Prisoners Flee: ਕੇਂਦਰੀ ਜੇਲ੍ਹ ਤੋਂ ਬਾਅਦ ਹੁਣ ਬਾਲ ਸੁਧਾਰ ਘਰ ਤੋਂ ਵੀ ਫਰਾਰ ਹੋਏ ਦੋ ਹਵਾਲਾਤੀ, ਚਾਦਰ ਦੀ ਰੱਸੀ ਬਣਾ ਕੇ ਟੱਪੀ ਕੰਧ

Published: 

08 May 2023 19:33 PM

Crime News: ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਕ ਦਿਨ ਪਹਿਲਾਂ ਹੀ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਟਾਵਰ ਦੇ ਸਹਾਰੇ ਇਕ ਹਵਾਲਾਤੀ ਦੀਵਾਰ ਟੱਪ ਕੇ ਭੱਜਿਆ ਸੀ, ਜੋ ਅੱਜ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Prisoners Flee: ਕੇਂਦਰੀ ਜੇਲ੍ਹ ਤੋਂ ਬਾਅਦ ਹੁਣ ਬਾਲ ਸੁਧਾਰ ਘਰ ਤੋਂ ਵੀ ਫਰਾਰ ਹੋਏ ਦੋ ਹਵਾਲਾਤੀ, ਚਾਦਰ ਦੀ ਰੱਸੀ ਬਣਾ ਕੇ ਟੱਪੀ ਕੰਧ
Follow Us On

ਲੁਧਿਆਣਾ ਨਿਊਜ: ਬੇਸ਼ੱਕ ਲੁਧਿਆਣਾ ਦੀ ਕੇਂਦਰੀ ਜੇਲ ਸੁਰਖੀਆਂ ਵਿਚ ਰਹਿੰਦੀ ਹੈ ਪਰ ਹੁਣ ਸ਼ਿਮਲਾਪੁਰੀ ਵਿਖੇ ਬਣਿਆ ਬਾਲ ਸੁਧਾਰ ਘਰ ਵੀ ਸਵਾਲਾਂ ਦੇ ਘੇਰੇ ਵਿਚ ਹੈ। ਬੀਤੀ ਰਾਤ ਦੋ ਹਵਾਲਾਤੀ ਚਾਦਰ ਦੀ ਰੱਸੀ ਬਣਾ ਕੇ ਦੀਵਾਰ ਟੱਪ ਕੇ ਫਰਾਰ ਹੋ ਗਏ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੋਵੇਂ ਹਵਾਲਾਤੀ ਐਨਡੀਪੀਐਸ ਐਕਟ ਕੇਸ ਵਿੱਚ ਸਜ਼ਾ ਕੱਟ ਰਹੇ ਸਨ। ਜਦੋਂ ਸਵੇਰੇ ਅਧਿਕਾਰੀਆਂ ਨੇ ਹਵਾਲਾਤੀਆਂ ਦੀ ਗਿਣਤੀ ਕੀਤੀ ਤਾਂ ਦੋਵੇਂ ਮੁਲਜਮ ਆਪਣੀ ਬੈਰਕ ਵਿੱਚ ਮੌਜੂਦ ਨਹੀਂ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਨ੍ਹਾਂ ਵੱਲੋਂ ਪੁਲਿਸ ਥਾਣੇ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਬਾਲ ਸੁਧਾਰ ਘਰ ਦੇ ਸਹਾਇਕ ਸੁਪਰੀਟੇਡੇਂਟ ਨੇ ਦੱਸਿਆ ਕਿ ਸਵੇਰੇ ਜਦੋਂ ਗਿਣਤੀ ਦੇ ਸਮੇਂ ਚੈੱਕ ਕੀਤਾ ਗਿਆ ਹੈ ਤਾਂ ਇਹਨਾਂ ਵਿੱਚੋਂ ਦੋ ਹਵਾਲਾਤੀ ਮੌਕੇ ਤੇ ਮੌਜੂਦ ਨਹੀਂ ਸੀ। ਜਿਸ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਗਈ ਅਤੇ ਵੱਖ-ਵੱਖ ਜਗ੍ਹਾ ਤੇ ਚੈੱਕ ਕੀਤਾ ਗਿਆ ਤਾਂ ਪਤਾ ਚਲਿਆ ਕੀ ਇਹ ਦੋਵੇਂ ਹਵਾਲਾਤੀ ਫ਼ਰਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਛੇਤੀ ਹੀ ਦੋਵਾਂ ਨੂੰ ਫੜ ਲਿਆ ਜਾਵੇਗਾ।

ਪੁਲਿਸ ਨੇ ਦਿੱਤੀ ਮਾਮਲੇ ਦੀ ਜਾਣਕਾਰੀ

ਉਧਰ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਿਮਲਾਪੁਰੀ ਦੇ ਐਸਐਚਓ ਪ੍ਰਮੋਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕੀ ਬਾਲ ਸੁਧਾਰ ਘਰ ਵਿੱਚੋਂ ਦੋ ਹਵਾਲਾਤੀ ਫ਼ਰਾਰ ਹੋਏ ਹਨ।ਜਿਸ ਤੋਂ ਬਾਅਦ ਉਨ੍ਹਾਂ ਮੌਕੇ ਤੇ ਪਹੁੰਚ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਵੱਖ-ਵੱਖ ਜਗ੍ਹਾ ਤੋਂ ਚੈੱਕ ਕਰਨ ਉਪਰੰਤ ਸੀਸੀਟੀਵੀ ਕੈਮਰਿਆਂ ਦੀ ਮਦਦ ਲਈ ਗਈ ਤਾਂ ਦੇਖਿਆ ਗਿਆ ਕਿ ਦੋਵੇਂ ਹਵਾਲਾਤੀ ਚਾਦਰ ਦਾ ਸਹਾਰਾ ਲੈ ਕੇ ਦੀਵਾਰ ਟੱਪ ਫ਼ਰਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਵਿਚੋਂ ਇੱਕ 19 ਸਾਲ ਦਾ ਇਕ ਅੰਮ੍ਰਿਤਸਰ ਨਿਵਾਸੀ ਹੈ ਅਤੇ ਦੂਸਰਾ ਨਸ਼ਾ ਤਸਕਰੀ ਮਾਮਲੇ ਵਿੱਚ ਬੰਦ 16 ਸਾਲ ਦਾ ਪਟਿਆਲਾ ਨਿਵਾਸੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਟੀਮ ਨੂੰ ਪਟਿਆਲਾ ਭੇਜਿਆ ਜਾਵੇਗਾ ਅਤੇ ਦੂਸਰੀ ਟੀਮ ਨੂੰ ਅੰਮ੍ਰਿਤਸਰ ਭੇਜਿਆ ਜਾਵੇਗਾ ਤਾਂ ਕਿ ਇਹਨਾਂ ਦੋਵਾਂ ਹੀ ਮੁਲਜਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਥਾਣੇ ਨੂੰ ਵੀ ਇਸ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਤਾਂ ਕਿ ਇਨ੍ਹਾਂ ਦੀ ਗ੍ਰਿਫਤਾਰੀ ਜਲਦ ਤੋਂ ਜਲਦ ਹੋ ਸਕੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