ਬਰਨਾਲਾ-ਬਠਿੰਡਾ ਹਾਈਵੇਅ ‘ਤੇ ਬੱਸ ਦਾ ਫਟਿਆ ਟਾਇਰ, 32 ਸੀਟਰ ‘ਚ ਸਵਾਰ 80 ਤੋਂ ਵੱਧ ਸਵਾਰੀਆਂ ਦੀ ਵਾਲ-ਵਾਲ ਬਚੀ ਜਾਨ
ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪਿੰਡ ਘੁੰਨਸ ਦੇ ਨਜ਼ਦੀਕ ਉਸ ਸਮੇਂ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਬਾਲ-ਬਾਲ ਬਚ ਗਿਆ, ਜਦੋਂ ਸ਼ਰਧਾਲੂਆਂ ਨਾਲ ਨੱਕੋ-ਨੱਕ ਭਰੀ ਇੱਕ ਮਿੰਨੀ ਬੱਸ ਦਾ ਅਚਾਨਕ ਟਾਇਰ ਫਟ ਗਿਆ। ਇਹ ਬੱਸ ਜਲਾਲਾਬਾਦ ਤੋਂ ਬਰਨਾਲਾ ਦੇ ਮਸ਼ਹੂਰ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੀ ਸੀ।
ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਪਿੰਡ ਘੁੰਨਸ ਦੇ ਨਜ਼ਦੀਕ ਉਸ ਸਮੇਂ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਬਾਲ-ਬਾਲ ਬਚ ਗਿਆ, ਜਦੋਂ ਸ਼ਰਧਾਲੂਆਂ ਨਾਲ ਨੱਕੋ-ਨੱਕ ਭਰੀ ਇੱਕ ਮਿੰਨੀ ਬੱਸ ਦਾ ਅਚਾਨਕ ਟਾਇਰ ਫਟ ਗਿਆ। ਇਹ ਬੱਸ ਜਲਾਲਾਬਾਦ ਤੋਂ ਬਰਨਾਲਾ ਦੇ ਮਸ਼ਹੂਰ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਰਹੀ ਸੀ। ਖ਼ੁਸ਼ਕਿਸਮਤੀ ਰਹੀ ਕਿ ਬੱਸ ਪਲਟਣ ਤੋਂ ਬਚ ਗਈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਓਵਰਲੋਡਿੰਗ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 32 ਸੀਟਾਂ ਵਾਲੀ ਮਿੰਨੀ ਬੱਸ, ਜਿਸ ਵਿੱਚ ਸਮਰੱਥਾ ਤੋਂ ਦੁੱਗਣੇ ਤੋਂ ਵੀ ਵੱਧ ਯਾਨੀ 80 ਤੋਂ ਜ਼ਿਆਦਾ ਯਾਤਰੀ ਸਵਾਰ ਸਨ, ਪਿੰਡ ਘੁੰਨਸ ਕੋਲ ਪਹੁੰਚੀ। ਬੱਸ ਦੀ ਛੱਤ ਅਤੇ ਅੰਦਰੂਨੀ ਹਿੱਸਾ ਸਵਾਰੀਆਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਅਚਾਨਕ ਟਾਇਰ ਫਟਣ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ। ਜੇਕਰ ਡਰਾਈਵਰ ਸਮਾਂ ਰਹਿੰਦੇ ਕੰਟਰੋਲ ਨਾ ਕਰਦਾ ਤਾਂ ਬੱਸ ਹਾਈਵੇਅ ਦੇ ਨਾਲ ਲੱਗਦੇ ਖਤਾਨਾਂ ਵਿੱਚ ਪਲਟ ਸਕਦੀ ਸੀ, ਜਿਸ ਨਾਲ ਵੱਡੀ ਗਿਣਤੀ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦੀ ਜਾਨ ਜਾ ਸਕਦੀ ਸੀ।
