ਜਲੰਧਰ ਨਿਊਜ: ਜਲੰਧਰ ਲੋਕ ਸਭਾ ਜਿਮਨੀ ਚੋਣ (Jalandhar Loksabha Bypoll) ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਸਾਰੀਆਂ ਪਾਰਟੀਆਂ ਇਸ ਸੀਟ ਨੂੰ ਜਿੱਤਣ ਲਈ ਪੱਬਾ ਭਾਰ ਹਨ। ਇਸ ਵੇਲ੍ਹੇ ਜਲੰਧਰ ਵਿੱਚ ਡੇਰਾ ਲਾਈ ਬੈਠੇ ਸਾਰੇ ਵੱਡੇ ਆਗੂ ਇਕ-ਦੂਜੇ ਤੇ ਵਾਰ-ਪਲਟਵਾਰ ਕਰ ਰਹੇ ਹਨ। ਇਸੇ ਲੜੀ ਵਿੱਚ ਮੰਗਲਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ‘ਚ ਉਨ੍ਹਾਂ ਨੇ ‘ਆਪ’ ਸਰਕਾਰ ‘ਤੇ ਤਿੱਖੇ ਸ਼ਬਦੀ ਵਾਰ ਕੀਤੇ।
ਰਾਜਾ ਵੜਿੰਗ ਨੇ ਵਿਅੰਗ ਕੱਸਦਿਆਂ ਕਿਹਾ ਕਿ ‘ਆਪ’ ਸਰਕਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ, ਉਨ੍ਹਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਫੇਲ੍ਹ ਹੋ ਗਏ ਹਨ, ਭਾਵ ਪਾਰਟੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਹ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਹਾਰ ਚੁੱਕੇ ਹਨ ਅਤੇ ਹੁਣ ਜਲੰਧਰ ਤੋਂ ਵੀ ਹਾਰਣਗੇ। ‘ਆਪ’ ਸਰਕਾਰ ਨੇ ਕਿਹਾ ਸੀ ਕਿ ਉਹ ਆਮ ਲੋਕਾਂ ਨੂੰ ਪੁੱਛ ਕੇ ਉਮੀਦਵਾਰ ਦੇਣਗੇ, ਪਰ ਅਜਿਹਾ ਕੁਝ ਨਹੀਂ ਹੋਇਆ।
ਆਪ ਉਮੀਦਵਾਰ ਤੇ ਕਾਂਗਰਸ ‘ਤੇ ਸਵਾਲ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਆਪ ਵੱਲੋਂ ਸੁਸ਼ੀਲ ਰਿੰਕੂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ, ਜਿਸ ਕਾਰਨ ‘ਆਪ’ ਦੇ ਕਈ ਵਰਕਰ ਨਾਰਾਜ਼ ਹਨ। ਵਿਧਾਨਸਭਾ ਚੋਣਾਂ ਸਮੇਂ ਪਾਰਟੀ ਵੱਲੋਂ ਰਿੰਕੂ ਤੇ ਕਈ ਦੋਸ਼ ਲਾਏ ਗਏ ਸਨ ਪਰ ਹੁਣ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਭ ਕੁਝ ਠੀਕ ਹੋ ਗਿਆ ਹੈ। ਇਨ੍ਹਾਂ ਨੇ ਪੰਜਾਬ ਦੀ ਹਾਲਤ ਬਹੁਤ ਮਾੜੀ ਕਰ ਦਿੱਤੀ ਹੈ।
ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਨਸ਼ਾ ਤਸਕਰੀ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਪਰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ, ਉਹ ਫਰਾਰ ਹੈ। ਰਾਜਾ ਵੜਿੰਗ ਨੇ ਕਿਹਾ ਕਿ ਕਾਰਵਾਈ ਲਈ ਇੰਨਾ ਸਮਾਂ ਕਿਉਂ ਲੱਗਿਆ। ਲੋਕ ਸਭਾ ਜ਼ਿਮਨੀ ਚੋਣ ਕਰਕੇ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ?
‘ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਸਰਕਾਰ’
ਕਿਸਾਨਾਂ ਵੱਲੋਂ ਦਿੱਤੇ ਧਰਨੇ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਕਈ ਮੰਗਾਂ ਜਾਇਜ਼ ਹਨ ਅਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਕਈ ਥਾਈਂ ਅਜੇ ਤੱਕ ਗਿਰਦਾਵਰੀ ਨਹੀਂ ਹੋਈ ਅਤੇ ਕਈ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਥੋੜ੍ਹੇ ਦਿਨਾਂ ਬਾਅਦ ਫ਼ਸਲ ਦੀ ਕਟਾਈ ਹੋ ਜਾਵੇਗੀ ਤਾਂ ਕਿਸਾਨ ਆਪਣਾ ਨੁਕਸਾਨ ਕਿਵੇਂ ਦਿਖਾਉਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