ਪਾਕਿਸਤਾਨ ਦੇ ਮੁਹੰਮਦ ਇਕਬਾਲ ਸਮੇਤ ਤਿੰਨ ਕੈਦੀ ਰਿਹਾਅ, 30 ਸਾਲ ਬਾਅਦ ਹੋਈ ਘਰ ਵਾਪਸੀ, ਬੋਲਿਆ- ਅੱਜ ਦਾ ਦਿਨ ਈਦ ਵਰਗਾ
ਮੁਹੰਮਦ ਇਕਬਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਦੀ ਜ਼ਿੰਦਗੀ ਦੇ 30 ਕੀਮਤੀ ਸਾਲ ਜੇਲ੍ਹ ਦੀਆਂ ਦਿਵਾਰਾਂ ਅੰਦਰ ਬਤੀਤ ਹੋ ਗਏ। ਉਹ ਕਹਿੰਦਾ ਹੈ ਕਿ ਉਹ ਲਾਲਚ 'ਚ ਫਸ ਗਿਆ ਸੀ, ਜਿਸ ਕਾਰਨ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ। ਉਸ ਨੇ ਕਿਹਾ ਕਿ ਉਹ ਗਲਤ ਰਸਤੇ ਤੇ ਜਾਣ ਵਾਲੇ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਹੈ ਕਿ ਲਾਲਚ 'ਚ ਆ ਕੇ ਕਦੇ ਵੀ ਗਲਤ ਕੰਮ ਨਾ ਕਰੋ।
ਅਮ੍ਰਿਤਸਰ ਅਟਾਰੀ-ਵਾਘਾ ਬਾਰਡਰ ਤੇ ਅੱਜ ਇੱਕ ਮਹੱਤਵਪੂਰਨ ਵਿਕਾਸ ਦੇਖਣ ਨੂੰ ਮਿਲਿਆ, ਜਦੋਂ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ ਗਏ। ਰਿਹਾ ਹੋਣ ਵਾਲਿਆਂ ‘ਚ ਪਾਕਿਸਤਾਨ ਦੇ ਪੰਜਾਬ ਰਾਜ ਦਾ ਰਹਿਣ ਵਾਲਾ ਮੁਹੰਮਦ ਇਕਬਾਲ ਵੀ ਸ਼ਾਮਲ ਹੈ, ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲ੍ਹ ‘ਚ ਕੈਦ ਸੀ। ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ ‘ਚ ਐਨਡੀਪੀਐਸ ਐਕਟ ਦੇ ਤਹਿਤ 10 ਕਿਲੋ ਹੀਰੋਇਨ ਸਮੇਤ ਗੁਰਦਾਸਪੁਰ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅਦਾਲਤ ਨੇ ਉਸ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਸੀ।
ਮੁਹੰਮਦ ਇਕਬਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਦੀ ਜ਼ਿੰਦਗੀ ਦੇ 30 ਕੀਮਤੀ ਸਾਲ ਜੇਲ੍ਹ ਦੀਆਂ ਦਿਵਾਰਾਂ ਅੰਦਰ ਬਤੀਤ ਹੋ ਗਏ। ਉਹ ਕਹਿੰਦਾ ਹੈ ਕਿ ਉਹ ਲਾਲਚ ‘ਚ ਫਸ ਗਿਆ ਸੀ, ਜਿਸ ਕਾਰਨ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ। ਉਸ ਨੇ ਕਿਹਾ ਕਿ ਉਹ ਗਲਤ ਰਸਤੇ ਤੇ ਜਾਣ ਵਾਲੇ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਹੈ ਕਿ ਲਾਲਚ ‘ਚ ਆ ਕੇ ਕਦੇ ਵੀ ਗਲਤ ਕੰਮ ਨਾ ਕਰੋ।
ਇਕਬਾਲ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਈਦ ਵਰਗਾ ਹੈ। 30 ਸਾਲ ਬਾਅਦ ਆਪਣੇ ਘਰ, ਆਪਣੇ ਦੇਸ਼ ਵਾਪਸ ਜਾਣ ਦੀ ਖੁਸ਼ੀ ਸ਼ਬਦਾਂ ‘ਚ ਬਿਆਨ ਨਹੀਂ ਕੀਤੀ ਜਾ ਸਕਦੀ।
ਉਸ ਨੇ ਦੱਸਿਆ ਕਿ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਸੀ। ਗੁਰਦਾਸਪੁਰ ਜੇਲ੍ਹ ਤੋਂ ਬਾਅਦ ਉਸ ਨੂੰ ਰਾਜਸਥਾਨ ਜੇਲ੍ਹ ਭੇਜਿਆ ਗਿਆ, ਜਿੱਥੇ ਉਸ ਨੇ ਆਪਣੀ ਸਜ਼ਾ ਦਾ ਵੱਡਾ ਹਿੱਸਾ ਕੱਟਿਆ। ਇਕਬਾਲ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਮਨੁੱਖਤਾ ਦੇ ਨਾਤੇ ਰਿਹਾ ਕੀਤਾ ਜਾਵੇ।
ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ‘ਚੋਂ ਦੋ ਰਾਜਸਥਾਨ ਜੇਲ੍ਹ ਤੋਂ ਤੇ ਇੱਕ ਦਿੱਲੀ ਪੁਲਿਸ ਵੱਲੋਂ ਲਿਆਂਦਾ ਗਿਆ ਹੈ। ਮਾਹਲ ਨੇ ਕਿਹਾ ਕਿ ਇਹ ਸਾਰੇ ਕੈਦੀ ਆਪਣੀ ਕਾਨੂੰਨੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਉਨ੍ਹਾਂ ਦੇ ਕਸਟਮ, ਇਮੀਗ੍ਰੇਸ਼ਨ ਤੇ ਦਸਤਾਵੇਜ਼ ਕਲੀਅਰ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ
ਬਾਰਡਰ ਤੇ ਮਾਹੌਲ ਮਨੁੱਖਤਾ ਤੇ ਰਹਿਮਦਲੀ ਦੀ ਮਿਸਾਲ ਪੇਸ਼ ਕਰਦਾ ਨਜ਼ਰ ਆਇਆ। ਲੰਮੇ ਸਮੇਂ ਬਾਅਦ ਘਰ ਵਾਪਸੀ ਕਰਦੇ ਮੁਹੰਮਦ ਇਕਬਾਲ ਦੀਆਂ ਅੱਖਾਂ ‘ਚ ਖੁਸ਼ੀ ਦੇ ਅੰਸੂ ਸਪੱਸ਼ਟ ਦਿਖਾਈ ਦੇ ਰਹੇ ਸਨ। ਉਹ ਕਹਿ ਰਿਹਾ ਹੈ, ਮੇਰੇ ਲਈ ਅੱਜ ਸਭ ਤੋਂ ਖੁਸ਼ੀ ਦਾ ਦਿਨ ਹੈ ਮੇਰੇ ਲਈ ਇਹ ਈਦ ਤੋਂ ਵੀ ਵੱਧ ਹੈ।
