ਓਲੰਪੀਅਨ ਮਨਦੀਪ ਸਿੰਘ ਨੂੰ ਪੰਜਾਬ ਸਰਕਾਰ ਭਲਕੇ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਕਰੇਗੀ ਸਨਮਾਨਿਤ, ਖਿਡਾਰੀਆਂ ‘ਚ ਭਾਰੀ ਉਤਸਾਹ

Published: 

23 May 2026 21:44 PM IST

ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਅਤੇ ਓਲੰਪੀਅਨ ਮਨਦੀਪ ਸਿੰਘ ਨੂੰ ਭਲਕੇ ਪੰਜਾਬ ਸਰਕਾਰ ਵੱਲੋਂ ਵੱਕਾਰੀ 'ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ' ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਮੌਕੇ ਤੋਂ ਪਹਿਲਾਂ ਮਨਦੀਪ ਸਿੰਘ ਨੇ ਆਪਣੀਆਂ ਪ੍ਰਾਪਤੀਆਂ, ਭਾਰਤੀ ਟੀਮ ਦੀਆਂ ਤਿਆਰੀਆਂ ਅਤੇ ਭਵਿੱਖ ਦੇ ਵੱਡੇ ਟੂਰਨਾਮੈਂਟਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ।

ਓਲੰਪੀਅਨ ਮਨਦੀਪ ਸਿੰਘ ਨੂੰ ਪੰਜਾਬ ਸਰਕਾਰ ਭਲਕੇ ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ ਨਾਲ ਕਰੇਗੀ ਸਨਮਾਨਿਤ, ਖਿਡਾਰੀਆਂ ਚ ਭਾਰੀ ਉਤਸਾਹ

ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਅਤੇ ਓਲੰਪੀਅਨ ਮਨਦੀਪ ਸਿੰਘ ਨੂੰ ਭਲਕੇ ਪੰਜਾਬ ਸਰਕਾਰ ਵੱਲੋਂ ਵੱਕਾਰੀ ‘ਮਹਾਰਾਜਾ ਰਣਜੀਤ ਸਿੰਘ ਖੇਡ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਮਹੱਤਵਪੂਰਨ ਮੌਕੇ ਤੋਂ ਪਹਿਲਾਂ ਮਨਦੀਪ ਸਿੰਘ ਨੇ ਆਪਣੀਆਂ ਪ੍ਰਾਪਤੀਆਂ, ਭਾਰਤੀ ਟੀਮ ਦੀਆਂ ਤਿਆਰੀਆਂ ਅਤੇ ਭਵਿੱਖ ਦੇ ਵੱਡੇ ਟੂਰਨਾਮੈਂਟਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ।

ਲੰਬੇ ਇੰਤਜ਼ਾਰ ਤੋਂ ਬਾਅਦ ਮਿਲਿਆ ਸਨਮਾਨ

ਇਸ ਐਵਾਰਡ ‘ਤੇ ਖੁਸ਼ੀ ਜ਼ਾਹਰ ਕਰਦਿਆਂ ਮਨਦੀਪ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਇਹ ਐਵਾਰਡ 2016 ਵਿੱਚ ਦਿੱਤੇ ਗਏ ਸਨ ਅਤੇ ਲੰਬੇ ਸਮੇਂ ਬਾਅਦ ਸਰਕਾਰ ਵੱਲੋਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ, ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਜਾ ਰਿਹਾ ਹੈ। ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਲਗਭਗ 90 ਖਿਡਾਰੀਆਂ ਨੂੰ ਇਹ ਸਨਮਾਨ ਮਿਲ ਰਿਹਾ ਹੈ, ਜੋ ਸਮੁੱਚੇ ਖੇਡ ਜਗਤ ਲਈ ਮਾਣ ਵਾਲੀ ਗੱਲ ਹੈ।

ਵਿਸ਼ਵ ਕੱਪ ਅਤੇ ਏਸ਼ੀਆਈ ਖੇਡਾਂ ਲਈ ਸਖ਼ਤ ਤਿਆਰੀ

ਭਾਰਤੀ ਹਾਕੀ ਟੀਮ ਦੇ ਮੌਜੂਦਾ ਹਾਲਾਤ ਬਾਰੇ ਗੱਲ ਕਰਦਿਆਂ ਮਨਦੀਪ ਨੇ ਦੱਸਿਆ ਕਿ ਇਸ ਸਮੇਂ ਬੈਂਗਲੁਰੂ ਦੇ ਕੈਂਪ ਵਿੱਚ ਸਾਰੇ ਖਿਡਾਰੀ ਦਿਨ-ਰਾਤ ਪਸੀਨਾ ਵਹਾ ਰਹੇ ਹਨ। ਟੀਮ ਦਾ ਮੁੱਖ ਧਿਆਨ ਆਉਣ ਵਾਲੇ ਵਿਸ਼ਵ ਕੱਪ, ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ‘ਤੇ ਹੈ। ਉਨ੍ਹਾਂ ਕਿਹਾ ਕਿ ਹਰ ਟੂਰਨਾਮੈਂਟ ਦੀ ਅਹਿਮੀਅਤ ਨੂੰ ਦੇਖਦੇ ਹੋਏ ਵੱਖਰੀ ਰਣਨੀਤੀ ਤਹਿਤ ਸੈਸ਼ਨ ਕੀਤੇ ਜਾ ਰਹੇ ਹਨ।

ਟੀਚਾ ਸਿਰਫ਼ ਸੋਨ ਤਮਗਾ ਅਤੇ ਵਿਸ਼ਵ ਕੱਪ ਟਰਾਫੀ

ਮਨਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਭਾਰਤੀ ਟੀਮ ਦਾ ਉਦੇਸ਼ ਸਿਰਫ਼ ਮੈਦਾਨ ਵਿੱਚ ਉਤਰਨਾ ਨਹੀਂ, ਸਗੋਂ ਇਤਿਹਾਸ ਸਿਰਜਣਾ ਹੈ। ਉਨ੍ਹਾਂ ਕਿਹਾ ਕਿ ਟੀਮ ਵਿਸ਼ਵ ਕੱਪ ਵਿੱਚ ਪੋਡੀਅਮ ਫਿਨਿਸ਼ ਕਰਕੇ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੇਗੀ। ਇਸ ਤੋਂ ਇਲਾਵਾ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਸਿੱਧਾ ਓਲੰਪਿਕ ਕੁਆਲੀਫਿਕੇਸ਼ਨ ਹਾਸਲ ਕਰਨਾ ਟੀਮ ਦੀ ਮੁੱਖ ਤਰਜੀਹ ਹੈ।

ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ, ਸਾਨੂੰ ਅਹਿਸਾਸ ਹੈ ਕਿ ਵਿਸ਼ਵ ਕੱਪ ਵਿੱਚ ਸਾਡਾ ਪ੍ਰਦਰਸ਼ਨ ਪਿਛਲੇ ਕੁਝ ਸਮੇਂ ਤੋਂ ਉਮੀਦ ਮੁਤਾਬਕ ਨਹੀਂ ਰਿਹਾ। ਪਰ ਇਸ ਵਾਰ ਅਸੀਂ ਪੂਰੇ ਸਮਰਪਣ ਨਾਲ ਤਿਆਰੀ ਕਰ ਰਹੇ ਹਾਂ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਵਿਸ਼ਵ ਕੱਪ ਦੀ ਟਰਾਫੀ ਚੁੱਕ ਕੇ ਹੀ ਵਾਪਸ ਪਰਤਾਂਗੇ।

ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦੀ ਲਹਿਰ

ਮਨਦੀਪ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਵੀ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪੂਰੇ ਪਰਿਵਾਰ ਅਤੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਬੇਟੇ ਮਨਦੀਪ ਦੇ ਨਾਲ ਵਰੁਣ ਕੁਮਾਰ ਅਤੇ ਹੋਰ ਕਰੀਬ 90 ਖਿਡਾਰੀਆਂ ਨੂੰ ਇਹ ਸਨਮਾਨ ਮਿਲਣਾ ਪੰਜਾਬ ਲਈ ਵੱਡੀ ਪ੍ਰਾਪਤੀ ਹੈ। ਪਿਤਾ ਰਵਿੰਦਰ ਸਿੰਘ ਨੇ ਕਿਹਾ, ਸਰਕਾਰ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਨਾਲ ਉਨ੍ਹਾਂ ਦਾ ਉਤਸ਼ਾਹ ਵਧਦਾ ਹੈ, ਜਿਸ ਦੇ ਨਤੀਜੇ ਮੈਦਾਨ ਵਿੱਚ ਦੇਖਣ ਨੂੰ ਮਿਲਦੇ ਹਨ। ਭਾਰਤ ਨੂੰ 40-45 ਸਾਲਾਂ ਤੋਂ ਵਿਸ਼ਵ ਕੱਪ ਟਰਾਫੀ ਦਾ ਇੰਤਜ਼ਾਰ ਹੈ। ਮਨਦੀਪ ਦਾ ਸ਼ਡਿਊਲ ਕਾਫ਼ੀ ਵਿਅਸਤ ਹੈ, ਪਰ ਸਾਨੂੰ ਉਮੀਦ ਹੈ ਕਿ ਇਸ ਵਾਰ ਭਾਰਤੀ ਟੀਮ ਇਹ ਘਾਟ ਪੂਰੀ ਕਰੇਗੀ ਅਤੇ ਵਿਸ਼ਵ ਕੱਪ ਦਾ ਮੈਡਲ ਦੇਸ਼ ਦੀ ਝੋਲੀ ਪਾਵੇਗੀ।

Follow Us