ਅਰਦਾਸ ਦੌਰਾਨ ਮਰਯਾਦਾ ਦੀ ਉਲੰਘਣਾ ਲਈ ਮਨੋਹਰ ਲਾਲ ਖੱਟਰ ਮੁਆਫ਼ੀ ਮੰਗਣ- ਐਡਵੋਕੇਟ ਧਾਮੀ Punjabi news - TV9 Punjabi

ਅਰਦਾਸ ਦੌਰਾਨ ਮਰਯਾਦਾ ਦੀ ਉਲੰਘਣਾ ਲਈ ਮਨੋਹਰ ਲਾਲ ਖੱਟਰ ਮੁਆਫ਼ੀ ਮੰਗਣ- ਐਡਵੋਕੇਟ ਧਾਮੀ

Published: 

11 Feb 2023 16:51 PM

ਹਰਿਆਣਾ ਦੇ ਫਰੀਦਾਬਾਦ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਮੌਕੇ ਸ੍ਰੀ ਮਨੋਹਰ ਲਾਲ ਖੱਟਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸਿੱਖ ਅਰਦਾਸ ਦੌਰਾਨ ਬਿਨਾਂ ਸਿਰ ਢੱਕਣ ਤੋਂ ਸ਼ਾਮਲ ਹਨ।

ਅਰਦਾਸ ਦੌਰਾਨ ਮਰਯਾਦਾ ਦੀ ਉਲੰਘਣਾ ਲਈ ਮਨੋਹਰ ਲਾਲ ਖੱਟਰ ਮੁਆਫ਼ੀ ਮੰਗਣ- ਐਡਵੋਕੇਟ ਧਾਮੀ

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ

Follow Us On

ਅੰਮ੍ਰਿਤਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਸਿੱਖ ਅਰਦਾਸ ਵਿਚ ਨੰਗੇ ਸਿਰ ਖੜ੍ਹ ਕੇ ਸਿੱਖ ਮਰਯਾਦਾ ਦੀ ਕੀਤੀ ਉਲੰਘਣਾ ਦਾ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਰਿਆਣਾ ਦੇ ਫਰੀਦਾਬਾਦ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਮੌਕੇ ਸ੍ਰੀ ਮਨੋਹਰ ਲਾਲ ਖੱਟਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਸਿੱਖ ਅਰਦਾਸ ਦੌਰਾਨ ਬਿਨਾਂ ਸਿਰ ਢੱਕਣ ਤੋਂ ਸ਼ਾਮਲ ਹਨ।

ਨੰਗੇ ਸਿਰ ਖੜ੍ਹਨ ਤੇ ਕੀਤਾ ਇਤਰਾਜ਼

ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਅਜਿਹਾ ਕਰਕੇ ਸਿੱਖ ਮਰਯਾਦਾ ਦਾ ਉਲੰਘਣਾ ਕੀਤੀ ਗਈ ਹੈ। ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਸਿੱਖ ਅਰਦਾਸ ਦੀ ਇਕ ਮਰਯਾਦਾ ਹੈ, ਜਿਸ ਤਹਿਤ ਅਰਦਾਸ ਵਿਚ ਖੜ੍ਹਨ ਵਾਲਾ ਹਰ ਵਿਅਕਤੀ ਪਰਮਾਤਮਾ ਅਤੇ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਿਰ ਢੱਕ ਕੇ ਅਤੇ ਦੋਵੇਂ ਹੱਥ ਜੋੜ ਕੇ ਸਤਿਕਾਰ ਸਹਿਤ ਖੜ੍ਹਦਾ ਹੈ। ਇਸ ਮਰਯਾਦਾ ਵਿਚ ਕਿਸੇ ਨੂੰ ਵੀ ਮਨਮਰਜ਼ੀ ਦੀ ਖੁੱਲ੍ਹ ਨਹੀਂ ਹੈ।

ਘਟਨਾ ਨੂੰ ਦੱਸਿਆ ਮੰਦਭਾਗਾ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਖੱਟਰ ਪੰਜਾਬੀ ਮੂਲ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਸਿੱਖ ਮਰਯਾਦਾ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਜਾਣਬੁਝ ਕੇ ਸਿੱਖਾਂ ਦੀਆਂ ਭਾਵਨਾਵਾਂ ਦੁਖਾਉਣੀਆਂ ਬੇਹੱਦ ਦੁਖਦਾਈ ਅਤੇ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਸਮਾਗਮ ਦੌਰਾਨ ਗੈਰ ਸੰਵਿਧਾਨਕ ਤੌਰ ਤੇ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ. ਗੁਰਵਿੰਦਰ ਸਿੰਘ ਧਮੀਜਾ ਵੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਹਰਿਆਣਾ ਗੁਰਦੁਆਰਾ ਕਮੇਟੀ ‘ਤੇ ਸਾਧਿਆ ਨਿਸ਼ਾਨਾ

ਗੁਰਵਿੰਦਰ ਸਿੰਘ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਸਿੱਖ ਮਰਯਾਦਾ ਦਾ ਉਲੰਘਣ ਕਰਨ ਤੋਂ ਨਾ ਰੋਕਣਾ ਵੱਡੇ ਸਵਾਲ ਪੈਦਾ ਕਰਦਾ ਹੈ। ਇਸ ਤੋਂ ਇਹ ਵੀ ਸਾਫ਼ ਹੋ ਰਿਹਾ ਹੈ ਕਿ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੰਡਤ ਕਰਨ ਦੇ ਮੰਤਵ ਨਾਲ ਗੈਰ-ਸੰਵਿਧਾਨਕ ਤੌਰ ਤੇ ਸਰਕਾਰੀ ਸ਼ਹਿ ਤੇ ਬਣੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਕੇਵਲ ਸਰਕਾਰ ਦੇ ਚਾਪਲੂਸ ਹੀ ਹਨ।

ਮੁਆਫ਼ੀ ਮੰਗਣ ਦੀ ਦਿੱਤੀ ਸਲਾਹ

ਇਨ੍ਹਾਂ ਦਾ ਸਿੱਖ ਮਰਯਾਦਾ ਦੀ ਪਹਿਰੇਦਾਰੀ ਨਾਲ ਕੋਈ ਵਾਹ-ਵਾਸਤਾ ਨਹੀਂ ਹੈ, ਕਿਹਾ ਕਿ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਮਰਯਾਦਾ ਦੀ ਕੀਤੀ ਅਵੱਗਿਆ ਦੌਰਾਨ
ਸਾਹਮਣੇ ਆਇਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਕੀਤੀ ਗਈ ਸਿੱਖ ਮਰਯਾਦਾ ਦੀ ਉਲੰਘਣਾ ਲਈ ਉਹ ਤੁਰੰਤ ਮੁਆਫ਼ੀ ਮੰਗਣ। ਇਸ ਦੇ ਨਾਲ ਹੀ ਉਥੇ ਮੌਜੂਦ ਹਰਿਆਣਾ ਦੇ ਸਥਾਨਕ ਸਿੱਖ ਆਗੂ ਵੀ ਆਪਣਾ ਪੱਖ ਜ਼ਰੂਰ ਸਪੱਸ਼ਟ ਕਰਨ।

Exit mobile version