ਵਿਰੋਧੀਆਂ ਦੇ ਸਵਾਲ ‘ਤੇ ਹਰਪਾਲ ਚੀਮਾ ਦਾ ਜਵਾਬ, ਇੱਕ-ਇੱਕ ਪੈਸੇ ਦਾ ਦਿੱਤਾ ਹਿਸਾਬ

Updated On: 

26 Sep 2023 15:10 PM

ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੇ ਹਮਲਾ ਕੀਤਾ ਜਾ ਰਿਹਾ ਹੈ ਜਿਸ ਦਾ ਜਵਾਬ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ-ਇੱਕ ਪੈਸੇ ਦਾ ਹਿਸਾਬ ਦਿੱਤਾ ਹੈ। ਵਿਰੋਧੀ ਧਿਰਾਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਸਿਰ ਕਰਜ਼ਾ ਚੜ੍ਹਿਆ ਹੈ। ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੀ ਕਰ ਰਹੀ ਹੈ।

ਵਿਰੋਧੀਆਂ ਦੇ ਸਵਾਲ ਤੇ ਹਰਪਾਲ ਚੀਮਾ ਦਾ ਜਵਾਬ, ਇੱਕ-ਇੱਕ ਪੈਸੇ ਦਾ ਦਿੱਤਾ ਹਿਸਾਬ
Follow Us On

ਪੰਜਾਬ ਨਿਊਜ਼. ਪੰਜਾਬ ਸਰਕਾਰ ‘ਤੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕਰਜ਼ੇ ਸਬੰਧੀ ਲਗਾਏ ਇਲਜ਼ਾਮਾਂ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਦੇ ਭਗਵੰਤ ਮਾਨ ਸਰਕਾਰ ਵੱਲੋਂ ਲਏ ਕਰਜ਼ੇ ਦੇ ਇੱਕ-ਇੱਕ ਪੈਸੇ ਦਾ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ ਕਰਜ਼ੇ ਵਿੱਚੋਂ 27 ਹਜ਼ਾਰ ਕਰੋੜ ਰੁਪਏ ਪਿਛਲੀ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲਏ ਕਰਜ਼ੇ ਦੇ ਵਿਆਜ ਵਜੋਂ ਅਦਾ ਕੀਤੇ ਗਏ ਹਨ।

ਇਸ ਮੌਕੇ ਉਨ੍ਹਾਂ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਤੋਂ 8145 ਕਰੋੜ ਰੁਪਏ ਦੇ ਬਕਾਏ ਦਿਵਾਉਣ ਵਿੱਚ ਸੂਬਾ ਸਰਕਾਰ ਦੀ ਮਦਦ ਕਰਨ। ਨਾਲ ਹੀ ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਭਾਰਤ-ਕੈਨੇਡਾ ਵਿਵਾਦ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਗਈ।

ਅਕਾਲੀ ਬੀਜੇਪੀ ਸਰਕਾਰ ਨੇ ਪੰਜਾਬ ਨੂੰ ਤਬਾਹ ਕੀਤਾ-ਚੀਮਾ

ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਿਰ ਪਿਛਲੇ ਡੇਢ ਸਾਲ ਦੌਰਾਨ ਚੜ੍ਹੇ 47,109 ਕਰੋੜ ਰੁਪਏ ਦੇ ਕਰਜ਼ੇ ਦੇ ਸਵਾਲਾਂ ਦੇ ਜਵਾਬ ਵਿੱਚ 48,530 ਕਰੋੜ ਰੁਪਏ ਦਾ ਲੇਖਾ-ਜੋਖਾ ਦਿੱਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਡੇਢ ਸਾਲ ਦੌਰਾਨ 47109 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ, ਜਿਸ ਵਿੱਚ ਵਿੱਤੀ ਸਾਲ 2022-23 ਦੌਰਾਨ 32,448 ਕਰੋੜ ਅਤੇ ਅਪ੍ਰੈਲ, 2023 ਤੋਂ ਅਗਸਤ 14661 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚੋਂ 27,106 ਕਰੋੜ ਰੁਪਏ ਪਿਛਲੀ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਵੱਲੋਂ ਲਏ ਗਏ ਕਰਜ਼ਿਆਂ ਦੇ ਵਿਆਜ ਵਜੋਂ ਅਦਾ ਕੀਤੇ ਗਏ ਹਨ।

ਹਰਪਾਲ ਚੀਮਾ ਨੇ ਕਰਜ਼ੇ ਦਾ ਦਿੱਤਾ ਵੇਰਵਾ

ਉਨ੍ਹਾਂ ਕਿਹਾ ਕਿ ਪੂੰਜੀਗਤ ਖਰਚੇ ‘ਤੇ 10,208 ਕਰੋੜ ਰੁਪਏ ਖਰਚਣ ਤੋਂ ਇਲਾਵਾ ਸੂਬਾ ਸਰਕਾਰ ਨੇ ਇਨ੍ਹਾਂ ਅਦਾਰਿਆਂ ਨੂੰ ਬਚਾਉਣ ਲਈ ਪਨਸਪ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ 1,148 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਤਾਂ ਜੋ ਇਨ੍ਹਾਂ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ. ਪਿਛਲੀਆਂ ਸਰਕਾਰਾਂ ਦੇ ਬਕਾਇਆ ਬਿਜਲੀ ਸਬਸਿਡੀ ਦੇ 2556 ਕਰੋੜ ਰੁਪਏ ਦਾ ਭੁਗਤਾਨ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 798 ਕਰੋੜ ਰੁਪਏ ਪੇਂਡੂ ਵਿਕਾਸ ਫੰਡ, 1008 ਕਰੋੜ ਰੁਪਏ ਗੰਨਾ ਕਿਸਾਨਾਂ ਨੂੰ ਅਤੇ 1750 ਕਰੋੜ ਰੁਪਏ ਕੇਂਦਰੀ ਸਪਾਂਸਰਡ ਸਕੀਮਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਵੱਲੋਂ ਸਸਤੀਆਂ ਦਰਾਂ ‘ਤੇ ਕਰਜ਼ੇ ਮੁਹੱਈਆ ਕਰਵਾਉਣ ਲਈ ਬਣਾਏ ਗਏ ਸਿੰਕਿੰਗ ਫੰਡ ਵਿੱਚ ਵੀ 4000 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।

ਰਾਜਪਾਲ ਨੂੰ ਕੇਂਦਰ ਤੋਂ ਬਕਾਇਆ ਪੈਸਾ ਦਵਾਉਣ ਦੀ ਅਪੀਲ

ਵਿੱਤ ਮੰਤਰੀ ਵੱਲੋਂ ਕੇਂਦਰ ਸਰਕਾਰ ਵੱਲ ਬਕਾਇਆ ਪੈਸਿਆਂ ਦਾ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲ ਕੁੱਲ ਬਕਾਇਆ 8145 ਕਰੋੜ ਰੁਪਏ ਜਿਸ ‘ਚ ਪੇਂਡੂ ਵਿਕਾਸ ਫੰਡ ਦੇ 5637 ਕਰੋੜ ਰੁਪਏ, ਵਿਸ਼ੇਸ਼ ਪੂੰਜੀ ਸਹਾਇਤਾ ਦੇ 1857 ਕਰੋੜ ਰੁਪਏ ਅਤੇ ਰਾਸ਼ਟਰੀ ਸਿਹਤ ਮਿਸ਼ਨ (ਐੱਨ.ਐੱਚ.ਐੱਮ.) ਦੇ 651 ਕਰੋੜ ਰੁਪਏ ਵੀ ਸ਼ਾਮਲ ਹਨ। ਇਸ ਸਬੰਧ ‘ਚ ਕੇਂਦਰ ਸਰਕਾਰ ਨੂੰ ਪੱਤਰ ਲਿਖਣ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਬੰਧਤ ਕੇਂਦਰੀ ਮੰਤਰੀ ਨੂੰ ਮਿਲ ਕੇ ਕੇਂਦਰ ਸਰਕਾਰ ਵੱਲ ਬਕਾਇਆ ਪੇਂਡੂ ਵਿਕਾਸ ਫੰਡ (ਆਰ.ਡੀ.ਐਫ.) ਸਮੇਤ ਸੂਬੇ ਦੇ ਬਕਾਏ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਤੋਂ ਬਕਾਇਆ ਰਾਸ਼ੀ ਦਿਵਾਉਣ ਵਿੱਚ ਮਦਦ ਕਰਨ।

