Punjab Government: ਪੰਜਾਬ ਸਰਕਾਰ ਨੇ ਝੂਠੀ ਵਾਹ-ਵਾਹ ਵਾਸਤੇ ਲਗਵਾਏ ਹੋਰਡਿੰਗ: ਵਿਧਾਇਕ ਚੌਧਰੀ

Updated On: 

25 Mar 2023 07:40 AM

Jalandhar By poll : ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮ ਸਿੰਘ ਚੌਧਰੀ ਨੇ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਸਰਕਾਰ 'ਤੇ ਜੰਮਕੇ ਨਿਸ਼ਾਨਾ ਸਾਧਿਆ,, ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਕੋਈ ਵੀ ਕੰਮ ਨਹੀਂ ਕੀਤਾ ਸਿਰਫ ਝੂਠੇ ਵਿਖਾਵੇ ਲਈ ਜਲੰਧਰ ਵਿੱਚ ਹੋਰਡਿੰਗ ਲਗਾਏ ਹਨ ਕਿਉਂਕਿ ਜ਼ਿਮਨੀ ਚੋਣ ਕਾਰਨ ਪੰਜਾਬ ਸਰਕਾਰ ਲੋਕਾਂ ਵਿਖਾਉਣਾ ਚਾਹੁੰਦੀ ਹੈ ਕਿ ਉਸਨੇ ਸੂਬੇ ਦਾ ਬਹੁਤ ਵਿਕਾਸ ਕਰਵਾਇਆ ਹੈ ਪਰ ਇਹ ਹਕੀਕਤ ਨਹੀਂ ਹੈ।

Punjab Government: ਪੰਜਾਬ ਸਰਕਾਰ ਨੇ ਝੂਠੀ ਵਾਹ-ਵਾਹ ਵਾਸਤੇ ਲਗਵਾਏ ਹੋਰਡਿੰਗ: ਵਿਧਾਇਕ ਚੌਧਰੀ

ਪੰਜਾਬ ਸਰਕਾਰ ਨੇ ਝੂਠੀ ਵਾਹ-ਵਾਹ ਵਾਸਤੇ ਲਗਵਾਏ ਹੋਰਡਿੰਗ: ਵਿਧਾਇਕ ਚੌਧਰੀ।

Follow Us On

ਜਲੰਧਰ। ਜਲੰਧਰ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਡੇਰਾ ਸੱਚਖੰਡ ਬੱਲਾਂ (Dera Sachkhand Balan) ਵਿਖੇ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਲਈ ਉਹੀ ਗ੍ਰਾਂਟ ਮੁੜ ਜਾਰੀ ਕਰ ਰਹੀ ਹੈ, ਜੋ ਪਿਛਲੀ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਸੀ। ਇਸ ਸਬੰਧ ਵਿੱਚ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮ ਚੌਧਰੀ ਅਤੇ ਜਲੰਧਰ ਜ਼ਿਲ੍ਹਾ ਕਾਂਗਰਸ (ਸ਼ਹਿਰੀ) ਪ੍ਰਧਾਨ ਰਜਿੰਦਰ ਬੇਰੀ, ਕਰਤਾਰਪੁਰ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਦਹੀਆ ਸਮੇਤ ਪ੍ਰੈੱਸ ਕਲੱਬ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਡੇਰਾ ਸੱਚਖੰਡ ਬੱਲਾਂ ਨੂੰ ਪੰਜਾਬ ਸਰਕਾਰ ਸਿਰਫ ਜ਼ਿਮਨੀ ਚੋਣ ਕਾਰਨ ਹੀ ਗ੍ਰਾਂਟ ਦੇ ਰਹੀ ਹੈ।

