‘ਮੇਰੇ ਮਾਂ-ਬਾਪ ਨਾ ਹੁੰਦੇ ਤਾਂ ਮੈਂ ਨਾ ਬਚਦਾ…’ ਸਾਬਕਾ ਡੀਜੀਪੀ ਦੇ ਪੁੱਤਰ ਦੀ ਦੂਜੀ ਵੀਡੀਓ ਨੇ ਲਿਆਂਦਾ ਕਹਾਣੀ ‘ਚ ਮੋੜ

Updated On: 

22 Oct 2025 14:57 PM IST

Ex-DGP Mohmmad Mustafa Son's Case: ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਪੰਚਕੂਲਾ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਆਪਣੀ ਮੌਤ ਤੋਂ ਪਹਿਲਾਂ ਇੱਕ ਵਾਇਰਲ ਵੀਡੀਓ 'ਚ, ਅਕੀਲ ਨੇ ਆਪਣੇ ਪਿਤਾ 'ਤੇ ਗੰਭੀਰ ਦੋਸ਼ ਲਗਾਏ, ਜਿਸ ਕਾਰਨ ਐਫਆਈਆਰ ਦਰਜ ਕੀਤੀ ਗਈ। ਹੁਣ, ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਕੀਲ ਆਪਣੇ ਮਾਪਿਆਂ ਤੋਂ ਮੁਆਫੀ ਮੰਗਦਾ ਦਿਖਾਈ ਦੇ ਰਿਹਾ ਹੈ।

ਮੇਰੇ ਮਾਂ-ਬਾਪ ਨਾ ਹੁੰਦੇ ਤਾਂ ਮੈਂ ਨਾ ਬਚਦਾ... ਸਾਬਕਾ ਡੀਜੀਪੀ ਦੇ ਪੁੱਤਰ ਦੀ ਦੂਜੀ ਵੀਡੀਓ ਨੇ ਲਿਆਂਦਾ ਕਹਾਣੀ ਚ ਮੋੜ
Follow Us On

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ, ਅਕੀਲ ਦਾ ਇੱਕ ਵੀਡੀਓ ਵਾਇਰਲ ਹੋਇਆ, ਜਿਸ ‘ਚ ਉਸ ਨੇ ਆਪਣੇ ਪਿਤਾ ‘ਤੇ ਗੰਭੀਰ ਦੋਸ਼ ਲਗਾਏ। ਇਸ ਤੋਂ ਬਾਅਦ, ਪੁਲਿਸ ਨੇ ਉਸ ਦੇ ਪਿਤਾ ਮੁਹੰਮਦ ਮੁਸਤਫਾ ਵਿਰੁੱਧ ਕੇਸ ਦਰਜ ਕੀਤਾ ਹੈ। ਇੱਕ ਗੁਆਂਢੀ ਨੇ ਇਸ ਘਟਨਾ ਦੇ ਸਬੰਧ ‘ਚ ਅਕੀਲ ਦੀ ਮਾਂ, ਪਤਨੀ ਤੇ ਭੈਣ ਵਿਰੁੱਧ ਵੀ ਐਫਆਈਆਰ ਦਰਜ ਕਰਵਾਈ ਹੈ। ਇਸ ਚੱਲ ਰਹੇ ਮਾਮਲੇ ਦੇ ਵਿਚਕਾਰ, ਅਕੀਲ ਦੇ ਇੱਕ ਨਵੇਂ ਵੀਡੀਓ ਨੇ ਮਾਮਲੇ ‘ਚ ਇੱਕ ਨਵਾਂ ਮੋੜ ਲਿਆ ਹੈ।

