ਅੱਜ ਫੌਜੀ ਸਨਮਾਨਾਂ ਨਾਲ ਹੋਵੇਗਾ ਜਵਾਨ ਦਲਜੀਤ ਸਿੰਘ ਦਾ ਅੰਤਿਮ ਸਸਕਾਰ, ਲੱਦਾਖ ‘ਚ ਹਾਦਸੇ ਕਾਰਨ ਗਈ ਸੀ ਜਾਨ

Updated On: 

31 Jul 2025 06:22 AM IST

Havaldar Daljit Singh Last Rites: ਬੁੱਧਵਾਰ ਨੂੰ ਜਿਵੇਂ ਹੀ ਹੌਲਦਾਰ ਦਲਜੀਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਪਰਿਵਾਰ ਤੱਕ ਪਹੁੰਚੀ, ਮਾਹੌਲ ਬੇਹੱਦ ਗੰਭੀਰ ਹੋ ਗਿਆ ਸੀ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਿਤਾ ਗੁਲਜ਼ਾਰ ਸਿੰਘ ਅਤੇ ਮਾਂ ਗੁਰਜੀਤ ਕੌਰ ਡੂੰਘੇ ਸਦਮੇ ਵਿੱਚ ਹਨ। ਹੌਲਦਾਰ ਦਲਜੀਤ ਸਿੰਘ ਦੋ ਭੈਣਾਂ ਅਤੇ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਹ ਸਿਰਫ਼ ਸੱਤ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਏ ਸਨ।

ਅੱਜ ਫੌਜੀ ਸਨਮਾਨਾਂ ਨਾਲ ਹੋਵੇਗਾ ਜਵਾਨ ਦਲਜੀਤ ਸਿੰਘ ਦਾ ਅੰਤਿਮ ਸਸਕਾਰ, ਲੱਦਾਖ ਚ ਹਾਦਸੇ ਕਾਰਨ ਗਈ ਸੀ ਜਾਨ
Follow Us On

ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਸਿਪਾਹੀ ਹਵਲਦਾਰ ਦਲਜੀਤ ਸਿੰਘ, ਲੱਦਾਖ ਵਿੱਚ ਚੀਨ ਸਰਹੱਦ ‘ਤੇ ਸ਼ਹੀਦ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਪਿੰਡ ਸ਼ਮਸ਼ੇਰਪੁਰ ਵਿੱਚ ਕੀਤਾ ਜਾਵੇਗਾ। ਦਲਜੀਤ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਸਦਮੇ ਵਿੱਚ ਹੈ। ਉਨ੍ਹਾਂ ਦੇ ਪਿੰਡ ‘ਚ ਵੀ ਸੋਗ ਦੀ ਲਹਿਰ ਹੈ। ਫੌਜੀ ਅਧਿਕਾਰੀਆਂ ਅਨੁਸਾਰ ਉਨ੍ਹਾਂ ਅੰਤਿਮ ਸਸਕਾਰ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।

ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਹਵਲਦਾਰ ਦਲਜੀਤ ਸਿੰਘ, ਜੋ ਕਿ ਜੰਮੂ ਕਸ਼ਮੀਰ ਵਿੱਚ ਭਾਰਤੀ ਫੌਜ ਬਾਰਡਰ ਲੱਦਾਖ ਵਿੱਚ ਤਾਇਨਾਤ ਸਨ, ਅਤੇ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਬੁੱਧਵਾਰ ਸਵੇਰੇ ਫਾਇਰਿੰਗ ਰੇਂਜ ਵੱਲ ਇਕੱਠੇ ਇੱਕ ਵਾਹਨ ਚਲਾ ਰਹੇ ਸਨ, ਜਦੋਂ ਪਹਾੜ ਤੋਂ ਜ਼ਮੀਨ ਖਿਸਕਣ ਕਾਰਨ ਇਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਦੋਵੇਂ ਜਵਾਨ ਸ਼ਹੀਦ ਹੋ ਗਏ।

ਪਰਿਵਾਰ ਤੇ ਡਿੱਗਿਆ ਦੁੱਖਾਂ ਦਾ ਪਹਾੜ

ਬੁੱਧਵਾਰ ਨੂੰ ਜਿਵੇਂ ਹੀ ਹੌਲਦਾਰ ਦਲਜੀਤ ਸਿੰਘ ਦੀ ਸ਼ਹਾਦਤ ਦੀ ਖ਼ਬਰ ਪਰਿਵਾਰ ਤੱਕ ਪਹੁੰਚੀ, ਮਾਹੌਲ ਬੇਹੱਦ ਗੰਭੀਰ ਹੋ ਗਿਆ ਸੀ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਿਤਾ ਗੁਲਜ਼ਾਰ ਸਿੰਘ ਅਤੇ ਮਾਂ ਗੁਰਜੀਤ ਕੌਰ ਡੂੰਘੇ ਸਦਮੇ ਵਿੱਚ ਹਨ। ਹੌਲਦਾਰ ਦਲਜੀਤ ਸਿੰਘ ਦੋ ਭੈਣਾਂ ਅਤੇ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਉਹ ਸਿਰਫ਼ ਸੱਤ ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਏ ਸਨ।

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਹਵਲਦਾਰ ਦਲਜੀਤ ਸਿੰਘ ਦੀ ਦੇਹ ਨੂੰ ਲੱਦਾਖ ਤੋਂ ਹਵਾਈ ਜਹਾਜ਼ ਰਾਹੀਂ ਲਿਆਂਦਾ ਜਾਵੇਗਾ ਅਤੇ ਵੀਰਵਾਰ ਨੂੰ ਪਠਾਨਕੋਟ ਪਹੁੰਚੇਗਾ। ਜਿੱਥੇ ਉਨ੍ਹਾਂ ਦੀ ਦੇਹ ਨੂੰ ਫੌਜੀ ਵਾਹਨ ਰਾਹੀਂ ਉਨ੍ਹਾਂ ਦੇ ਪਿੰਡ ਸ਼ਮਸ਼ੇਰਪੁਰ ਲਿਆਂਦਾ ਜਾਵੇਗਾ, ਜਿੱਥੇ ਉਨ੍ਹਾਂ ਦਾ ਪੂਰੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਜ਼ਮੀਨ ਖਿਸਕਣ ਕਾਰਨ ਵਾਪਰਿਆ ਸੀ ਹਾਦਸਾ

ਬੁੱਧਵਾਰ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਸੀ। ਫੌਜ ਦੇ ਕਾਫਲੇ ਦੇ ਇੱਕ ਵਾਹਨ ‘ਤੇ ਚੱਟਾਨ ਡਿੱਗਣ ਨਾਲ ਦੋ ਫੌਜ ਅਧਿਕਾਰੀ ਸ਼ਹੀਦ ਹੋ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਵਾਈ ਜਹਾਜ਼ ਰਾਹੀਂ ਲੇਹ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਫੌਜੀ ਕਾਫਲਾ ਇੱਕ ਆਮ ਚੱਕਰ ‘ਤੇ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ। ਗੰਭੀਰ ਜ਼ਖਮੀਆਂ ਵਿੱਚ ਦੋ ਮੇਜਰ ਅਤੇ ਇੱਕ ਕੈਪਟਨ ਸ਼ਾਮਲ ਹਨ।