਿਸ ਸਮੇਂ ਝੂਲਾ ਟੁੱਟਿਆ, ਉਸ ਵੇਲੇ ਮੇਲਾ ਦੇਖਣ ਆਏ ਕਈ ਲੋਕ ਝੂਲੇ ਦੇ ਆਲੇ-ਦੁਆਲੇ ਖੜ੍ਹੇ ਸਨ। ਝੂਲਾ ਅਚਾਨਕ ਹੇਠਾਂ ਡਿੱਗਣ ਕਾਰਨ ਜਿੱਥੇ ਉਸ ਵਿੱਚ ਸਵਾਰ ਲੋਕ ਜ਼ਖਮੀ ਹੋਏ, ਉੱਥੇ ਹੀ ਹੇਠਾਂ ਤੇ ਆਸ-ਪਾਸ ਖੜ੍ਹੇ ਲੋਕ ਵੀ ਇਸ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਫਿਲੌਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ 5 ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਫਿਲੌਰ ਦੇ ਹੀ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਜ਼ਖਮੀਆਂ ਦੀ ਅਧਿਕਾਰਤ ਪਛਾਣ ਨਹੀਂ ਹੋ ਸਕੀ ਹੈ।

ਸਿਰਫ਼ 2-3 ਚੱਕਰ ਲਗਾ ਕੇ ਹੀ ਟੁੱਟ ਗਿਆ ਝੂਲਾ, ਮਚੀ ਅਫਰਾ-ਤਫਰੀ

ਮੇਲੇ ਵਿੱਚ ਮੌਜੂਦ ਇੱਕ ਪ੍ਰਤੱਖਦਰਸ਼ੀ ਨੇ ਹਾਦਸੇ ਦੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਲੋਕ ਬੜੇ ਚਾਅ ਨਾਲ ਝੂਲਾ ਝੂਲ ਰਹੇ ਸਨ। ਇਸ ਦੌਰਾਨ ਲੋਹੇ ਦੇ ਪੁਰਾਣੇ ਅਤੇ ਜੰਗ ਖਾ ਚੁੱਕੇ ਝੂਲੇ ਵਿੱਚ ਵੱਡੀ ਗਿਣਤੀ ‘ਚ ਲੋਕ ਬੈਠੇ ਸਨ। ਝੂਲੇ ਨੇ ਅਜੇ ਸਿਰਫ਼ 2-3 ਚੱਕਰ ਹੀ ਕੱਟੇ ਸਨ ਕਿ ਉਸ ਦੇ ਇੱਕ ਮੁੱਖ ਡੱਬੇ ਦੇ ਨਟ-ਬੋਲਟ ਪਹਿਲਾਂ ਢਿੱਲੇ ਹੋਏ ਅਤੇ ਫਿਰ ਅਚਾਨਕ ਟੁੱਟ ਗਏ। ਜਿਵੇਂ ਹੀ ਬੋਲਟ ਟੁੱਟਿਆ, ਝੂਲੇ ਦਾ ਪੂਰਾ ਹਿੱਸਾ ਸਿੱਧਾ ਜ਼ਮੀਨ ‘ਤੇ ਆ ਡਿੱਗਿਆ।

ਇਸ ਕਾਰਨ ਉਸ ਵਿੱਚ ਸਵਾਰ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਡੱਬੇ ਦੇ ਅੰਦਰ ਹੀ ਫਸ ਗਏ। ਚੰਗੀ ਕਿਸਮਤ ਰਹੀ ਕਿ ਹਾਦਸੇ ਦੇ ਵੇਲੇ ਝੂਲੇ ਦੇ ਬਿਲਕੁਲ ਹੇਠਾਂ ਲੋਕ ਨਹੀਂ ਖੜ੍ਹੇ ਸਨ, ਨਹੀਂ ਤਾਂ ਟੁੱਟ ਕੇ ਡਿੱਗੇ ਭਾਰੀ ਡੱਬੇ ਦੇ ਹੇਠਾਂ ਆਉਣ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਫਿਰ ਵੀ ਆਲੇ-ਦੁਆਲੇ ਖੜ੍ਹੇ ਕੁਝ ਲੋਕਾਂ ਨੂੰ ਸੱਟਾਂ ਜ਼ਰੂਰ ਲੱਗੀਆਂ ਹਨ।

ਹਾਦਸੇ ਤੋਂ ਤੁਰੰਤ ਬਾਅਦ ਮੇਲਾ ਸਥਾਨ ‘ਤੇ ਅਫਰਾ-ਤਫਰੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਥੇ ਮੌਜੂਦ ਲੋਕਾਂ ਨੇ ਤੁਰੰਤ ਮੁਸਤੈਦੀ ਦਿਖਾਉਂਦਿਆਂ ਟੁੱਟੇ ਹੋਏ ਝੂਲੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਹੀ, ਲੋਕਾਂ ਨੇ ਬਿਨਾਂ ਸਮਾਂ ਗਵਾਏ ਆਟੋ-ਰਿਕਸ਼ਾ ਅਤੇ ਆਪਣੇ ਨਿੱਜੀ ਸਾਧਨਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਡਾਕਟਰਾਂ ਮੁਤਾਬਕ ਸਾਰੇ ਜ਼ਖਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਪਰ ਰਾਹਤ ਦੀ ਗੱਲ ਇਹ ਹੈ ਕਿ ਸਾਰੇ ਖ਼ਤਰੇ ਤੋਂ ਬਾਹਰ ਹਨ।

ਮਾਲਕ ਮੌਕੇ ਤੋਂ ਫ਼ਰਾਰ, ਪੁਲਿਸ ਵੱਲੋਂ ਕਰਮਚਾਰੀਆਂ ਤੋਂ ਪੁੱਛਗਿੱਛ

ਇਸ ਹਾਦਸੇ ਤੋਂ ਤੁਰੰਤ ਬਾਅਦ ਝੂਲੇ ਦਾ ਮਾਲਕ ਮੌਕੇ ਦਾ ਫਾਇਦਾ ਉਠਾ ਕੇ ਉੱਥੋਂ ਫ਼ਰਾਰ ਹੋ ਗਿਆ। ਫਿਲੌਰ ਥਾਣਾ ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਮਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਦੇ ਲੁਕਣ ਦੇ ਟਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਮੇਲੇ ਵਿੱਚ ਮੌਜੂਦ ਝੂਲੇ ਦੇ ਹੋਰ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਲਈ ਬੁਲਾਇਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ, ਜਿਸ ਤੋਂ ਬਾਅਦ ਝੂਲੇ ਦੀ ਤਕਨੀਕੀ ਜਾਂਚ ਕਰਵਾਈ ਜਾਵੇਗੀ। ਇਸ ਲਾਪ੍ਰਵਾਹੀ ਦੇ ਮਾਮਲੇ ਵਿੱਚ ਝੂਲਾ ਲਗਾਉਣ ਵਾਲੇ ਮਾਲਕ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Follow Us