ਫ਼ਰੀਦਕੋਟ ‘ਚ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਪਿਤਾ ਤੇ 2 ਮਾਸੂਮ ਧੀਆਂ ਦੀ ਮੌਕੇ ‘ਤੇ ਮੌਤ
ਫਰੀਦਕੋਟ-ਫਿਰੋਜ਼ਪੁਰ ਰੋਡ 'ਤੇ ਵੀਰਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਖ਼ੂਨੀ ਟੱਕਰ ਵਿੱਚ ਬਾਈਕ ਸਵਾਰ ਪਿਤਾ ਅਤੇ ਉਸ ਦੀਆਂ ਦੋ ਮਾਸੂਮ ਧੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਫਰੀਦਕੋਟ-ਫਿਰੋਜ਼ਪੁਰ ਰੋਡ ‘ਤੇ ਵੀਰਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿੱਥੇ ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਖ਼ੂਨੀ ਟੱਕਰ ਵਿੱਚ ਬਾਈਕ ਸਵਾਰ ਪਿਤਾ ਅਤੇ ਉਸ ਦੀਆਂ ਦੋ ਮਾਸੂਮ ਧੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੀ ਪਤਨੀ ਅਤੇ ਇੱਕ ਮਾਸੂਮ ਪੁੱਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਇਹ ਹਾਦਸਾ ਇੰਨਾ ਭਿਆਨਕ ਅਤੇ ਜ਼ੋਰਦਾਰ ਸੀ ਕਿ ਟੱਕਰ ਲੱਗਦਿਆਂ ਹੀ ਕਾਰ ਦਾ ਅਗਲਾ ਇੱਕ ਪਹੀਆ ਨਿਕਲ ਕੇ ਵੱਖ ਹੋ ਗਿਆ, ਜਦੋਂ ਕਿ ਬਾਈਕ ‘ਤੇ ਸਵਾਰ ਸਾਰੇ ਲੋਕ ਹਵਾ ਵਿੱਚ ਉੱਛਲ ਕੇ ਸੜਕ ‘ਤੇ ਜਾ ਡਿੱਗੇ। ਇਸ ਹਾਦਸੇ ਵਿੱਚ ਬਾਈਕ ਦੇ ਵੀ ਪਰਖੱਚੇ ਉੱਡ ਗਏ। ਮੋਟਰਸਾਈਕਲ ਦੀ ਸੀਟ ਉਖੜ ਕੇ ਦੂਰ ਜਾ ਡਿੱਗੀ ਅਤੇ ਉਸ ਦਾ ਸਾਈਲੈਂਸਰ ਵੀ ਟੁੱਟ ਕੇ ਦੂਰ ਜਾ ਕੇ ਡਿੱਗਿਆ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਬੱਚਿਆਂ ਅਤੇ ਪਤਨੀ ਨਾਲ ਬਾਈਕ ‘ਤੇ ਫਰੀਦਕੋਟ ਪਰਤ ਰਿਹਾ ਸੀ ਪਰਿਵਾਰ
ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਬੀੜ ਚਹਿਲ ਦਾ ਰਹਿਣ ਵਾਲਾ ਗੋਰੀ ਨਾਮ ਦਾ ਵਿਅਕਤੀ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦੇ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰੀਦਕੋਟ ਵੱਲ ਪਰਤ ਰਿਹਾ ਸੀ। ਜਿਵੇਂ ਹੀ ਉਨ੍ਹਾਂ ਦੀ ਬਾਈਕ ਫਿਰੋਜ਼ਪੁਰ ਰੋਡ ‘ਤੇ ਸਥਿਤ ਨਾਨਕਸਰ ਬਸਤੀ ਦੇ ਨੇੜੇ ਪਹੁੰਚੀ, ਤਾਂ ਸਾਹਮਣੇ ਪਾਸਿਓਂ ਆ ਰਹੀ ਇੱਕ ਬੇਹੱਦ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਸਿੱਧੀ ਅਤੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਸਾਰੇ ਹਵਾ ਵਿੱਚ ਉੱਛਲੇ, ਸੜਕ ‘ਤੇ ਡਿੱਗੇ
ਟੱਕਰ ਇੰਨੀ ਖ਼ੌਫ਼ਨਾਕ ਸੀ ਕਿ ਬਾਈਕ ‘ਤੇ ਸਵਾਰ ਪੰਜੇ ਜਣੇ ਹਵਾ ਵਿੱਚ ਉੱਛਲ ਗਏ ਅਤੇ ਬੁਰੀ ਤਰ੍ਹਾਂ ਸੜਕ ‘ਤੇ ਜਾ ਕੇ ਡਿੱਗੇ। ਸਿਰ ‘ਤੇ ਗੰਭੀਰ ਸੱਟਾਂ ਲੱਗਣ ਕਾਰਨ ਪਿਤਾ ਅਤੇ ਉਸ ਦੇ ਦੋ ਬੱਚਿਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਦੌਰਾਨ ਉਸ ਦੀ ਪਤਨੀ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸਾ ਹੁੰਦਾ ਦੇਖ ਕੇ ਮੌਕੇ ‘ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਇਲਾਜ ਲਈ ਮੈਡੀਕਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਦੋਵਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ।
ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਪਿੰਡ ਬੀੜ ਚਹਿਲ ਦੇ ਰਹਿਣ ਵਾਲੇ ਜਤਿੰਦਰ ਸਿੰਘ (32 ਸਾਲ) ਅਤੇ ਉਨ੍ਹਾਂ ਦੀਆਂ ਦੋ ਮਾਸੂਮ ਧੀਆਂ ਗੁਰਲੀਨ ਕੌਰ (2 ਸਾਲ) ਤੇ ਮੰਨੂ (1 ਸਾਲ) ਵਜੋਂ ਹੋਈ ਹੈ। ਉੱਥੇ ਹੀ ਜਤਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਅਤੇ ਉਨ੍ਹਾਂ ਦਾ 4 ਸਾਲਾ ਪੁੱਤਰ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ
ਕਾਰ ਚਾਲਕ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਡੀਐੱਸਪੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਨੇ ਦੱਸਿਆ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਵਿਅਕਤੀ ਦੀ ਪਛਾਣ ਪਿੰਡ ਚਹਿਲ ਦੇ ਰਹਿਣ ਵਾਲੇ ਗੋਰੀ (ਜਤਿੰਦਰ ਸਿੰਘ) ਵਜੋਂ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਈ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਫ਼ਰਾਰ ਕਾਰ ਚਾਲਕ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡੀ.ਐੱਸ.ਪੀ. ਮੁਤਾਬਕ, ਉਨ੍ਹਾਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਤੋਂ ਕਾਰ ਦੇ ਅੰਦਰੋਂ ਕੁਝ ਡੰਡੇ ਅਤੇ ਹੋਰ ਸਾਮਾਨ ਬਰਾਮਦ ਹੋਣ ਦੀ ਸੂਚਨਾ ਵੀ ਮਿਲੀ ਹੈ, ਜਿਸ ਦੀ ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