‘ਸਾਡੀ ਸਰਕਾਰ ਸਮੇਂ ਮਾਲੀਏ ‘ਚ ਹੋਇਆ ਵਾਧਾ’

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿੱਚ ਜੀ.ਐਸ.ਟੀ. ਆਬਕਾਰੀ ਮਾਲੀਏ ਵਿੱਚ 17, ਆਬਕਾਰੀ ਮਾਲੀਏ ਵਿੱਚ 44, ਵਾਹਨ ਟੈਕਸ ਵਿੱਚ 13 ਅਤੇ ਸਟੈਂਪ ਅਤੇ ਰਜਿਸਟ੍ਰੇਸ਼ਨ ਮਾਲੀਏ ਵਿੱਚ 3 ਫੀਸਦੀ ਵਾਧਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨਾਲ ਅਕਾਲੀ-ਭਾਜਪਾ ਸਰਕਾਰ ਸਮੇਂ ਲਏ ਕੈਸ਼ ਕ੍ਰੈਡਿਟ ਲਿਮਟ ਲੋਨ ਨੂੰ ਲੈ ਕੇ ਵੀ ਗੱਲਬਾਤ ਕੀਤੀ ਗਈ ਹੈ। ਇਸ ‘ਚ ਪੰਜਾਬ ਸਰਕਾਰ ਲੋਨ ਵਿਆਜ ਦਰ ਨੂੰ ਘਟਾ ਕੇ 7.35 ਫੀਸਦੀ ਕਰਨ ‘ਚ ਸਫਲਤਾ ਰਹੀ ਹੈ। ਇਸ ਨਾਲ ਰਾਜ ਨੂੰ 3500 ਕਰੋੜ ਰੁਪਏ ਦੀ ਬੱਚਤ ਅਤੇ ਕਿਸਾਨਾਂ ਨੂੰ ਲਾਭ ਹੋਇਆ ਹੈ।

‘ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦਾ ਹੀ ਰਹੇਗਾ’

ਅੰਮ੍ਰਿਤਸਰ ਵਿੱਚ ਹੋਣ ਵਾਲੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ‘ਤੇ ਕੀਤੇ ਸਵਾਲਾਂ ਦੇ ਵੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਵਾਬ ਦਿੱਤੇ ਗਏ ਜਿਸ ‘ਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਵੇਗਾ। ਇਸ ਤੋਂ ਪਹਿਲਾਂ ਵੀ ਕੌਂਸਲ ਦੀ ਪਿਛਲੀ ਮੀਟਿੰਗ ਦੌਰਾਨ ਬੀਬੀਐਮਬੀ ਅਤੇ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਪ੍ਰਭਾਵਸ਼ਾਲੀ ਢੰਗ ਨਾਲ ਚੁੱਕੇ ਗਏ ਸਨ। ਚੰਡੀਗੜ੍ਹ ਅਤੇ ਵਿਧਾਨ ਸਭਾ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਦਾ ਹੀ ਰਹੇਗਾ। ਜੇਕਰ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਚਾਉਂਦਾ ਹੈ ਤਾਂ ਪੰਚਕੂਲਾ ਵਿੱਚ ਆਪਣੀ ਵੱਖਰੀ ਵਿਧਾਨ ਸਭਾ ਬਣਾ ਸਕਦਾ ਹੈ।

