Congress ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਵਿਜੀਲੈਂਸ ਦਫ਼ਤਰ ‘ਚ ਹੋਏ ਪੇਸ਼
Vigilance Action: ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਸੋਮਵਾਰ ਨੂੰ ਵਿਜੀਲੈਂਸ ਦਫ਼ਤਰ ਫਰੀਦਕੋਟ ਪੇਸ਼ ਹੋਏ। ਵਿਜੀਲੈਂਸ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਕੁਸ਼ਲਦੀਪ ਸਿੰਘ ਢਿਲੋਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ।
Congress ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਵਿਜੀਲੈਂਸ ਦਫ਼ਤਰ 'ਚ ਹੋਏ ਪੇਸ਼
ਫਰੀਦਕੋਟ ਨਿਊਜ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਸਾਬਕਾ ਕਾਂਗਰਸੀ ਵਿਧਾਇਕ ਤੋਂ ਸੋਮਵਾਰ ਨੂੰ ਮੁੜ ਫਰੀਦਕੋਟ ਵਿਜੀਲੈਂਸ ਦਫ਼ਤਰ (Vigilance Office) ਵਿਚ ਕਰੀਬ 3 ਘੰਟੇ ਤੱਕ ਪੁੱਛਗਿੱਛ ਹੋਈ। ਹਾਲਾਂਕਿ ਸਾਬਕਾ ਵਿਧਾਇਕ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੀ ਸਾਰੀ ਜਾਇਦਾਦ ਪਿਤਾ ਪੁਰਖੀ ਹੈ ਅਤੇ ਉਹਨਾਂ ਦਾ ਸਾਰਾ ