ਫ਼ਰੀਦਕੋਟ ‘ਚ ਸਾਬਕਾ ਫ਼ੌਜੀ ਪਿਓ ਤੇ ਪੁੱਤ ਨੇ ਨਿਗਲਿਆ ਸਲਫ਼ਾਸ, ਦੋਵਾਂ ਦੀ ਹੋਈ ਮੌਤ; ਬੇਟਾ ਜਾਇਦਾਦ ‘ਚ ਮੰਗਦਾ ਸੀ ਹਿੱਸਾ
ਫ਼ਰੀਦਕੋਟ ਵਿੱਚ ਸੋਮਵਾਰ ਦੇਰ ਰਾਤ ਇੱਕ ਬੇਹੱਦ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਸੀ ਕਲੇਸ਼ ਤੋਂ ਤੰਗ ਆ ਕੇ ਪਿਓ-ਪੁੱਤ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੇ ਘਰ ਵਿੱਚ ਰੱਖਿਆ ਸਲਫ਼ਾਸ ਨਿਗਲ ਲਿਆ ਸੀ।
ਫ਼ਰੀਦਕੋਟ ਵਿੱਚ ਸੋਮਵਾਰ ਦੇਰ ਰਾਤ ਇੱਕ ਬੇਹੱਦ ਦੁਖਦਾਈ ਅਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਸੀ ਕਲੇਸ਼ ਤੋਂ ਤੰਗ ਆ ਕੇ ਪਿਓ-ਪੁੱਤ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਦੋਵਾਂ ਨੇ ਘਰ ਵਿੱਚ ਰੱਖਿਆ ਸਲਫ਼ਾਸ ਨਿਗਲ ਲਿਆ ਸੀ। ਹਾਲਤ ਵਿਗੜਦੀ ਦੇਖ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ। ਇਸ ਦਰਦਨਾਕ ਘਟਨਾ ਕਾਰਨ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਜਾਇਦਾਦ ਦਾ ਵਿਵਾਦ ਅਤੇ ਨਸ਼ੇ ਦੀ ਲਤ ਬਣੀ ਖ਼ੁਦਕੁਸ਼ੀ ਦਾ ਕਾਰਨ
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਤਾ ਫ਼ੌਜ ਵਿੱਚੋਂ ਸੇਵਾਮੁਕਤ ਸੀ, ਜਦਕਿ ਪੁੱਤਰ ਨਸ਼ੇ ਕਰਨ ਦਾ ਆਦੀ ਹੋ ਚੁੱਕਾ ਸੀ। ਇਸੇ ਕਾਰਨ ਦੋਵਾਂ ਵਿਚਾਲੇ ਜਾਇਦਾਦ ਦੀ ਵੰਡ ਨੂੰ ਲੈ ਕੇ ਲੰਮੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਸੀ। ਪਿਤਾ ਆਪਣੇ ਨਸ਼ੇੜੀ ਪੁੱਤਰ ਦੇ ਹੱਥ ਪਰਿਵਾਰਕ ਜਾਇਦਾਦ ਸੌਂਪਣ ਦੇ ਹੱਕ ਵਿੱਚ ਨਹੀਂ ਸੀ, ਜਿਸ ਕਰਕੇ ਘਰ ਵਿੱਚ ਰੋਜ਼ਾਨਾ ਝਗੜਾ ਰਹਿੰਦਾ ਸੀ। ਆਪਸੀ ਕਲੇਸ਼ ਅਤੇ ਤਣਾਅ ਐਨਾ ਵਧ ਗਿਆ ਕਿ ਆਖ਼ਰਕਾਰ ਦੋਵਾਂ ਨੇ ਇਹ ਖ਼ੌਫ਼ਨਾਕ ਕਦਮ ਉਠਾ ਲਿਆ।
ਪਰਿਵਾਰਕ ਪਿਛੋਕੜ
ਪਿੰਡ ਵਾਸੀਆਂ ਨੇ ਘਟਨਾ ਦੇ ਪਿਛੋਕੜ ਬਾਰੇ ਦੱਸਦਿਆਂ ਖ਼ੁਲਾਸਾ ਕੀਤਾ ਕਿ ਸੇਵਾਮੁਕਤ ਫ਼ੌਜੀ ਅਮਰ ਨਾਥ ਸਿੰਘ ਦੀ ਪਹਿਲੀ ਪਤਨੀ ਦੀ ਕਰੀਬ 30 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਉਨ੍ਹਾਂ ਦੀ ਸਿਰਫ਼ ਇੱਕ ਧੀ ਸੀ। ਕੁਝ ਸਾਲਾਂ ਬਾਅਦ ਅਮਰ ਨਾਥ ਦੇ ਛੋਟੇ ਭਰਾ ਦੀ ਵੀ ਅਚਾਨਕ ਮੌਤ ਹੋ ਗਈ, ਜੋ ਆਪਣੇ ਪਿੱਛੇ ਪਤਨੀ ਅਤੇ ਤਿੰਨ ਛੋਟੇ ਬੱਚੇ (ਦੋ ਧੀਆਂ ਤੇ ਇੱਕ ਪੁੱਤਰ) ਛੱਡ ਗਿਆ ਸੀ।
ਸਾਰੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਪਰਿਵਾਰ ਨੂੰ ਇਕੱਠਾ ਰੱਖਣ ਦੇ ਮਕਸਦ ਨਾਲ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਅਮਰ ਨਾਥ ਦਾ ਵਿਆਹ ਉਸ ਦੇ ਛੋਟੇ ਭਰਾ ਦੀ ਵਿਧਵਾ ਨਾਲ ਕਰ ਦਿੱਤਾ ਗਿਆ। ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਪੁੱਤਰ ਸੁਖਵਿੰਦਰ ਦਾ ਜਨਮ ਹੋਇਆ। ਅਮਰ ਨਾਥ ਨੇ ਆਪਣੀ ਪਹਿਲੀ ਪਤਨੀ ਦੀ ਧੀ ਦਾ ਵਿਆਹ ਪਹਿਲਾਂ ਹੀ ਕਰ ਦਿੱਤਾ ਸੀ ਅਤੇ ਸਾਰੀ ਜਾਇਦਾਦ ਦੀ ਦੇਖ-ਰੇਖ ਉਨ੍ਹਾਂ ਦੇ ਹੱਥ ਵਿੱਚ ਹੀ ਸੀ। ਪਰ ਸੁਖਵਿੰਦਰ ਦੇ ਨਸ਼ਿਆਂ ਵੱਲ ਜਾਣ ਕਾਰਨ ਅਮਰ ਨਾਥ ਨਾਲ ਜਾਇਦਾਦ ਨੂੰ ਲੈ ਕੇ ਉਸ ਦਾ ਵਿਵਾਦ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਸੀ।
ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਹੋਵੇਗੀ ਕਾਰਵਾਈ: ਪੁਲਿਸ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਦੋਵਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੈਤੋ ਦੇ ਡੀ.ਐੱਸ.ਪੀ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਘਰੇਲੂ ਕਲੇਸ਼ ਅਤੇ ਆਪਸੀ ਝਗੜੇ ਦੇ ਚੱਲਦਿਆਂ ਪਿਓ-ਪੁੱਤ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪੋਸਟਮਾਰਟਮ ਰਿਪੋਰਟ ਤੇ ਤੱਥਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
