ਲੱਦਾਖ ਚ ਲੈਂਡ ਸਲਾਈਡਿੰਗ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਮਨਕੋਟਿਆ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ, ਮੰਤਰੀ ਕਟਾਰੂਚੱਕ ਵੀ ਪਹੁੰਚੇ
Lt. Col Bhanu Pratap Mankotia Cremation: ਲੱਦਾਖ ਦੇ ਗਲਵਾਨ ਦੇ ਚਾਰਬਾਗ ਇਲਾਕੇ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਫੌਜ ਦੇ ਵਾਹਨ ਤੇ ਇੱਕ ਪੱਥਰ ਡਿੱਗ ਗਿਆ। ਜਿਸ ਕਰਕੇ ਗੱਡੀ ਵਿੱਚ ਸਵਾਰ ਦੋ ਅਧਿਕਾਰੀ ਸ਼ਹੀਦ ਹੋ ਗਏ ਅਤੇ ਤਿੰਨ ਅਧਿਕਾਰੀ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਏਅਰਲਿਫਟ ਕੀਤਾ ਗਿਆ। ਜ਼ਖਮੀਆਂ ਵਿੱਚ 2 ਮੇਜਰ ਅਤੇ 1 ਕੈਪਟਨ ਸ਼ਾਮਲ ਹਨ। ਸੈਨਿਕਾਂ ਦਾ ਕਾਫਲਾ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ।
ਲੈ.ਕਰਨਲ ਮਨਕੋਟਿਆ ਦੀ ਮ੍ਰਿਤਕ ਦੇਹ ਘਰ ਪਹੁੰਚੀ
ਕੱਲ੍ਹ ਸਵੇਰੇ ਲੱਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ‘ਤੇ ਲੈਂਡ ਸਲਾਈਡਿੰਗ ਹੋਈ ਸੀ। ਇਸ ਹਾਦਸੇ ਵਿੱਚ ਪਠਾਨਕੋਟ ਦੇ ਰਹਿਣ ਵਾਲੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਸ਼ਹੀਦ ਹੋ ਗਏ ਸਨ। ਭਾਨੂ ਪ੍ਰਤਾਪ ਸਿੰਘ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਇੱਕ ਸਾਲ ਦੇ ਪੁੱਤਰ ਨੂੰ ਛੱਡ ਗਏ ਹਨ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਪਠਾਨਕੋਟ ਪਹੁੰਚੀ। ਜਿੱਥੇ ਪੂਰੇ ਫੌਜੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਮੰਤਰੀ ਲਾਲ ਚੰਦ ਕਟਾਰੂਚਕ ਅਤੇ ਸੇਨਾ ਦੇ ਅਫ਼ਸਰ ਵੀ ਮੌਜ਼ੂਦ ਸਨ।
ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਘਰ ਪਹੁੰਚ ਗਈ। ਦੁਪਹਿਰ ਲਗਭਗ 3:00 ਵਜੇ, ਪਠਾਨਕੋਟ ਦੇ ਚੱਕੀ ਪਾਲ ਨੇੜੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਭਾਨੂ ਪ੍ਰਤਾਪ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਭਰਾ ਨੇ ਕੀਤਾ। ਇਸ ਮੌਕੇ ‘ਤੇ ਫੌਜ ਦੇ ਸੀਨੀਅਰ ਅਧਿਕਾਰੀ ਵੀ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੀ ਸਤਿਕਾਰ ਦੇ ਫੁੱਲ ਭੇਟ ਕਰਨ ਪਹੁੰਚੇ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਕੱਲ੍ਹ ਲੱਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ ‘ਤੇ ਅਚਾਨਕ ਲੈਂਡ ਸਲਾਈਡਿੰਗ ਕਾਰਨ ਫੌਜ ਦੀ ਇੱਕ ਗੱਡੀ ਪੱਥਰਾਂ ਦੀ ਲਪੇਟ ਵਿੱਚ ਆ ਗਈ। ਜਿਸ ਕਰਕੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਏ। ਨਾਲ ਹੀ ਤਿੰਨ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ, ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਸਨ, ਉਨ੍ਹਾਂ ਦੀ ਦੇਹ ਅੱਜ ਪਠਾਨਕੋਟ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ ਤਾਂ ਉੱਥੇ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਸਨ।
ਪਰਿਵਾਰ ਨੂੰ ਹੈ ਪੁੱਤਰ ਦੀ ਸ਼ਹਾਦਤ ‘ਤੇ ਮਾਣ
ਇਸ ਬਾਰੇ ਗੱਲ ਕਰਦਿਆਂ ਸ਼ਹੀਦ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਮਾਣ ਹੈ ਜੋ ਦੇਸ਼ ਲਈ ਸ਼ਹੀਦ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਫੌਨ ਕਰਕੇ ਇਸ ਹਾਦਸੇ ਬਾਰੇ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨਾਲ ਜਾਣ ਨਾਲ ਪਰਿਵਾਰ ਨੂੰ ਤਾਂ ਨੁਕਸਾਨ ਹੋਇਆ ਹੀ ਹੈ ਨਾਲ ਹੀ ਉਨ੍ਹਾਂ ਦੀ ਯੂਨਿਟ ਅਤੇ ਦੇਸ਼ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।
ਉੱਧਰ, ਇਸ ਬਾਰੇ ਗੱਲ ਕਰਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁਮਾਰ ਰਵਿੰਦਰ ਵਿੱਕੀ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਤੇ ਇਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਔਖੇ ਸਮੇਂ ਵਿੱਚ ਉਨ੍ਹਾਂ ਸੰਸਥਾ ਪਰਿਵਾਰ ਦੇ ਨਾਲ ਚੱਟਾਨ ਵਾਂਗ ਖੜੀ ਹੈ। ਸ਼ਹੀਦ ਪਰਿਵਾਰ ਨੂੰ ਉਨ੍ਹਾਂ ਵੱਲੋਂ ਆਪਣੇ ਪੱਧਰ ਤੇ ਹਰ ਸੰਭਵ ਮਦਦ ਮੁਹਇਆ ਕਰਵਾਈ ਜਾਵੇਗਾ।
ਇਹ ਵੀ ਪੜ੍ਹੋ
ਮੁੱਖ ਮੰਤਰੀ ਨੇ ਦਿੱਤੀ ਸ਼ਰਧਾਜੰਲੀ
ਦੋਵਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਸ਼ਰਧਾਜੰਲੀ ਦਿੱਤੀ। ਉਨ੍ਹਾਂ ਨੇ ਸ਼ੇਅਰ ਕੀਤੀ ਗਈ ਪੋਸਟ ਵਿੱਚ ਲਿਖਿਆ – ਦੋਵਾਂ ਵੀਰ ਜਵਾਨਾਂ ਦੇ ਸ਼ਹੀਦ ਹੋਣ ਦੀ ਦੁਖਦਾਈ ਖਬਰ ਮਿਲੀ। ਨਾਲ ਹੀ ਉਨ੍ਹਾਂ ਨੇ ਦੋਵਾਂ ਪਰਿਵਾਰਾਂ ਪ੍ਰਤੀ ਹਮਦਰਦੀ ਜਤਾਈ ਤੇ ਨਾਲ ਹੀ ਜਖ਼ਮੀ ਹੋਏ ਜਵਾਨਾਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ।
ਲੱਦਾਖ ਦੀ ਗਲਵਾਨ ਘਾਟੀ ਵਿਖੇ ਹੋਈ ਲੈਂਡਸਲਾਇਡਿੰਗ ‘ਚ ਪਠਾਨਕੋਟ ਦੇ ਜਵਾਨ ਭਾਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਦਲਜੀਤ ਸਿੰਘ ਦੇ ਸ਼ਹੀਦ ਹੋਣ ਅਤੇ 3 ਹੋਰ ਜਵਾਨਾਂ ਦੇ ਜਖ਼ਮੀ ਹੋਣ ਦੀ ਦੁਖਦਾਈ ਖ਼ਬਰ ਮਿਲੀ। ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਅਤੇ ਜ਼ਖ਼ਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ pic.twitter.com/VPSlc3fhCA
— Bhagwant Mann (@BhagwantMann) July 31, 2025
ਕੱਲ ਵਾਪਰਿਆਂ ਸੀ ਦੁਖਦਾਈ ਹਾਦਸਾ
ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 11:30 ਵਜੇ ਵਾਪਰਿਆ ਜਦੋਂ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਇੱਕ ਫੌਜੀ ਵਾਹਨ ਜ਼ਮੀਨ ਖਿਸਕਣ ਕਰਕੇ ਇਸ ਵਿੱਚ ਫਸ ਗਿਆ। ਇਸ ਵਿੱਚ 14 ਸਿੰਧ ਹਾਰਸ ਦੇ ਲੈਫਟੀਨੈਂਟ ਕਰਨਲ ਮਨਕੋਟੀਆ ਅਤੇ ਦਲਜੀਤ ਸਿੰਘ ਸ਼ਹੀਦ ਹੋ ਗਏ। ਜਦੋਂ ਕਿ ਮੇਜਰ ਮਯੰਕ ਸ਼ੁਭਮ (14 ਸਿੰਧ ਹਾਰਸ), ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ (60 ਆਰਮਡ) ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ 153 ਜੀਐਚ, ਲੇਹ ਵਿੱਚ ਇਲਾਜ ਚੱਲ ਰਿਹਾ ਹੈ।
