ਕਿਸਾਨਾਂ ਨੇ ਲੌਂਗੋਵਾਲ ਦਾ ਧਰਨਾ ਚੁੱਕਿਆ, ਸਾਰੇ ਕਿਸਾਨ ਆਗੂਆਂ ਨੂੰ ਕੀਤਾ ਰਿਹਾਅ; ਮੰਗਾਂ ‘ਤੇ ਬਣੀ ਸਹਮਤੀ

Published: 

25 Aug 2023 08:25 AM

ਬੀਤੀ ਰਾਤ ਸੰਗਰੂਰ ਦੇ ਲੌਂਗੋਵਾਲ ਵਿੱਚ ਕਿਸਾਨਾਂ ਨੇ ਆਪਣਾ ਧਰਨਾ ਚੁੱਕ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨਾਂ ਅਤੇ ਸਰਕਾਰ ਵਿਚਾਲੇ ਸਹਮਤੀ ਬਣ ਗਈ ਹੈ। ਅੱਜ ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਕਿਸਾਨਾਂ ਨੇ ਲੌਂਗੋਵਾਲ ਦਾ ਧਰਨਾ ਚੁੱਕਿਆ, ਸਾਰੇ ਕਿਸਾਨ ਆਗੂਆਂ ਨੂੰ ਕੀਤਾ ਰਿਹਾਅ; ਮੰਗਾਂ ਤੇ ਬਣੀ ਸਹਮਤੀ
Follow Us On

ਕਿਸਾਨਾਂ ਨੇ ਲੌਂਗੋਵਾਲ ਦਾ ਧਰਨਾ ਬੀਤੇ ਰਾਤ (ਵੀਰਵਾਰ) ਨੂੰ ਚੱਕ ਲਿਆ। ਜਾਣਕਾਰੀ ਦਿੰਦਿਆ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 21 ਅਗਸਤ ਤੋਂ ਸ਼ੁਰੂ ਹੋਏ ਸੰਘਰਸ਼ ਵਿੱਚ ਪੰਜਾਬ ਸਰਕਾਰ ਨੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਕੇ ਤਸ਼ੱਦਦ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਸੀ। ਚੰਡੀਗੜ੍ਹ ਮਾਰਚ ਦੌਰਾਨ ਲਾਠੀਚਾਰਜ ਵਿੱਚ ਇੱਕ ਕਿਸਾਨ ਦੀ ਮੌਤ ਅਤੇ ਕਈ ਜ਼ਖ਼ਮੀ ਹੋ ਗਏ ਸਨ।

ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਸਿਰ ਝੁਕਾਉਣ ਲਈ ਮਜਬੂਰ ਕਰ ਦਿੱਤਾ ਹੈ। ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਖੇਤੀ ਮੰਤਰੀ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਨੂੰ ਲੈ ਕੇ 4 ਸਤੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨਾਲ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।

ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦਾ ਚੈੱਕ

ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸੰਗਰੂਰ ਦੇ ਲੌਂਗੋਵਾਲ ਥਾਣੇ ਸਾਹਮਣੇ ਕਿਸਾਨ ਪ੍ਰੀਤਮ ਸਿੰਘ ਮੰਡੇਰ ਮੌਤ ਹੋ ਗਈ ਸੀ। ਜਿਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਪ੍ਰੀਤਮ ਸਿੰਘ ਦੇ ਕਹਿਣ ‘ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਾ ਪੱਤਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਮਝੌਤੇ ਵਿੱਚ ਮ੍ਰਿਤਕ ਕਿਸਾਨ ਆਗੂ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੋੜ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਲਾਠੀਚਾਰਜ ਦੌਰਾਨ ਗੰਭੀਰ ਜ਼ਖਮੀਆਂ ਨੂੰ 2 ਲੱਖ ਰੁਪਏ ਅਤੇ ਘੱਟ ਗੰਭੀਰ ਜ਼ਖਮੀਆਂ ਨੂੰ ਇੱਕ-ਇੱਕ ਲੱਖ ਰੁਪਏ ਦਿੱਤੇ ਗਏ ਹਨ। ਟੁੱਟੇ ਹੋਏ ਸੰਦਾਂ ਦੀ ਪੂਰੀ ਕੀਮਤ ਸਰਕਾਰ ਅਦਾ ਕਰੇਗੀ।

ਸਾਰੇ ਵੱਡੇ ਲੀਡਰਾਂ ਨੂੰ ਕੀਤਾ ਰਿਹਾਅ

ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੌਟਾਲਾ, ਰਾਣਾ ਰਣਬੀਰ ਸਿੰਘ ਅਤੇ ਹਰਵਿੰਦਰ ਸਿੰਘ ਮਸਾਣੀ ਸਮੇਤ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਕੀਤੇ ਸਾਰੇ ਕਿਸਾਨਾਂ ਨੂੰ ਬਿਨਾਂ ਜ਼ਮਾਨਤ ਦੇ ਰਿਹਾਅ ਕਰ ਦਿੱਤਾ ਗਿਆ, ਜਿਸ ਮਗਰੋਂ ਧਰਨਾ ਵੀ ਮੁਲਤਵੀ ਕਰ ਦਿੱਤਾ ਗਿਆ।

ਆਗੂਆਂ ਨੇ ਕਿਹਾ ਕਿ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੀਆਂ ਮੀਟਿੰਗਾਂ ਵਿੱਚ ਕੋਈ ਸਾਰਥਕ ਨਤੀਜਾ ਨਾ ਨਿਕਲਿਆ ਤਾਂ 16 ਜਥੇਬੰਦੀਆਂ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਅਤੇ ਪ੍ਰੋਗਰਾਮ ਤੈਅ ਕਰਨਗੀਆਂ।