ਗਰਮੀ ਅਤੇ ਭਾਰ ਬਣੇ ਟਾਇਰ ਫਟਣ ਦਾ ਕਾਰਨ
ਇਸ ਹਾਦਸੇ ਦਾ ਮੁੱਖ ਕਾਰਨ ਬੱਸ ਵਿੱਚ ਲੋੜ ਤੋਂ ਵੱਧ ਭਾਰ ਅਤੇ ਭਿਆਨਕ ਗਰਮੀ ਮੰਨਿਆ ਜਾ ਰਿਹਾ ਹੈ। 80 ਤੋਂ ਵੱਧ ਸਵਾਰੀਆਂ ਦਾ ਵਜਨ ਮਿੰਨੀ ਬੱਸ ਦੇ ਟਾਇਰ ਸਹਿਣ ਨਹੀਂ ਕਰ ਸਕੇ ਅਤੇ ਉਹ ਫਟ ਗਏ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ, ਇਸ ਲਾਪਰਵਾਹੀ ਲਈ ਜਿੱਥੇ ਬੱਸ ਡਰਾਈਵਰ ਜ਼ਿੰਮੇਵਾਰ ਹੈ, ਉੱਥੇ ਹੀ ਉਹ ਸਵਾਰੀਆਂ ਵੀ ਬਰਾਬਰ ਦੀਆਂ ਦੋਸ਼ੀ ਹਨ ਜੋ ਮਾਮੂਲੀ ਪੈਸਿਆਂ ਦੀ ਬੱਚਤ ਲਈ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਅਜਿਹੇ ਓਵਰਲੋਡ ਵਾਹਨਾਂ ਵਿੱਚ ਸਫਰ ਕਰਦੀਆਂ ਹਨ।
ਸੜਕ ਸੁਰੱਖਿਆ ਫੋਰਸ (SSF) ਨੇ ਸੰਭਾਲਿਆ ਮੋਰਚਾ
ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਕਰਨਵੀਰ ਸਿੰਘ ਆਪਣੀ ਟੀਮ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਡਰਾਈਵਰ ਸਮੇਤ ਸਵਾਰੀਆਂ ਨੂੰ ਸਖ਼ਤ ਤਾੜਨਾ ਕੀਤੀ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਖ਼ਤਰਨਾਕ ਢੰਗ ਨਾਲ ਸਫਰ ਨਾ ਕਰਨ। SSF ਵੱਲੋਂ ਇਸ ਸਬੰਧੀ ਤਪਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਹੁਣ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।
ਮੀਡੀਆ ਸਾਹਮਣੇ ਮੂੰਹ ਲੁਕਾਉਂਦੇ ਨਜ਼ਰ ਆਏ ਯਾਤਰੀ
ਹਾਦਸੇ ਤੋਂ ਬਾਅਦ ਜਦੋਂ ਮੀਡੀਆ ਟੀਮਾਂ ਮੌਕੇ ‘ਤੇ ਪਹੁੰਚੀਆਂ ਤਾਂ ਬੱਸ ਵਿੱਚ ਸਵਾਰ ਯਾਤਰੀ ਕੈਮਰੇ ਸਾਹਮਣੇ ਆਉਣ ਤੋਂ ਬਚਦੇ ਅਤੇ ਮੂੰਹ ਲੁਕਾਉਂਦੇ ਨਜ਼ਰ ਆਏ। ਹਾਲਾਂਕਿ ਕੁਝ ਯਾਤਰੀਆਂ ਨੇ ਸਵੀਕਾਰ ਕੀਤਾ ਕਿ ਉਹ ਜਲਾਲਾਬਾਦ ਤੋਂ ਮੱਥਾ ਟੇਕਣ ਆ ਰਹੇ ਸਨ, ਪਰ ਆਪਣੀ ਗਲਤੀ ਦਾ ਅਹਿਸਾਸ ਉਨ੍ਹਾਂ ਦੇ ਚਿਹਰਿਆਂ ‘ਤੇ ਸਾਫ਼ ਝਲਕ ਰਿਹਾ ਸੀ।
