ਜੇ ਮਾਲਵਾ ਬਣਾਉਂਦਾ ਹੈ ਸਰਕਾਰ ਤਾਂ ਮਾਝਾ ਵੀ ਪੰਥਕ ਗੜ੍ਹ, ਜਾਣੋਂ…ਪੰਜਾਬ ਦੇ ਸਿਆਸੀ ਸਮੀਕਰਨ
ਜੇਕਰ ਲੋਕ ਸਭਾ ਸੀਟਾਂ ਦੇ ਹਿਸਾਬ ਨਾਲ ਗੱਲ ਕਰੀਏ ਸਭ ਤੋਂ ਤਕੜਾ ਦਿਖਾਈ ਦਿੰਦਾ ਹੈ ਮਾਲਵਾ। ਇਸ ਇਲਾਕੇ ਕੋਲ 8 ਲੋਕ ਸਭਾ ਦੀਆਂ ਸੀਟਾਂ ਹਨ ਤਕਰੀਬਨ ਤਕਰੀਬਨ ਅੱਧੀਆਂ ਸੀਟਾਂ। ਇਸਤੋਂ ਬਾਅਦ ਦੂਜੇ ਨੰਬਰ ਤੇ ਵਾਰੀ ਆਉਂਦੀ ਹੈ ਮਾਝੇ ਦੀ ਇਸ ਇਲਾਕੇ ਵਿੱਚ 3 ਸੀਟਾਂ ਆਉਂਦੀਆਂ ਹਨ ਅਤੇ ਅਖੀਰ ਵੀ ਆਉਂਦਾ ਦੋਆਬਾ, ਐਥੇ 2 ਸੀਟਾਂ ਹਨ।

ਦੇਸ਼ ਭਰ ਵਿੱਚ ਆਮ ਚੋਣਾਂ ਯਾਨੀ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਹੈ। ਪੰਜਾਬ ਵਿੱਚ 7ਵੇਂ ਅਤੇ ਅਖਰੀਲੇ ਗੇੜ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਮਤਲਬ 4 ਜੂਨ ਦੀ ਸ਼ਾਮ ਦੇਸ਼ ਨੂੰ ਨਵੀਂ ਸਰਕਾਰ ਮਿਲ ਜਾਵੇਗੀ। ਜੋ ਫਿਰ ਅਗਲੇ ਪੰਜ ਸਾਲ ਦੇਸ਼ ਦੇ ਕਰੋੜਾਂ ਲੋਕਾਂ ਦਾ ਭਵਿੱਖ ਤੈਅ ਕਰੇਗੀ।
ਪੰਜਾਬ ਵਿੱਚੋਂ ਲੋਕ ਸਭਾ ਵਿੱਚ 13 ਮੈਂਬਰ ਚੁਣਕੇ ਪਹੁੰਚਦੇ ਹਨ। ਜਦੋਂਕਿ ਰਾਜਧਾਨੀ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਹੈ। ਪਰ ਇਸ ਨੂੰ ਕੇਂਦਰ ਸਾਸਿਤ ਪ੍ਰਦੇਸ਼ ਹੋਣ ਕਾਰਨ ਪੰਜਾਬ ਦੀਆਂ 13 ਸੀਟਾਂ ਤੋਂ ਵੱਖਰੇ ਤੌਰ ਤੇ ਗਿਣਿਆ ਜਾਂਦਾ ਹੈ। ਪੰਜਾਬ ਦਾ ਨਾਮ ਪਾਣੀਆਂ ਦੀ ਧਰਤੀ ਦੇ ਨਾਮ ਤੇ ਪਿਆ ਹੈ ਅਤੇ ਇਲਾਕਿਆਂ ਦੀ ਵੰਡ ਵੀ ਪਾਣੀਆਂ ਦੇ ਵਹਾਅ ਨੇ ਹੀ ਤੈਅ ਕੀਤੀ ਹੈ। ਦਰਿਆਵਾਂ ਨੂੰ ਅਧਾਰ ਮੰਨ ਕੇ ਹੀ ਪੰਜਾਬ ਨੂੰ 3 ਸਬ ਇਲਾਕਿਆਂ ਵਿੱਚ ਵੰਡਿਆ ਜਾਂਦਾ ਹੈ। ਜਿਸ ਨੂੰ ਅਸੀਂ ਮਾਝਾ ਮਾਲਵਾ ਅਤੇ ਦੋਆਬਾ ਕਹਿੰਦੇ ਹਾਂ। ਪਰ ਕਈ ਕਈ ਵਿਦਿਵਾਨ ਪੁਆਧ ਨੂੰ ਵੀ ਇੱਕ ਵੱਖਰਾ ਇਲਾਕਾ ਮੰਨਦੇ ਹਨ।
ਆਓ ਇੱਕ ਇੱਕ ਕਰਕੇ ਜਾਣਦੇ ਹਾਂ ਕਿ ਪੰਜਾਬ ਦੇ ਇਸ ਮਾਝੇ ਮਾਲਵੇ ਅਤੇ ਦੋਆਬੇ ਦਾ ਸਿਆਸਤ ਵਿੱਚ ਕੀ ਰੋਲ ਹੈ। ਇਹ ਸੂਬੇ ਦੀ ਸਿਆਸਤ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਅਤੇ ਕੇਂਦਰ ਤੇ ਵੀ ਕਿਵੇਂ ਅਸਰ ਛੱਡਦਾ ਹੈ। ਆਓ ਜਾਣਦੇ ਹਾਂ ਇਸ ਰਿਪੋਰਟ ਵਿੱਚ
ਸਿਆਸਤ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਹਨਾਂ ਇਲਾਕਿਆਂ ਦੀ ਵੰਡ ਕਿਵੇਂ ਹੋਈ।
- ਸਭ ਤੋਂ ਉੱਪਰ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿੱਚੋ ਵਿੱਚ ਸਥਿਤ ਹੈ ਮਾਝਾ
- ਉਸ ਤੋਂ ਥੱਲੇ ਬਿਆਸ ਅਤੇ ਸਤਲੁਜ ਵਿਚਾਲੇ ਸਥਿਤ ਹੈ ਦੋਆਬਾ
- ਸਭ ਤੋਂ ਹੇਠਾਂ ਸਤਲੁਜ ਤੋਂ ਪਾਰ ਵਾਲੇ ਇਲਾਕੇ ਨੂੰ ਆਖਿਆ ਜਾਂਦਾ ਹੈ ਮਾਲਵਾ
ਜੇਕਰ ਲੋਕ ਸਭਾ ਸੀਟਾਂ ਦੇ ਹਿਸਾਬ ਨਾਲ ਗੱਲ ਕਰੀਏ ਸਭ ਤੋਂ ਤਕੜਾ ਦਿਖਾਈ ਦਿੰਦਾ ਹੈ ਮਾਲਵਾ। ਇਸ ਇਲਾਕੇ ਕੋਲ 8 ਲੋਕ ਸਭਾ ਦੀਆਂ ਸੀਟਾਂ ਹਨ ਤਕਰੀਬਨ ਤਕਰੀਬਨ ਅੱਧੀਆਂ ਸੀਟਾਂ। ਇਸਤੋਂ ਬਾਅਦ ਦੂਜੇ ਨੰਬਰ ਤੇ ਵਾਰੀ ਆਉਂਦੀ ਹੈ ਮਾਝੇ ਦੀ ਇਸ ਇਲਾਕੇ ਵਿੱਚ 3 ਸੀਟਾਂ ਆਉਂਦੀਆਂ ਹਨ ਅਤੇ ਅਖੀਰ ਵੀ ਆਉਂਦਾ ਦੋਆਬਾ। ਐਥੇ 2 ਸੀਟਾਂ ਹਨ ਪਰ ਖਾਸ ਗੱਲ ਹੈ ਇਹ ਦੋਵੇਂ ਹੀ ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ। ਇਸ ਅਧਾਰ ਤੇ ਮੰਨ ਸਕਦੇ ਹਾਂ ਕਿ ਇਸ ਇਲਾਕੇ ਵਿੱਚ ਕਾਫ਼ੀ ਗਿਣਤੀ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕ ਰਹਿੰਦੇ ਹਨ।
ਇਹ ਵੀ ਪੜ੍ਹੋ
ਖੈਰ ਆਪਾਂ ਸਿਆਸੀ ਸਮੀਕਰਨ ਤੇ ਆਉਂਦੇ ਹਾਂ। ਆਪਾਂ ਸ਼ੁਰੂਆਤ ਸਿਖਰ ਤੋਂ ਕਰਦੇ ਹਾਂ ਸਭ ਤੋਂ ਪਹਿਲਾ ਗੱਲ ਮਾਝੇ ਦੀ ਕਰਾਂਗੇ। ਮਾਝਾ ਹਮੇਸ਼ਾ ਹੀ ਸੰਵੇਦਨਸੀਲ ਰਿਹਾ ਹੈ। ਕਿਉਂਕਿ ਇਸ ਇਲਾਕੇ ਦੀਆਂ ਸਰਹੱਦਾਂ ਕੌਮਾਂਤਰੀ ਬਾਰਡਰਾਂ ਨਾਲ ਲੱਗਦੀਆਂ ਹਨ। ਲਹਿੰਦੇ ਵੱਲ ਨੂੰ ਪਾਕਿਸਤਾਨ ਹੈ ਜਦੋਂ 75ਕੁ ਵਰ੍ਹੇ ਪਹਿਲਾਂ ਤੱਕ ਪੰਜਾਬ ਹੀ ਹੋਇਆ ਕਰਦਾ ਸੀ। ਪਾਕਿਸਤਾਨ ਜੇਕਰ ਬਣਿਆ ਤਾਂ ਉਹ ਮਾਝੇ ਨੂੰ ਹੀ ਤੋੜ ਕੇ ਬਣਿਆ ਅਤੇ ਕੁੱਝ ਮਾਲਵੇ ਨੂੰ।
ਮਾਝਾ
ਇਸ ਇਲਾਕੇ ਵਿੱਚ ਸਿੱਖਾਂ ਦਾ ਪਵਿੱਤਰ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸੁਸੋਬਿਤ ਹੈ। ਜਿਸ ਕਰਕੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਤੋਂ ਵੀ ਬਹੁ-ਗਿਣਤੀ ਵਿੱਚ ਲੋਕ ਮਾਝੇ ਵੱਲ ਆਉਂਦੇ ਹਨ। ਮਾਝਾ ਪੱਟੀ ਵਿੱਚ ਸੰਪਰਦਾਇਕ ਅਤੇ ਸੁਰੱਖਿਆ ਮੁੱਦੇ ਰਾਜਨੀਤੀ ਦਾ ਰਾਹ ਤੈਅ ਕਰਦੇ ਹਨ। ਮਾਝੇ ਇਲਾਕੇ ਵਿੱਚ 3 ਲੋਕ ਸਭਾ ਦੀਆਂ ਸੀਟਾਂ ਹਨ।
- ਅੰਮ੍ਰਿਤਸਰ
- ਖਡੂਰ ਸਾਹਿਬ
- ਗੁਰਦਾਸਪੁਰ
ਮੌਜੂਦਾ ਸਮੇਂ ਵਿੱਚ ਇਹਨਾਂ ਵਿੱਚੋਂ 2 ਅੰਮ੍ਰਿਤਸਰ ਅਤੇ ਖਡੂਰ ਸਾਹਿਬ ਕਾਂਗਰਸ ਕੋਲ ਹੈ ਅਤੇ ਗੁਰਦਾਸਪੁਰ ਭਾਜਪਾ ਕੋਲ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰੀਆ ਨੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਜਿਤਾਕੇ ਲੋਕ ਸਭਾ ਭੇਜਿਆ ਸੀ। ਸੰਨੀ ਦਿਓਲ ਨੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ (ਹੁਣ ਭਾਜਪਾ ਦੇ ਸੂਬਾ ਪ੍ਰਧਾਨ ਹਨ) ਨੂੰ 82,459 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਜੇਕਰ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ ਐਥੋ ਸਾਂਸਦ ਗੁਰਜੀਤ ਸਿੰਘ ਔਜਲਾ ਹਨ। ਔਜਲਾ ਨੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੂੰ 99,626 ਵੋਟਾਂ ਦੇ ਫਰਕ ਨਾਲ ਹਰਾਕੇ ਦੂਜੀ ਵਾਰ ਜਿੱਤ ਹਾਸਿਲ ਕੀਤੀ ਸੀ। ਇਸ ਇਲਾਕੇ ਵਿੱਚ ਤੀਜੀ ਸੀਟ ਪੈਂਦੀ ਹੈ ਖਡੂਰ ਸਾਹਿਬ। ਜਿਸਨੂੰ ਪੰਥਕ ਸੀਟ ਵੀ ਕਿਹਾ ਜਾਂਦਾ ਹੈ। ਇਸ ਸੀਟ ਤੋਂ ਕਾਂਗਰਸ ਦੇ ਜਸਬੀਰ ਸਿੰਘ ਗਿੱਲ ਲੋਕ ਸਭਾ ਦੇ ਮੈਂਬਰ ਹਨ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ 1,40,573 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਦੋਆਬਾ
ਦੋਆਬੇ ਦੇ ਇਲਾਕੇ ਨੂੰ NRI ਲੋਕਾਂ ਦਾ ਇਲਾਕਾ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਇੱਕ ਸਮਾਂ ਅਜਿਹਾ ਸੀ ਕਿ ਇਸ ਖਿੱਤੇ ਵਿੱਚ ਸਭ ਤੋਂ ਜ਼ਿਆਦਾ ਪ੍ਰਵਾਸ ਹੋਇਆ ਸੀ ਪਰ ਮੌਜੂਦਾ ਸਮੇਂ ਵਿੱਚ ਸਭ ਤੋਂ ਜ਼ਿਆਦਾ ਪ੍ਰਵਾਸੀ ਨਿਵਾਸੀ ਮਾਲਵਾ ਇਲਾਕੇ ਵਿੱਚੋਂ ਆਉਂਦੇ ਹਨ। ਪਰ ਇਸ ਦੇ ਨਾਲ ਹੀ ਦੋਆਬਾ ਨੂੰ ਅਨੁਸੂਚਿਤ ਬਹੁ- ਗਿਣਤੀ ਇਲਾਕਾ ਮੰਨਿਆ ਜਾਂਦਾ ਹੈ। ਐਥੇ ਡੇਰਾ ਬੱਲਾਂ, ਦੇਵੀ ਤਲਾਬ ਮੰਦਰ ਅਤੇ ਨਕੋਦਰ ਵਿਖੇ ਵੱਡੇ ਧਾਰਮਿਕ ਅਸਥਾਨ ਹਨ।
ਜੇਕਰ ਮੌਜੂਦਾ ਸਮੇਂ ਵਿੱਚ ਸਿਆਸੀ ਸਮੀਕਰਨ ਦੀ ਗੱਲ ਕਰੀਏ ਤਾਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੁਸੀਲ ਰਿੰਕੂ ਉੱਪ ਚੋਣ ਜਿੱਤ ਕੇ ਸਦਨ ਪਹੁੰਚੇ ਸਨ ਤਾਂ ਉੱਥੇ ਹੀ ਦੂਜੀ ਭਾਜਪਾ ਦੇ ਹਿੱਸੇ ਵਿੱਚ ਆਈ ਸੀ। ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਜਿੱਤੇ ਸਨ ਅਤੇ ਉਹ ਕੇਂਦਰ ਦੀ ਮੋਦੀ ਸਰਕਾਰ ਵਿੱਚ ਮੰਤਰੀ ਵੀ ਰਹੇ।
ਮਾਲਵਾ
ਪੰਜਾਬ ਦਾ ਸਭ ਤੋਂ ਵੱਡਾ ਖੇਤਰ। ਜਿਸ ਨੇ ਪੰਜਾਬ ਦੇ ਇਤਿਹਾਸ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾ ਵਿਚਾਲੇ ਸੰਧੀ ਇਸੇ ਸਤਲੁਜ ਦੇ ਕੰਢੇ ਹੋਈ ਸੀ। ਜਿਸ ਨਾਲ ਤੈਅ ਹੋ ਗਿਆ ਸੀ ਕਿ ਮਹਾਰਾਜਾ ਮਾਝੇ- ਦੁਆਬੇ ਵੱਲ ਰਾਜ ਕਰੇਗਾ ਅਤੇ ਅੰਗਰੇਜ਼ ਮਾਲਵੇ ਆਲੇ ਪਾਸੇ। ਜਾਣੀਕਿ ਸਤਲੁਜ ਨੂੰ ਇੱਕ ਸਰਹੱਦ ਮੰਨ ਲਿਆ ਗਿਆ। ਸਿਆਸੀ ਸਮੀਕਰਨਾਂ ਵਿੱਚ ਵੀ ਮਾਲਵੇ ਦਾ ਦਬਦਬਾ ਹੈ। ਪੰਜਾਬ ਦੀ ਸੂਬਾ ਸਰਕਾਰ ਅਤੇ ਐਥੋ ਤੱਕ ਕਿ ਮੁੱਖ ਮੰਤਰੀ ਵੀ ਇਸ ਇਲਾਕੇ ਵਿਚੋਂ ਹੀ ਚੁਣਿਆ ਜਾਂਦਾ। 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਲੰਬੀ, ਸ਼੍ਰੀ ਮੁਕਤਸਰ ਸਾਹਿਬ), ਕੈਪਟਨ ਅਮਰਿੰਦਰ ਸਿੰਘ (ਪਟਿਆਲਾ) ਅਤੇ ਭਗਵੰਤ ਸਿੰਘ ਮਾਨ (ਧੂਰੀ, ਸੰਗਰੂਰ)।
ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਸਭ ਤੋਂ ਵੱਧ 8 ਮਾਲਵਾ ਖਿੱਤੇ ਵਿੱਚ ਹਨ ਅਤੇ ਇਸੇ ਤਰ੍ਹਾਂ ਵਿਧਾਨ ਸਭਾ ਲਈ ਸੂਬੇ ਦੀਆਂ 117 ਵਿੱਚੋਂ 69 ਸੀਟਾਂ ਮਾਲਵਾ ਦੇ ਹਿੱਸੇ ਵਿੱਚ ਹਨ। ਅਜਿਹੀ ਸਥਿਤੀ ਵਿੱਚ ਲੋਕ ਸਭਾ ਚੋਣਾਂ ਹੋਣ ਜਾਂ ਵਿਧਾਨ ਸਭਾ ਚੋਣਾਂ, ਮਾਲਵਾ ਖੇਤਰ ਵਿੱਚ ਵੋਟਿੰਗ ਦੁਆਰਾ ਕਿਸੇ ਵੀ ਪਾਰਟੀ ਦੇ ਹੱਕ ਵਿੱਚ ਭੁਗਤਦੀ ਹੈ, ਉਸ ਨੂੰ ਸੰਸਦ ਵਿੱਚ ਮਜ਼ਬੂਤ ਆਵਾਜ਼ ਬਣਨ ਅਤੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਮਾਲਵੇ ਵਿੱਚ ‘ਝਾੜੂ’ ਫੇਰਦਿਆਂ 69 ਵਿੱਚੋਂ 66 ਸੀਟਾਂ ਜਿੱਤ ਲਈਆਂ ਸਨ ਅਤੇ ਸੂਬੇ ਦੀ ਸੱਤਾ ਆਮ ਆਦਮੀ ਪਾਰਟੀ ਦੇ ਹਿੱਸੇ ਵਿੱਚ ਆਈ ਸੀ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਹਿੱਸੇ ਵਿੱਚ 5 ਸੀਟਾਂ ਆਈਆਂ ਸਨ। ਜਿੰਨ੍ਹਾਂ ਵਿੱਚੋਂ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਸ਼੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ, ਪਟਿਆਲਾ ਤੋਂ ਪ੍ਰਨੀਤ ਕੌਰ (ਹੁਣ ਭਾਜਪਾ ਵਿੱਚ), ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਅਤੇ ਫਰੀਦਕੋਟ ਤੋਂ ਜਨਾਬ ਮੁਹੰਮਦ ਸਦੀਕ ਸਾਂਸਦ ਚੁਣੇ ਗਏ ਸਨ। ਇਸ ਤੋਂ ਇਲਾਵਾ 3 ਸੀਟਾਂ ਵਿੱਚ ਦੋ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਿੱਚ ਆਈਆਂ ਸਨ। ਜਿਨ੍ਹਾਂ ਵਿੱਚੋਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਸਾਂਸਦ ਪਹੁੰਚੇ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੂੰ ਮਹਿਜ਼ ਇੱਕ ਸੀਟ ਨਾਲ ਹੀ ਸਬਰ ਕਰਨਾ ਪਿਆ ਸੀ।
ਸੰਗਰੂਰ ਸੀਟ ਤੋਂ ਭਗਵੰਤ ਮਾਨ ਸਾਂਸਦ ਬਣੇ ਸਨ। ਪਰ 2022 ਦੀਆਂ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਦੀ ਜਿੱਤ ਹੋਈ ਸੀ ਅਤੇ ਮੌਜੂਦਾ ਸਮੇਂ ਉਹ ਇਸ ਸੀਟ ਤੋਂ ਸਾਂਸਦ ਹਨ।