ਪਟਿਆਲਾ: ਚੋਰੀ ਦਾ ਝੂਠਾ ਇਲਜ਼ਾਮ! ਦੋ ਦੋਸਤਾਂ ਨੇ ਫੇਸਬੁੱਕ ‘ਤੇ ਲਾਈਵ ਹੋ ਕੀਤੀ ਖੁਦਕੁਸ਼ੀ
ਜਾਣਕਾਰੀ ਮੁਤਾਬਕ ਦੋਹਾਂ ਵਿਅਕਤੀਆਂ 'ਤੇ ਉਨ੍ਹਾਂ ਦੇ ਮਾਲਕ ਵੱਲੋਂ 65,000 ਰੁਪਏ ਦੀ ਚੋਰੀ ਕਰਨ ਦੇ ਦੋਸ਼ ਲਗਾਏ ਗਏ ਸਨ। ਇਨ੍ਹਾਂ ਦੋਸ਼ਾਂ ਤੋਂ ਇਲਾਵਾ ਦੋਹਾਂ ਦੀ ਕੁੱਟਮਾਰ ਵੀ ਕੀਤੀ ਗਈ। ਮਾਨਸਿਕ ਤਣਾਅ ਤੇ ਅਪਮਾਨ ਕਾਰਨ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਆ ਕੇ ਰੋਦਿਆਂ ਹੋਇਆ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ।
ਪਟਿਆਲਾ ਦੇ ਪਾਤੜਾਂ ਇਲਾਕੇ ਤੋਂ ਇੱਕ ਰੂਹ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਦੋਸਤਾਂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਦਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇਂ ਲਖਵਿੰਦਰ ਸਿੰਘ ਨਾਮ ਦੇ ਟਰੱਕ ਮਾਲਕ ਲਈ ਡਰਾਈਵਰ ਵਜੋਂ ਕੰਮ ਕਰਦੇ ਸਨ।
ਜਾਣਕਾਰੀ ਮੁਤਾਬਕ ਦੋਹਾਂ ਵਿਅਕਤੀਆਂ ‘ਤੇ ਉਨ੍ਹਾਂ ਦੇ ਮਾਲਕ ਵੱਲੋਂ 65,000 ਰੁਪਏ ਦੀ ਚੋਰੀ ਕਰਨ ਦੇ ਦੋਸ਼ ਲਗਾਏ ਗਏ ਸਨ। ਇਨ੍ਹਾਂ ਦੋਸ਼ਾਂ ਤੋਂ ਇਲਾਵਾ ਦੋਹਾਂ ਦੀ ਕੁੱਟਮਾਰ ਵੀ ਕੀਤੀ ਗਈ। ਮਾਨਸਿਕ ਤਣਾਅ ਤੇ ਅਪਮਾਨ ਕਾਰਨ ਦੋਹਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਆ ਕੇ ਰੋਦਿਆਂ ਹੋਇਆ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ।
ਝੂਠੇ ਇਲਜ਼ਾਮ ਲਗਾਉਣ ਦਾ ਕੀਤਾ ਦਾਅਵਾ
ਵੀਡੀਓ ਵਿੱਚ ਦੋਹਾਂ ਨੇ ਦੱਸਿਆ ਕਿ ਉਨ੍ਹਾਂ ‘ਤੇ ਝੂਠੇ ਇਲਜ਼ਾਮ ਲਗਾਏ ਗਏ ਹਨ ਅਤੇ ਉਨ੍ਹਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇੱਕ ਪੁਲਿਸ ਅਧਿਕਾਰੀ ਵੀ ਮਾਮਲੇ ‘ਚ ਸ਼ਾਮਲ ਸੀ, ਜਿਸ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਤੇ ਪੈਸੇ ਵਾਪਸ ਕਰਨ ਲਈ ਦਬਾਅ ਬਣਾਇਆ।
ਖੁਦਕੁਸ਼ੀ ਕਰਨ ਵਾਲੇ ਵਿਅਕਤੀਆਂ ਨੇ ਵੀਡੀਓ ਦੇ ਅੰਤ ‘ਚ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਝੂਠਾ ਇਲਜ਼ਾਮ ਲਗਾਇਆ ਗਿਆ ਹੈ। ਉਨ੍ਹਾਂ ਦੇ ਮਰਨ ਤੋਂ ਬਾਅਦ ਸਾਰੀ ਜਾਂਚ ਕੀਤੀ ਜਾਵੇ ਤੇ ਇਨਸਾਫ਼ ਦਿਵਾਇਆ ਜਾਵੇ।