‘ਗੱਲਬਾਤ ਰਾਹੀਂ ਹੱਲ ਹੋਵੇ ਕੈਨੇਡਾ-ਭਾਰਤ ਵਿਵਾਦ’

ਕੈਨੇਡਾ-ਭਾਰਤ ਵਿਵਾਦ ਸਬੰਧੀ ਮਾਮਲੇ ‘ਚ ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਸਿਰਫ਼ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਵਿਦਿਆਰਥੀ ਪੜ੍ਹਦੇ ਹਨ ਅਤੇ ਕਈ ਭਾਰਤੀ ਪੇਸ਼ੇਵਰ ਵੀ ਉੱਥੇ ਕੰਮ ਕਰ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਰਾਹੀਂ ਇਸ ਮੁੱਦੇ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ।

‘ਕਾਨੂੰਨ ਤੋਂ ਕਿਉਂ ਭੱਜ ਰਹੇ ਮਨਪ੍ਰੀਤ ਬਾਦਲ?’

ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ‘ਤੇ ਬੋਲਦਿਆਂ ਕਿਹਾ ਕਿ ਪਹਿਲਾਂ ਤਾਂ ਹਮੇਸ਼ਾ ਨੈਤਿਕ ਕਦਰਾਂ-ਕੀਮਤਾਂ ਦੀ ਗੱਲ ਹੁੰਦੀ ਸੀ, ਫਿਰ ਹੁਣ ਉਹ ਕਾਨੂੰਨ ਤੋਂ ਕਿਉਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਨੂੰ ਆਪਣਾ ਕਾਇਰਤਾ ਵਾਲਾ ਰਵੱਈਆ ਨਹੀਂ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਆਪ ਨੂੰ ਕਾਨੂੰਨ ਦੇ ਸਪੁਰਦ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਨੇ ਕੁਝ ਗਲਤ ਨਹੀਂ ਕੀਤਾ ਹੈ ਤਾਂ ਉਹ ਡਰਦੇ ਕਿਉਂ ਹਨ।

‘ਜਨਤਾ ਨਾਲ ਕੀਤੇ ਵਾਅਦੇ ਪੁਰੇ ਕਰ ਰਹੀ ਸਰਕਾਰ’

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੀ ਵਿੱਤੀ ਹਾਲਤ ਅਤੇ ਕਰਜ਼ੇ ਸਬੰਧੀ ਬਿਆਨ ਦਿੱਤੇ ਗਏ ਹਨ। ਉਨ੍ਹਾਂ ਵੱਲੋਂ ਇਸ ‘ਤੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਦੇ ਰਾਜ ਦੌਰਾਨ ਸੂਬੇ ਸਿਰ ਸਭ ਤੋਂ ਵੱਧ ਕਰਜ਼ਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੰਜਾਬ ਸਰਕਾਰ ਨਾ ਸਿਰਫ਼ ਬਕਾਇਆ ਕਰਜ਼ਾ ਮੁਆਫ਼ ਕਰ ਰਹੀ ਹੈ ਸਗੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਤੱਕ 37 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ। 13 ਹਜ਼ਾਰ ਆਰਜ਼ੀ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਗਈਆਂ ਹਨ ਅਤੇ ਤਨਖ਼ਾਹਾਂ ਵਿੱਚ ਤਿੰਨ ਗੁਣਾ ਵਾਧਾ ਕੀਤਾ ਗਿਆ ਹੈ। ਟਰੇਨਿੰਗ ਦੌਰਾਨ ਪਟਵਾਰੀਆਂ ਦਾ ਭੱਤੇ ਨੂੰ ਵੀ 5000 ਰੁਪਏ ਤੋਂ ਵਧਾ ਕੇ 18000 ਰੁਪਏ ਕੀਤਾ ਗਿਆ ਹੈ। ਨਾਲ ਹੀ ਬਿਜਲੀ ਦੇ ਬਿੱਲਾਂ ਨੂੰ ਵੀ ਜ਼ੀਰੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਸਮੇਤ ਕਈ ਵੱਡੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ।