SAD ਦੇ ਬਾਗੀ ਧੜ੍ਹੇ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦਾਂ ਨਾਲ ਰਿਹਾ ਹੈ ਨਾਤਾ, ਕਦੋਂ-ਕਦੋਂ ਆਏ ਸੁਰਖੀਆਂ ‘ਚ? ਜਾਣੋਂ…
Gyani Harpreet Singh: ਭਰਤੀ ਕਮੇਟੀ ਦੇ ਸਾਰੇ ਪੰਜ ਮੈਂਬਰਾਂ ਮਨਪ੍ਰੀਤ ਸਿੰਘ ਅਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਉਮੈਦਪੁਰੀ ਤੇ ਸਤਵੰਤ ਕੌਰ ਨੇ ਸਰਬਸੰਮਤੀ ਨਾਲ ਫੈਸਲਾ ਲੈਂਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੇ ਮੋਹਰ ਲਗਾਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਸੰਬਰ ਨੂੰ ਜਾਰੀ ਕੀਤੇ ਗਏ ਹੁਕਮ ਤੇ ਬਣਾਈ ਗਈ ਭਰਤੀ ਕਮੇਟੀ ਵੱਲੋਂ ਪੰਜਾਬ, ਬਾਹਰਲੇ ਸੂਬਿਆਂ ਤੇ ਵਿਦੇਸ਼ਾਂ ਚ 15 ਲੱਖ ਵਰਕਰਾਂ ਦੀ ਭਰਤੀ ਦਾ ਦਾਅਵਾ ਕਰਦਿਆ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਇਜਲਾਸ ਬੁਲਾਇਆ ਸੀ।
ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦਾਂ ਨਾਲ ਰਿਹਾ ਹੈ ਨਾਤਾ
ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜ੍ਹੇ ਨੂੰ ਹੁਣ ਪ੍ਰਧਾਨ ਮਿਲ ਗਿਆ ਹੈ। ਬਾਗੀ ਧੜ੍ਹੇ ਨੇ ਪ੍ਰਧਾਨਗੀ ਦੀ ਜਿੰਮੇਵਾਰੀ ਕਿਸੇ ਸਿਆਸੀ ਆਗੂ ਨੂੰ ਨਹੀਂ ਸਗੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਪ੍ਰਧਾਨਗੀ ਲਈ ਮੁਕਾਬਲਾ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਵਿਚਾਲੇ ਹੋਵੇਗਾ। ਪਰ ਇਸ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋਸਲ ਮੀਡੀਆ ਤੇ ਪੋਸਟ ਪਾਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਪ੍ਰਧਾਨਗੀ ਲਈ ਬੀਬੀ ਸਤਵੰਤ ਕੌਰ ਦਾ ਨਾਮ ਵਿਚਾਰਿਆ ਗਿਆ ਤਾਂ ਉਹ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਿਲ ਨਹੀਂ ਹੋਣਗੇ। ਅੱਜ (11 ਅਗਸਤ ਨੂੰ) ਜਦੋਂ ਸੂਬੇ ਭਰ ਵਿੱਚੋਂ ਆਏ ਡੇਲੀਗੇਟਸ ਨੇ ਪ੍ਰਧਾਨ ਦੀ ਚੋਣ ਕੀਤੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਅਹੁਦੇ ਲਈ ਚੁਣ ਲਿਆ ਗਿਆ। ਆਓ ਇਸ ਰਿਪੋਰਟ ਵਿੱਚ ਜਾਣਨ ਦੀ ਕੋਸ਼ਿਸ ਕਰਾਂਗੇ ਕਿ ਕੌਣ ਹਨ ਗਿਆਨੀ ਹਰਪ੍ਰੀਤ ਸਿੰਘ ਅਤੇ ਕਦੋਂ-ਕਦੋਂ ਉਹ ਚਰਚਾਵਾਂ ਵਿੱਚ ਰਹੇ ਤੇ ਨਾਲ ਹੀ ਉਨ੍ਹਾਂ ਨਾਲ ਜੁੜੇ ਕੁਝ ਵਿਵਾਦਾਂ ਬਾਰੇ ਵੀ ਤੁਹਾਨੂੰ ਦੱਸਾਂਗੇ….
ਕੌਣ ਹਨ ਗਿਆਨੀ ਹਰਪ੍ਰੀਤ ਸਿੰਘ?
