Kisan Protest: 121 ਕਿਸਾਨਾਂ ਨੇ ਤੋੜਿਆ ਮਰਨ ਵਰਤ, ਕੇਂਦਰ ਵੱਲੋਂ ਮਿਲਿਆ ਗੱਲਬਾਤ ਦਾ ਸੱਦਾ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਲਈ ਆਏ ਸੱਦੇ ਤੋਂ ਬਾਅਦ ਜਗਜੀਤ ਡੱਲੇਵਾਲ ਦੇ ਹੱਕ ਵਿੱਚ ਭੁੱਖ ਹੜਤਾਲ ਕਰਨ ਵਾਲੇ ਕਿਸਾਨਾਂ ਨੇ ਆਪਣਾ ਵਰਤ ਖ਼ਤਮ ਕਰ ਦਿੱਤਾ ਹੈ। ਕਿਸਾਨ ਆਗੂਆਂ ਦੇ ਇਸ ਫੈਸਲੇ ਤੋਂ ਬਾਅਦ ਹੁਣ ਸਿਰਫ਼ ਡੱਲੇਵਾਲ ਹੀ ਮਰਨ ਵਰਤ ਤੇ ਰਹਿਣਗੇ।
ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਮੋਰਚੇ ਵਿੱਚ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ (ਐਤਵਾਰ ਨੂੰ) 55 ਦਿਨ ਹੋ ਗਏ ਹਨ। ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਹਾਂ ਕਰ ਦਿੱਤੀ ਹੈ। ਕੇਂਦਰ ਸਰਕਾਰ 14 ਫਰਬਰੀ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਉਹਨਾਂ ਦੀਆਂ ਮੰਗਾਂ ਤੇ ਵਿਚਾਰ ਚਰਚਾ ਕਰੇਗੀ।
ਇਸ ਸੱਦੇ ਤੋਂ ਬਾਅਦ ਜਿੱਥੇ ਡੱਲੇਵਾਲ ਨੇ ਡਾਕਟਰੀ ਸੇਵਾਵਾਂ ਲੈਣ ਲਈ ਸਹਿਮਤੀ ਦੇ ਦਿੱਤੀ ਹੈ ਤਾਂ ਉੱਥੇ ਹੀ ਉਹਨਾਂ ਦੇ ਹੱਕ ਵਿੱਚ ਮਰਨ ਵਰਤੇ ਤੇ ਬੈਠੇ 121 ਕਿਸਾਨਾਂ ਨੇ ਆਪਣੇ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਸਿਰਫ਼ ਡੱਲੇਵਾਲ ਹੀ ਮਰਨ ਵਰਤ ਤੇ ਰਹਿਣਗੇ।
ਡੱਲੇਵਾਲ ਨੂੰ ਲਗਾਇਆ ਗਿਆ ਗਲੂਕੋਜ਼
ਕੇਂਦਰ ਦੇ ਸੱਦੇ ਤੋਂ ਬਾਅਦ ਡਾਕਟਰਾਂ ਦੀ ਟੀਮ ਵੱਲੋਂ ਡੱਲੇਵਾਲ ਨੂੰ ਗਲੂਕੋਜ਼ ਚੜਾਇਆ ਹੈ। ਇਸ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦੀ ਸਿਹਤ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਧਰ ਡਾਕਟਰ ਸਵੈਮਾਨ ਸਿੰਘ ਨੇ 14 ਫਰਬਰੀ ਨੂੰ ਹੋਣ ਵਾਲੀ ਮੀਟਿੰਗ ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਨਾਜ਼ੁਕ ਹੈ। ਜਿਸ ਕਰਕੇ ਮੀਟਿੰਗ ਵਿੱਚ ਐਨਾ ਸਮਾਂ ਨਹੀਂ ਪਾਉਣਾ ਚਾਹੀਦਾ। ਕਿਉਂਕਿ ਬਿਨਾਂ ਖਾਣੇ ਤੋਂ 14 ਫ਼ਰਬਰੀ ਤੱਕ ਡੱਲੇਵਾਲ ਦੀ ਸਿਹਤ ਹੋਰ ਵਿਗੜ ਸਕਦੀ ਹੈ।
ਡਾ. ਸਵੈਮਾਨ ਸਿੰਘ ਨੇ ਕਿਹਾ ਕਿ ਅਜਿਹੀ ਸਲਾਹ ਦੇਣ ਵਾਲੇ ਲੋਕ ਡੱਲੇਵਾਲ ਦੀ ਸਿਹਤ ਨਾਲ ਮਜ਼ਾਕ ਕਰ ਰਹੇ ਹਨ। ਕਿਉਂਕਿ ਪਹਿਲਾਂ ਹੀ ਕਾਫ਼ੀ ਦਿਨ ਹੋਣ ਕਾਰਨ ਉਹਨਾਂ ਦੀ ਸਿਹਤ ਵਿਗੜ ਰਹੀ ਹੈ।
ਅਸੀਂ ਹੱਲ ਲੱਭਣ ਆਏ ਹਾਂ- ਖੇਤੀਬਾੜੀ ਸਕੱਤਰ
ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਖੇਤੀਬਾੜੀ ਸਕੱਤਰ ਪ੍ਰਿਯਰੰਜਨ ਨੇ ਕਿਹਾ ਕਿ ਕੇਂਦਰ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਤ ਹੈ ਜੋ ਮਰਨ ਵਰਤ ‘ਤੇ ਹਨ। ਅਸੀਂ ਇੱਥੇ ਇੱਕ ਹੱਲ ਲੱਭਣ ਆਏ ਹਾਂ। ਕੇਂਦਰੀ ਅਧਿਕਾਰੀਆਂ ਨੇ ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ
26 ਨੂੰ ਹੋਵੇਗਾ ਟਰੈਕਟਰ ਮਾਰਚ
ਕੇਂਦਰ ਵੱਲੋਂ ਸੱਦਾ ਆਉਣ ਤੋਂ ਬਾਅਦ ਹੁਣ ਸਭ ਦੀ ਨਜ਼ਰ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਤੇ ਰਹੇਗਾ। ਹਾਲਾਂਕਿ ਸਰਵਣ ਸਿੰਘ ਪੰਧੇਰ ਨੇ ਇਸ ਤੋਂ ਪਹਿਲਾਂ ਦਿੱਲੀ ਕੂਚ ਦਾ ਵੀ ਐਲਾਨ ਕੀਤਾ ਸੀ।