ਉਨ੍ਹਾਂ ਨੇ ਗ੍ਰਾਂਟ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਅਤੇ ਪੱਤਰ ਵਿਖਾਉਂਦਿਆਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਡੇਰਾ ਸੱਚਖੰਡ ਬੱਲਾਂ ਵਿਖੇ ਅਤਿ-ਆਧੁਨਿਕ ਗੁਰੂ ਰਵਿਦਾਸ (Guru Ravidas) ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਲਈ 50 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਪਹਿਲੀ ਕਿਸ਼ਤ ਵਜੋਂ 25 ਕਰੋੜ ਰੁਪਏ ਵੀ ਜਾਰੀ ਕੀਤੇ ਸਨ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਆਪ ਸਰਕਾਰ ਨੇ ਪਹਿਲਾਂ ਇਸ ਗਰਾਂਟ ਦੀ ਰਿਲੀਜ਼ ਨੂੰ ਰੋਕ ਦਿੱਤਾ ਅਤੇ ਫਿਰ ਝੂਠੀ ਵਾਹ ਵਾਹ ਖੱਟਣ ਅਤੇ ਜਲੰਧਰ ਜਿਮਨੀ ਚੋਣ (Jalandhar by-Election) ਕਾਰਨ ਉਹੀ ਗ੍ਰਾਂਟ ਮੁੜ ਦੇਣ ਦਾ ਨਾਟਕ ਕੀਤਾ ਜਾ ਰਿਹਾ ਹੈ।

‘ਇੱਕ ਵਾਰੀ ਸਿਰਫ 10 ਲੱਖ ਦੀ ਗ੍ਰਾਂਟ ਦਿੱਤੀ ਜਾ ਸਕਦੀ ਹੈ’

ਕਾਂਗਰਸ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ ਵਾਸਤੇ ਗ੍ਰਾਂਟ ਰਾਸ਼ੀ ਨੂੰ ਮਨਜ਼ੂਰੀ ਦੇਣ ਅਤੇ ਜਾਰੀ ਕਰਨ ਸਬੰਧੀ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮ ਚੌਧਰੀ ਨੇ ਦੱਸਿਆ ਕਿ ਗ੍ਰਾਂਟ ਦੇ ਐਲਾਨ ਤੋਂ ਬਾਅਦ ਸਰਕਾਰ ਨੇ 28 ਦਸੰਬਰ, 2021 ਨੂੰ ਸੰਤ ਨਿਰੰਜਨ ਦਾਸ ਜੀ ਮਹਾਰਾਜ ਜੀ ਦੀ ਪ੍ਰਧਾਨਗੀ ਹੇਠ 10 ਮੈਂਬਰੀ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ ਕਮੇਟੀ ਦਾ ਗਠਨ ਕੀਤਾ ਸੀ। ਤਿੰਨ ਦਿਨ ਬਾਅਦ, 31 ਦਸੰਬਰ, 2021 ਨੂੰ ਯੋਜਨਾ ਵਿਭਾਗ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ 25 ਕਰੋੜ ਰੁਪਏ ਜਾਰੀ ਕੀਤੇ। ਕਿਉਂਕਿ ਸਿਰਫ਼ ਉਹੀ ਰਜਿਸਟਰਡ ਸੋਸਾਇਟੀਆਂ ਅਤੇ ਚੈਰੀਟੇਬਲ ਟਰੱਸਟ ਜੋ ਘੱਟੋ-ਘੱਟ ਤਿੰਨ ਸਾਲ ਪਹਿਲਾਂ ਰਜਿਸਟਰਡ ਹੋਏ ਸਨ, ਇਸ ਪ੍ਰੋਗਰਾਮ ਅਧੀਨ ਗ੍ਰਾਂਟ ਲਈ ਯੋਗ ਸਨ ਅਤੇ ਵੱਧ ਤੋਂ ਵੱਧ ਗ੍ਰਾਂਟ ਇੱਕ ਵਾਰ ਵਿੱਚ 10 ਲੱਖ ਰੁਪਏ ਦਿੱਤੀ ਜਾ ਸਕਦੀ ਸੀ। ਇਸ ਲਈ ਪੰਜਾਬ ਮੰਤਰੀ ਮੰਡਲ ਨੇ ਇਹ 25 ਕਰੋੜ ਰੁਪਏ ਖਰਚਣ ਵਾਸਤੇ 5 ਜਨਵਰੀ, 2022 ਨੂੰ ਸਪੈਸ਼ਲ ਮਨਜ਼ੂਰੀ ਦਿੱਤੀ।

ਗ੍ਰਾਂਟ ਦੇਣ ਦਾ ਕਾਰਨ ਜ਼ਿਮਨੀ ਚੋਣ-ਵਿਧਾਇਕ

ਵਿਧਾਇਕ ਚੌਧਰੀ ਨੇ ਅੱਗੇ ਕਿਹਾ, ਤਿੰਨ ਮਹੀਨਿਆਂ ਬਾਅਦ 30 ਮਾਰਚ, 2022 ਨੂੰ ਨਵੀਂ ਚੁਣੀ ਗਈ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਗ੍ਰਾਂਟ ਵਾਪਸ ਮੰਗਵਾ ਲਈ ਤੇ ਆਦੇਸ਼ ਦਿੱਤਾ ਕਿ ਇਹ ਰਕਮ ਵਿਆਜ ਸਮੇਤ ਅਗਲੇ ਦਿਨ, 31 ਮਾਰਚ, 2022 ਤੱਕ ਸਰਕਾਰ ਨੂੰ ਵਾਪਸ ਕਰ ਦਿੱਤੀ ਜਾਵੇ। ਹੁਣ ਉਸੇ ਪ੍ਰੋਜੈਕਟ ਲਈ ਉਹੀ ਗ੍ਰਾਂਟ ਲਗਭਗ ਇੱਕ ਸਾਲ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੁੜ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਜੇਕਰ ਜਲੰਧਰ ‘ਚ ਜ਼ਿਮਨੀ ਚੋਣ ਨਾ ਹੁੰਦੀ ਤਾਂ ‘ਆਪ’ ਆਗੂਆਂ ਨੇ ਗ੍ਰਾਂਟ ਦੇਣੀ ਤਾਂ ਛੱਡੋ, ਡੇਰਾ ਸੱਚਖੰਡ ਬੱਲਾਂ ਜਾਣ ਦੀ ਪਰਵਾਹ ਵੀ ਨਹੀਂ ਕਰਨੀ ਸੀ।

ਲੋਕਾਂ ਨੂੰ ਗੁੰਮਰਾਹ ਕਰ ਰਹੀ ‘ਆਪ’ ਸਰਕਾਰ

ਕਾਂਗਰਸ ਦੇ ਵਿਧਾਇਕ ਵਿਕਰਮ ਸਿੰਘ ਚੌਧਰੀ ਨੇ ਕਿਹਾ ਕਿ ਜੇਕਰ ‘ਆਪ’ ਸਰਕਾਰ ਦੇ ਆਗੂ ਇੱਕ ਸਾਲ ਬਾਅਦ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਗ੍ਰਾਂਟ ਨੂੰ ਮੁੜ ਜਾਰੀ ਕਰਨ ਦਾ ਨਾਟਕ ਕਰਨਾ ਚਾਹੁੰਦੇ ਹਨ ਤਾਂ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮਲੇਵਾ ਭਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ 50 ਕਰੋੜ ਰੁਪਏ ਦੀ ਪੂਰੀ ਰਾਸ਼ੀ ਹੀ ਜਾਰੀ ਕਰ ਦਿੰਦੇ। ਉਨ੍ਹਾਂ ਆਖਿਆ ਕਿ ਸਰਕਾਰ ਦਾ ਧਿਆਨ ਸਿਰਫ ਝੂਠੀ ਵਾਹ ਵਾਹ ਕਰਵਾਉਣ ‘ਤੇ ਹੈ, ਜਿਸ ਵਾਸਤੇ ਜਲੰਧਰ ਸ਼ਹਿਰ ‘ਚ ਲੋਕਾਂ ਦੇ ਲੱਖਾਂ ਰੁਪਏ ਖਰਚ ਕਰਕੇ ਹੋਰਡਿੰਗ ਲਗਾਏ ਹਨ। ਉਹਨਾਂ ਕਿਹਾ ਕਿ ਇਹ ‘ਆਮ ਆਦਮੀ’ ਦੀ ਸਰਕਾਰ ਨਹੀਂ ਹੈ, ਸਗੋਂ ‘ਐਡ ਆਦਮੀ’ ਦੀ ਸਰਕਾਰ ਹੈ, ਜਿਸ ਦਾ ਕੰਮ ਇਸ਼ਤਿਹਾਰਬਾਜ਼ੀ ਕਰਕੇ ਸਿਰਫ ਆਪਣੇ ਆਪ ਨੂੰ ਚਮਕਾਉਣਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version