ਗਿਆਨੀ ਹਰਪ੍ਰੀਤ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ (ਸਾਬੋ ਤਲਵੰਡੀ) ਦੇ ਸੇਵਾਮੁਕਤ ਜੱਥੇਦਾਰ ਹਨ ਅਤੇ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਵਜੋ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਾਰਮਿਕ ਅਧਿਐਨ ਦੀ ਡਿਗਰੀ ਲਈ। ਇਸੇ ਤਰ੍ਹਾਂ ਉਹਨਾਂ ਨੇ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਤੋਂ ਗੁਰਮਤਿ ਦੀ ਸਿੱਖਿਆ ਨਾਲ ਸਬੰਧਿਤ ਡਿਗਰੀ ਲੂ ਹਾਸਿਲ ਕੀਤੀ।
ਸਾਲ 1997 ਵਿੱਚ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿੱਚ ਬਤੌਰ ਪ੍ਰਚਾਰਕ ਸ਼ਾਮਿਲ ਹੋਏ ਅਤੇ 2 ਸਾਲ ਬਾਅਦ ਉਹਨਾਂ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2017 ਵਿੱਚ ਉਹਨਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ (ਸਾਬੋ ਤਲਵੰਡੀ) ਦਾ ਜੱਥੇਦਾਰ ਥਾਪ ਦਿੱਤਾ ਗਿਆ। ਇਸ ਤੋਂ ਅਗਲੇ ਸਾਲ ਉਹਨਾਂ ਨੂੰ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਾਰਜਕਾਰੀ ਜੱਥੇਦਾਰ ਵਜੋਂ ਸੇਵਾ ਸੌਂਪੀ ਗਈ। ਜਾਣਕਾਰੀ ਅਨੁਸਾਰ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਾਰਮਿਕ ਅਧਿਐਨ ਦੇ ਵਿਸ਼ੇ ਤੇ ਪੀ ਐੱਚਡੀ ਦੀ ਡਿਗਰੀ ਕਰ ਰਹੇ ਹਨ।
ਕਦੋਂ-ਕਦੋਂ ਚਰਚਾਵਾਂ ਵਿੱਚ ਆਏ ਹਰਪ੍ਰੀਤ ਸਿੰਘ?
ਹਰਪ੍ਰੀਤ ਸਿੰਘ ਦੀ ਪਹਿਚਾਣ ਬੇਬਾਕ ਲੀਡਰ ਵਜੋਂ ਰਹੀ ਹੈ। ਉਹ ਹਰ ਮੁੱਦੇ ਉੱਪਰ ਖੁੱਲ੍ਹਕੇ ਬੋਲਦੇ ਹਨ … ਫੇਰ ਭਾਵੇਂ ਉਹ ਸਿੱਖੀ ਨਾਲ ਸਬੰਧਤ ਮਸਲਾ ਹੋਵੇ ਜਾਂ ਪੰਜਾਬੀਅਤ ਨਾਲ ਜੁੜਿਆ ਹੋਇਆ। ਉਹਨਾਂ ਦੇ ਟੈਸਟ ਟਿਊਬ ਬਾਰੇ ਬਿਆਨ ਨੇ ਕਾਫੀ ਚਰਚਾਵਾਂ ਬੋਟੋਰੀਆਂ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਾਡੀਆਂ ਨਸ਼ਲਾਂ ਅਤੇ ਫ਼ਸਲਾਂ ਨੂੰ ਤਬਾਹ ਕਰਨ ਦੀ ਕੋਸ਼ਿਸ ਹੋ ਰਹੀ ਹੈ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਖੁੱਲ੍ਹ ਰਹੇ ਟੈਸਟ ਟਿਊਬ ਬੇਬੀ ਸੈਂਟਰਾਂ ਵਿੱਚ ਬੱਚੇ ਪੈਦਾ ਕਰਨ ਲਈ ਗੈਰ ਪੰਜਾਬੀਆਂ ਦਾ ਵੀਰਜ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਹ ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ਬਾਰੇ ਵੀ ਖੁੱਲ੍ਹਕੇ ਬੋਲਦੇ ਰਹੇ ਹਨ।
ਰਾਘਵ ਚੱਢਾ ਦੀ ਮੰਗਣੀ ਵਿੱਚ ਹੋਏ ਸ਼ਾਮਿਲ
ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੌਪੜਾ ਦੀ ਮੰਗਣੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਕਈ ਸਿਆਸੀ ਲੀਡਰਾਂ ਨੇ ਉਹਨਾਂ ਤੇ ਸੱਤਾਧਾਰੀ ਧਿਰ ਨਾਲ ਨੇੜਲੇ ਸਬੰਧ ਬਣਾਉਣ ਦੇ ਇਲਜਾਮ ਲਗਾਏ ਸਨ। ਜਿਸਤੋਂ ਕੁਝ ਦਿਨਾਂ ਬਾਅਦ ਹੀ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਇਸ ਪਿੱਛੇ ਵਜ੍ਹਾ ਕੁਝ ਹੋਰ ਹੀ ਦੱਸੀ ਗਈ ਸੀ, ਪਰ ਜਾਣਕਾਰਾਂ ਨੇ ਇਹੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲਾਂਭੇ ਕਰਨ ਪਿੱਛੇ ਸਿੱਖ ਭਾਈਚਾਰੇ ਵੱਲੋਂ ਚੱਢਾ ਦੀ ਮੰਗਣੀ ਵਿੱਚ ਸ਼ਾਮਲ ਹੋਣਾ ਹੀ ਮੁੱਖ ਕਾਰਨ ਸੀ।
ਇਹ ਵੀ ਪੜ੍ਹੋ
RSS ਅਤੇ BJP ਨਾਲ ਨੇੜਤਾ?
ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ਼ੋਸਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਸੀ ਕਿ ਰਾਸ਼ਟਰੀ ਸਵੈਮਸੇਵਕ ਸੰਘ (RSS) ਦਾ ਸਿੱਖਾਂ ਦੇ ਆਗੂ ਅਤੇ ਉੱਚ ਸੰਸਥਾਨਾਂ ਉੱਪਰ ਕੰਟਰੋਲ ਵਧ ਰਿਹਾ ਹੈ। ਜਿਸ ਤੋਂ ਬਾਅਦ ਵਲਟੋਹਾ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀ ਅਤੇ ਪੰਜ ਜੱਥੇਦਾਰ ਸਾਹਿਬਾਨਾਂ ਨੇ ਬਿਆਨ ਸਬੰਧੀ ਸਪੱਸ਼ਟੀਕਰਨ ਅਤੇ ਇਲਜਾਮਾਂ ਵਾਲੇ ਸਬੂਤ ਮੰਗੇ।
ਜਦੋਂ ਵਲਟੋਹਾ ਪੇਸ਼ ਹੋਏ ਤਾਂ ਉਹਨਾਂ ਦੀ ਤਤਕਾਲੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਾਫੀ ਬਹਿਸ ਹੋਈ ਜਿਸ ਦੀਆਂ ਕਈ ਵੀਡੀਓ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ। ਵਲਟੋਹਾ ਨੇ ਇਲਜਾਮ ਲਗਾਏ ਸਨ ਕਿ ਹਰਪ੍ਰੀਤ ਸਿੰਘ ਭਾਜਪਾ ਨਾਲ ਮਿਲਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਅਤੇ ਤੋੜਣ ਦੀ ਕੋਸ਼ਿਸ ਕਰ ਰਹੇ ਹਨ।
ਵਲਟੋਹਾ ਨੇ ਇਸ ਸਬੰਧੀ ਤਰਕ ਦਿੰਦਿਆਂ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਵੱਲੋ ਸੁਰੱਖਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੀ ਫੋਨ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਆਗੂ ਅਮਿਤ ਸ਼ਾਹ ਨਾਲ ਕਈ ਵਾਰ ਗੱਲ ਬਾਤ ਵੀ ਹੋਈ ਹੈ। ਇਸ ਵਿਵਾਦ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਹੁਕਮ ਦਿੱਤਾ। ਪਰ ਇਸ ਤੋਂ ਪਹਿਲਾਂ ਹੀ ਵਿਰਸਾ ਸਿੰਘ ਵਲਟੋਹਾ ਨੇ ਆਪਣਾ ਅਸਤੀਫਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜ ਦਿੱਤਾ ਸੀ।
ਸੁਖਬੀਰ ਨੂੰ ਤਨਖਾਹੀਆ ਐਲਾਣਨ ਵਾਲੇ ਸਿੰਘ ਸਾਹਿਬਾਨਾਂ ‘ਚ ਸਨ ਸ਼ਾਮਲ?
ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ਅਤੇ ਹੋਰ ਘਟਨਾਵਾਂ ਨੂੰ ਲੈਕੇ ਇੱਕ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਪਹੁੰਚੀ। ਜਿਸ ਤੋਂ ਬਾਅਦ ਸਿੰਘ ਸਾਹਿਬਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਦੀਆਂ ਗਲਤੀਆਂ ਨੂੰ ਸਵੀਕਾਰ ਕੀਤਾ ਅਤੇ ਪੰਜ ਸਿੰਘ ਸਾਹਿਬਾਨਾਂ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੰਦਿਆਂ ਉਹਨਾਂ ਧਾਰਮਿਕ ਸਜਾ ਲਗਾਈ ਸੀ। ਜਿਨ੍ਹਾਂ ਪੰਜ ਸਿੰਘਾਂ ਨੇ ਇਹ ਸਜਾ ਲਗਾਈ ਸੀ ਉਹਨਾਂ ਵਿਚੋਂ ਇੱਕ ਨਾਮ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਸੀ।
ਅਕਾਲੀ ਦਲ ‘ਤੇ ਟਿੱਪਣੀਆਂ
ਜੱਥੇਦਾਰ ਰਹਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਵਾਰ ਤਤਕਾਲੀ ਅਕਾਲੀ ਲੀਡਰਸ਼ਿਪ ਤੇ ਸਵਾਲ ਖੜ੍ਹੇ ਕੀਤੇ ਸਨ। ਦਬੇ ਸੁਰਾਂ ਵਿੱਚ ਕਈ ਵਾਰ ਬਾਦਲ ਧੜ੍ਹੇ ਦੇ ਲੀਡਰ ਇਹ ਗੱਲ ਆਖ ਦਿੰਦੇ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦੇ ਹਨ ਅਤੇ ਇਸ ਲਈ ਉਹ ਵਾਰ-ਵਾਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਹਨ।
ਰਾਹ ਨਹੀਂ ਅਸਾਨ ?
ਬੇਸ਼ੱਕ ਹੁਣ ਬਾਗੀ ਧੜ੍ਹੇ ਨੇ ਉਹਨਾਂ ਨੂੰ ਪ੍ਰਧਾਨਗੀ ਸੌਂਪ ਦਿੱਤੀ ਹੈ ਪਰ ਹੁਣ ਸਿਆਸੀ ਤੌਰ ਤੇ ਉਹਨਾਂ ਲਈ ਰਾਹ ਸੌਖਾ ਨਹੀਂ ਹੈ। ਜਿੱਥੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਢ ਕੁ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਉੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੀ ਪਹਿਲੀ ਸਿਆਸੀ ਪ੍ਰੀਖਿਆ ਦੀ ਤਾਰੀਕ ਵੀ ਨੇੜੇ ਹੀ ਹੈ।
ਪੰਜਾਬ ਵਿੱਚ ਪੰਚਾਇਤੀ ਚੋਣਾਂ (ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ) ਜਿੱਥੇ ਅਕਾਲੀ ਦਲ ਲਈ ਵੱਕਾਰ ਦਾ ਸਵਾਲ ਹੋਣਗੀਆਂ ਕਿਉਂਕਿ ਪੇਂਡੂ ਖਿੱਤਾ ਪਾਰਟੀ ਦੀ ਰੀੜ ਦੀ ਹੱਡੀ ਹੈ। ਪੰਚਾਇਤੀ ਚੋਣਾਂ ਤੋਂ ਇਲਾਵਾ ਤਰਨਤਾਰਨ ਹਲਕੇ ਦੀ ਜਿਮਨੀ ਚੋਣ ਵੀ ਹੋਣ ਜਾ ਰਹੀ ਹੈ। ਕਿਉਂਕਿ ਇਹ ਹਲਕਾ ਕਿਸੇ ਸਮੇਂ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਅਤੇ ਹੁਣ ਇੱਥੋ ਅੰਮ੍ਰਿਤਪਾਲ ਸਿੰਘ ਸਾਂਸਦ ਹਨ। ਗਿਆਨੀ ਹਰਪ੍ਰੀਤ ਸਿੰਘ ਕਈ ਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬੋਲਦੇ ਰਹੇ ਹਨ ਤਾਂ ਅਜਿਹੇ ਵਿੱਚ ਵਿੱਚ ਦੇਖਣਾ ਬੜਾ ਹੀ ਦਿਲਚਸਪ ਹੋਵੇਗਾ ਕਿ ਹਲਕਾ ਤਰਨ ਤਾਰਨ ਗਿਆਨੀ ਹਰਪ੍ਰੀਤ ਸਿੰਘ ਦੀ ਆਗਵਾਈ ਵਾਲੀ ਪਾਰਟੀ ਨੂੰ ਸਿਆਸੀ ਸੁਮੰਦਰ ਵਿੱਚੋਂ ਤਾਰ ਕੇ ਪਾਰ ਲੰਘਾਵੇਗਾ ਜਾਂ ਫਿਰ ਪਹਿਲਾਂ ਆਏ ਅਕਾਲੀ ਦਲਾਂ ਵਾਂਗ ਇਹ ਅਕਾਲੀ ਦਲ ਵੀ ਸਿਰਫ ਇੱਕ ਨਾਮ ਬਣਕੇ ਰਹਿ ਜਾਵੇਗਾ।
