ਗੁਰਦਾਸਪੁਰ: ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਸਸਪੈਂਡ, ਲੋਕਾਂ ਨੇ ਮੈਡਮ ਖਿਲਾਫ਼ ਦਿੱਤਾ ਧਰਨਾ

Updated On: 

19 Jul 2025 14:21 PM IST

ਲੋਕਾਂ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਰਜਿਸਟਰੀ ਕਲਰਕ ਨੂੰ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਸਸਪੈਂਡ ਕੀਤਾ ਗਿਆ, ਜਦਕਿ ਤਹਿਸੀਲ 'ਚ ਖੁੱਲ੍ਹੇ ਆਮ ਰਿਸ਼ਵਤ ਲੈਣ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਤਹਿਸੀਲ ਵਿਭਾਗ 'ਚ ਚੱਲ ਰਹੇ ਭ੍ਰਿਸ਼ਟਾਚਾਰ 'ਤੇ ਤੁਰੰਤ ਕਾਰਵਾਈ ਹੋਵੇ।

ਗੁਰਦਾਸਪੁਰ: ਰਿਸ਼ਵਤ ਲੈਣ ਵਾਲੀ ਨਾਇਬ ਤਹਿਸੀਲਦਾਰ ਸਸਪੈਂਡ, ਲੋਕਾਂ ਨੇ ਮੈਡਮ ਖਿਲਾਫ਼ ਦਿੱਤਾ ਧਰਨਾ
Follow Us On

ਗੁਰਦਾਸਪੁਰ ‘ਦੇ ਫਤਿਹਗੜ ਚੂੜੀਆਂ ਦੀ ਇੱਕ ਨਾਇਬ ਤਹਿਸੀਲਦਾਰ ਜਸਵੀਰ ਕੌਰ ਦੀ ਬੀਤੇ ਦਿਨੀਂ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਉਹ ਇੱਕ ਪਟਵਾਰੀ ਤੋਂ ਪੈਸੇ ਲੈਂਦੇ ਹੋਏ ਨਜ਼ਰ ਆ ਰਹੀ ਸੀ। ਇਸ ਮਾਮਲੇ ‘ਚ ਹੁਣ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਹੈ ਤੇ ਨਾਇਬ ਤਹਿਸੀਲਦਾਰ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਬੰਧਤ ਐਸਐਸਪੀ ਵਿਜੀਲੈਂਸ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਦੇ ਵੀ ਹੁਕਮ ਜਾਰੀ ਕੀਤੇ ਹਨ।

ਉੱਥੇ ਹੀ ਅੱਜ ਗੁਰੂ ਰਵਿਦਾਸ ਚੌਂਕ ‘ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਨਾਇਬ ਤਹਿਸੀਲਦਾਰ ਜਸਵੀਰ ਕੌਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਲੋਕਾਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਤਹਿਸੀਲ ਵਿਭਾਗ ‘ਚ ਚੱਲ ਰਹੀ ਰਿਸ਼ਵਤਖੋਰੀ ਦਾ ਵਿਰੋਧ ਕੀਤਾ।

ਧਰਨੇ ਦੌਰਾਨ ਦਿਲਬਾਗ ਸਿੰਘ ਰਿਆੜ, ਹਰਪਾਲ ਸਿੰਘ ਫੌਜੀ ਅਤੇ ਗੁਰਪ੍ਰਤਾਪ ਸਿੰਘ ਪੰਨਵਾਂ ਵਰਗੇ ਆਗੂਆਂ ਨੇ ਕਿਹਾ ਕਿ ਜਸਵੀਰ ਕੌਰ ਭ੍ਰਿਸ਼ਟਾਚਾਰ ‘ਚ ਲਿੱਪਤ ਹੈ। ਉਨ੍ਹਾਂ ਦੱਸਿਆ ਕਿ ਮੈਡਮ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਕਿਸੇ ਵਿਅਕਤੀ ਤੋਂ ਪੈਸੇ ਲੈਂਦੀ ਹੋਈ ਦਿਖ ਰਹੀ ਹੈ।

ਰਜਿਸਟਰੀ ਕਲਰਕ ਬਿਨਾਂ ਸਬੂਤ ਸਸਪੈਂਡ, ਪਰ ਭ੍ਰਿਸ਼ਟਾਚਾਰ ਜਾਰੀ

ਲੋਕਾਂ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਰਜਿਸਟਰੀ ਕਲਰਕ ਨੂੰ ਬਿਨਾਂ ਕਿਸੇ ਸਪਸ਼ਟ ਕਾਰਨ ਦੇ ਸਸਪੈਂਡ ਕੀਤਾ ਗਿਆ, ਜਦਕਿ ਤਹਿਸੀਲ ‘ਚ ਖੁੱਲ੍ਹੇ ਆਮ ਰਿਸ਼ਵਤ ਲੈਣ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਕਿ ਤਹਿਸੀਲ ਵਿਭਾਗ ‘ਚ ਚੱਲ ਰਹੇ ਭ੍ਰਿਸ਼ਟਾਚਾਰ ‘ਤੇ ਤੁਰੰਤ ਕਾਰਵਾਈ ਹੋਵੇ।

ਧਰਨੇ ‘ਚ ਸ਼ਾਮਲ ਲੋਕਾਂ ਨੇ ਸਖਤ ਰਵੱਈਆ ਅਖਤਿਆਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਰੋਸ ਪੂਰੇ ਇਲਾਕੇ ‘ਚ ਫੈਲ ਸਕਦਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਭ੍ਰਿਸ਼ਟ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਦਮ ਚੁੱਕੇ ਜਾਣ।

ਪੱਤਰਕਾਰਾਂ ਤੋਂ ਭੱਜੀ ਮੈਡਮ, ਫੋਨ ਵੀ ਨਹੀਂ ਚੁੱਕਿਆ

ਜਦ ਮਾਮਲੇ ਬਾਰੇ ਪੱਤਰਕਾਰ ਨੇ ਨਾਇਬ ਤਹਿਸੀਲਦਾਰ ਜਸਵੀਰ ਕੌਰ ਦਾ ਪੱਖ ਜਾਣਨ ਤਹਿਸੀਲ ਦਫਤਰ ਗਏ, ਤਾਂ ਉਹ ਪੱਤਰਕਾਰਾਂ ਨੂੰ ਚਕਮਾ ਦੇ ਕੇ ਥਾਂ ਛੱਡ ਕੇ ਚਲੀ ਗਈ। ਵਾਰ-ਵਾਰ ਫੋਨ ਕਰਨ ਬਾਵਜੂਦ ਵੀ ਮੈਡਮ ਨੇ ਫੋਨ ਨਹੀਂ ਚੁੱਕਿਆ।