ਨਵੀਂ ਵੀਡੀਓ ‘ਚ, ਅਕੀਲ ਆਪਣੇ ਪਰਿਵਾਰ ਦਾ ਧੰਨਵਾਦ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਉਹ ਕਹਿੰਦਾ ਹੈ ਕਿ ਉਸ ਦੇ ਪਰਿਵਾਰ ਨੇ ਉਸ ਨਾਲ ਚੰਗਾ ਵਿਵਹਾਰ ਕੀਤਾ ਹੈ। ਉਸ ਨੇ ਪਹਿਲਾਂ ਜੋ ਗੱਲਾਂ ਕਹੀਆਂ ਸਨ, ਉਸ ਦੀ ਮਾਨਸਿਕ ਬਿਮਾਰੀ ਕਾਰਨ, ਉਹ ਸਾਰੀਆਂ ਝੂਠੀਆਂ ਸਨ। ਜੇ ਉਸ ਦੇ ਮਾਤਾ-ਪਿਤਾ ਕੋਈ ਹੋਰ ਹੁੰਦੇ ਤਾਂ ਉਹ ਬਚ ਨਹੀਂ ਸਕਦਾ ਸੀ। ਦੂਸਰਾ ਹੁੰਦਾ ਦਾ ਉਸ ਨੂੰ ਘਰੋਂ ਬਾਹਰ ਕੱਢ ਦਿੰਦੇ। ਹੁਣ ਉਸ ਨੂੰ ਅਹਿਸਾਸ ਹੋ ਰਿਹਾ ਹੈ ਤੇ ਉਹ ਮੁਆਫੀ ਮੰਗਣਾ ਚਾਹੁੰਦਾ ਹੈ।

ਅਕੀਲ ਦੀ ਨਵੀਂ ਵੀਡੀਓ ‘ਚ ਕੀ ਹੈ?

ਅਕੀਲ ਦਾ ਨਵਾਂ ਵੀਡੀਓ ਉਸ ਦੇ ਪਿਛਲੇ ਵੀਡੀਓ ਤੋਂ ਬਿਲਕੁਲ ਉਲਟ ਹੈ, ਜਿਸ ‘ਚ ਉਸਨੇ ਆਪਣੇ ਪਿਤਾ ਅਤੇ ਪਤਨੀ ‘ਤੇ ਗੰਭੀਰ ਦੋਸ਼ ਲਗਾਏ ਸਨ। ਵੀਡੀਓ ‘ਚ, ਅਕੀਲ ਨੇ ਆਪਣੀ ਜਾਨ ਦਾ ਡਰ ਵੀ ਜ਼ਾਹਰ ਕੀਤਾ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਸ਼ਮਸੁਦੀਨ ਨਾਮ ਦੇ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ।

16 ਅਕਤੂਬਰ ਦੀ ਰਾਤ ਨੂੰ, ਅਕੀਲ ਅਖਤਰ ਪੰਚਕੂਲਾ ਦੇ ਆਪਣੇ ਘਰ ‘ਚ ਬੇਹੋਸ਼ ਪਾਇਆ ਗਿਆ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂ ‘ਚ, ਪਰਿਵਾਰ ਨੇ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ, ਪਰ ਪੁਰਾਣੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਮਾਮਲਾ ਸ਼ੱਕੀ ਹੋ ਗਿਆ। ਹੁਣ, ਪੁਲਿਸ ਨੇ ਕਤਲ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਜਾਂਚ ਤੇਜ਼ ਕਰ ਦਿੱਤੀ ਹੈ।

ਜਾਂਚ ਲਈ ਬਣਾਈ ਗਈ SIT

ਪੁਲਿਸ ਸੂਤਰਾਂ ਅਨੁਸਾਰ, ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। SIT ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਖਾਸ ਤੌਰ ‘ਤੇ ਇਹ ਨਿਰਧਾਰਤ ਕਰ ਰਹੀ ਹੈ ਕਿ ਨਵੀਂ ਵੀਡੀਓ ਕਦੋਂ ਤੇ ਕਿਸ ਹਾਲਾਤ ‘ਚ ਰਿਕਾਰਡ ਕੀਤੀ ਗਈ ਸੀ।

ਪਰਿਵਾਰ ਵੱਲੋਂ, ਸਾਬਕਾ DGP ਮੁਹੰਮਦ ਮੁਸਤਫਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਈ ਸਾਲਾਂ ਤੋਂ ਮਾਨਸਿਕ ਤਣਾਅ ਤੇ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ। ਉਨ੍ਹਾਂ ਕਿਹਾ, “ਅਕੀਲ ਦੀ ਮੌਤ ਸਾਡੇ ਪਰਿਵਾਰ ਲਈ ਇੱਕ ਡੂੰਘਾ ਸਦਮਾ ਹੈ। ਸੱਚ ਸਾਹਮਣੇ ਆਵੇਗਾ, ਅਸੀਂ ਕੁਝ ਵੀ ਗਲਤ ਨਹੀਂ ਕੀਤਾ ਹੈ।”