ਗੁਰਦਾਸਪੁਰ ‘ਚ ਨਿੱਜੀ ਸਕੂਲ ਦੀ ਬੱਸ ਪਲਟੀ: ਬੱਸ ‘ਚ 50 ਤੋਂ ਵੱਧ ਬੱਚੇ ਤੇ 4 ਅਧਿਆਪਕ ਸਵਾਰ ਸਨ, ਕਈ ਜ਼ਖ਼ਮੀ
ਡੇਰਾ ਬਾਬਾ ਨਾਨਕ ਦੇ ਪਿੰਡ ਚੱਕਵਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 50 ਦੇ ਕਰੀਬ ਬੱਚਿਆਂ ਵਿੱਚੋਂ ਦਰਜਨ ਦੇ ਕਰੀਬ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਦੋ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਹੈ
ਪੰਜਾਬ ਨਿਊਜ। ਡਰਾਈਵਰਾਂ ਦੀ ਲਾਪ੍ਰਵਾਹੀ ਕਾਰਨ ਆਏ ਦਿਨ ਹੀ ਸਕੂਲੀ ਬੱਸਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ ਤਾਜ਼ਾ ਮਾਮਲਾ ਗੁਰਦਾਸਪੁਰ (Gurdaspur) ਦੇ ਡੇਰਾ ਬਾਬਾ ਨਾਨਕ ਦੇ ਪਿੰਡ ਚੱਕਾਂਵਾਲੀ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਪਲਟ ਗਈ। ਘਟਨਾ ਦੇ ਸਮੇਂ ਬੱਸ ਵਿੱਚ 50 ਤੋਂ ਵੱਧ ਬੱਚੇ ਸਵਾਰ ਸਨ। ਇਸ ਘਟਨਾ ‘ਚ ਦਰਜਨਾਂ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਦੇ ਨਾਲ ਹੀ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਜਿਨਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਪ੍ਰਿੰਸੀਪਲ ਨੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ
ਸਕੂਲ ਦੀ ਪ੍ਰਿੰਸੀਪਲ ਰੇਣੂ ਬਾਲਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਵਾਰਦਾਤ ਵਾਲੀ ਥਾਂ ‘ਤੇ ਪਹੁੰਚ ਗਈ ਸੀ। ਬੱਚਿਆਂ ਨੂੰ ਬਟਾਲਾ (Batala) ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਿਸੇ ਵੀ ਬੱਚੇ ਦੇ ਮਾਪਿਆਂ ਨੇ ਡਰਾਈਵਰ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ। ਜੇਕਰ ਅਜਿਹਾ ਹੁੰਦਾ ਤਾਂ ਉਹ ਡਰਾਈਵਰ ਖਿਲਾਫ ਕਾਰਵਾਈ ਜ਼ਰੂਰ ਕਰਦੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸੁਰੱਖਿਅਤ ਘਰ ਭੇਜ ਦਿੱਤਾ ਗਿਆ ਹੈ ਅਤੇ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੱਸ ਵਿੱਚ ਚਾਰ ਅਧਿਆਪਕ ਸਵਾਰ ਸਨ
ਬੱਸ ਪਲਟਣ ਤੋਂ ਬਾਅਦ ਬੱਚਿਆਂ ਦੇ ਮਾਪੇ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਨੂੰ ਆਪਣੇ-ਆਪਣੇ ਵਾਹਨਾਂ ‘ਚ ਬਿਠਾ ਕੇ ਘਰ ਲੈ ਗਏ। ਦੱਸ ਦਈਏ ਕਿ ਘਟਨਾ ਸਮੇਂ 4 ਅਧਿਆਪਕ ਵੀ ਸਵਾਰ ਸਨ। ਬੱਚਿਆਂ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਸਕੂਲ ਵੱਲੋਂ ਕਈ ਵਾਰ ਦੱਸਿਆ ਗਿਆ ਕਿ ਉਕਤ ਬੱਸ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਇਸ ਦਾ ਕੋਈ ਹੱਲ ਹੋਣਾ ਚਾਹੀਦਾ ਹੈ। ਪਰ ਸਕੂਲ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ।