ਮਾਨਸਾ: ‘ਜ਼ਿੰਦਾ’ ਲਾਵਾਰਿਸ ਮਰੀਜ਼ਾਂ ਨੂੰ ਡਾਕਟਰਾਂ ਨੇ ਕਬਰਸਤਾਨ ਦੇ ਬਾਹਰ ਸੁੱਟਿਆ
ਮਾਨਸਾ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਡਾਕਟਰਾਂ ਨੇ ਦੋ ਲਾਵਾਰਸ ਮਰੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਅਜਿਹੀ ਚਾਲ ਚਲੀ ਕਿ ਇੱਕ ਮਰੀਜ਼ ਦੀ ਮੌਤ ਹੋ ਗਈ, ਜਦਕਿ ਦੂਜੇ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਮੈਡੀਕਲ ਸਟਾਫ ਵੱਲੋਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਲੋਕਾਂ ਵਿੱਚ ਕਾਫੀ ਰੋਸ ਹੈ।
ਮਾਨਸਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਹਸਪਤਾਲ ਨੇ ਦੋ ਮਰੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਇਹ ਹਰਕਤ ਕੀਤੀ। ਡਰਾਈਵਰ ਉਨ੍ਹਾਂ ਨੂੰ ਸਰਕਾਰੀ ਐਂਬੂਲੈਂਸ ਵਿੱਚ ਬਿਠਾ ਕੇ ਲੈ ਗਿਆ ਅਤੇ ਇੱਕ ਨੂੰ ਕਬਰਸਤਾਨ ਵਿੱਚ ਜਦ ਕਿ ਦੂਜੇ ਨੂੰ ਸੜਕ ਕਿਨਾਰੇ ਇੱਕ ਸੁੰਨਸਾਨ ਥਾਂ ਤੇ ਸੁੱਟ ਦਿੱਤਾ ਗਿਆ। ਇਨ੍ਹਾਂ ਦੋ ਮਰੀਜ਼ਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਇਸ ਪੂਰੀ ਘਟਨਾ ਨੂੰ ਹਸਪਤਾਲ ਦੇ ਸਟਾਫ ਵੱਲੋਂ ਰਚਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਲਾਵਾਰਸ ਮਰੀਜ਼ ਕਾਫੀ ਸਮੇਂ ਤੋਂ ਉਥੇ ਇਲਾਜ ਅਧੀਨ ਸਨ। ਦੋਵੇਂ ਐਚਆਈਵੀ, ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ। ਇਨ੍ਹਾਂ ਵਿੱਚੋਂ ਇੱਕ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ ਦੱਸੀ ਜਾ ਰਹੀ ਹੈ ਅਤੇ ਉਹ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਸ ਵਾਰਡ ਵਿੱਚ ਦੋਵੇਂ ਮਰੀਜ਼ ਦਾਖਲ ਸਨ, ਉਸ ਵਾਰਡ ਵਿਚੋਂ ਹੋਰ ਮਰੀਜ਼ਾਂ ਨੂੰ ਦੂਜੇ ਵਾਰਡ ਵਿੱਚ ਤਬਦੀਲ ਕਰਨਾ ਪਿਆ ਕਿਉਂਕਿ ਇਨ੍ਹਾਂ ਮਰੀਜ਼ਾਂ ਤੋਂ ਦੂਜੇ ਮਰੀਜ਼ਾਂ ਲਈ ਖਤਰਾ ਬਣਿਆ ਹੋਇਆ ਸੀ।
ਇਨ੍ਹਾਂ ਦੋਵਾਂ ਮਰੀਜ਼ਾਂ ਨੂੰ ਛੁਡਾਉਣ ਲਈ ਕੁਝ ਮੈਡੀਕਲ ਸਟਾਫ਼ ਨੇ ਯਤਨ ਕੀਤੇ ਅਤੇ ਕਥਿਤ ਤੌਰ ‘ਤੇ ਐਂਬੂਲੈਂਸ ਡਰਾਈਵਰ ਨੂੰ ਕੁਝ ਪੈਸੇ ਦੇ ਕੇ ਦੋਵਾਂ ਮਰੀਜ਼ਾਂ ਨੂੰ ਕਿਸੇ ਇਕਾਂਤ ਥਾਂ ‘ਤੇ ਛੱਡਣ ਲਈ ਕਿਹਾ। ਇਸ ਤੋਂ ਬਾਅਦ ਐਂਬੂਲੈਂਸ ਚਾਲਕ ਨੇ ਦੋਵਾਂ ਮਰੀਜ਼ਾਂ ਨੂੰ ਕਾਰ ਵਿੱਚ ਬਿਠਾ ਲਿਆ ਅਤੇ ਇੱਕ ਨੂੰ ਸੁੰਨਸਾਨ ਕਬਰਸਤਾਨ ਅਤੇ ਦੂਜੇ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਗਿਆ। ਸੜਕ ਕਿਨਾਰੇ ਪਏ ਮਰੀਜ਼ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੂਜੇ ਮਰੀਜ਼ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੀਐਮਓ ਬਲਜੀਤ ਕੌਰ ਨੇ ਕਿਹਾ ਹੈ ਕਿ ਇਹ ਸਾਰਾ ਮਾਮਲਾ ਬਹੁਤ ਹੀ ਦੁਖਦਾਈ ਹੈ, ਜੋ ਵੀ ਇਸ ਵਿੱਚ ਸ਼ਾਮਲ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਪੂਰੇ ਮਾਮਲੇ ਦੀ ਜਾਂਚ ਕਮੇਟੀ ਬਣਾ ਦਿੱਤੀ ਹੈ। ਫਿਲਹਾਲ ਜਾਂਚ ਕਮੇਟੀ ਹਸਪਤਾਲ ਦੇ ਸਮੁੱਚੇ ਸਟਾਫ ਤੋਂ ਪੁੱਛਗਿੱਛ ਕਰ ਰਹੀ ਹੈ। ਜ਼ਖਮੀ ਮਰੀਜ਼ ਰਿੰਕੂ ਨੇ ਦੱਸਿਆ ਕਿ ਸੜਕ ਹਾਦਸੇ ‘ਚ ਉਸ ਦੀ ਬਾਂਹ ਅਤੇ ਲੱਤ ਟੁੱਟ ਗਈ ਸੀ, ਜਿਸ ਤੋਂ ਬਾਅਦ ਕੋਈ ਵੀ ਉਸ ਨੂੰ ਹਸਪਤਾਲ ‘ਚ ਦੇਖਣ ਨਹੀਂ ਆ ਰਿਹਾ।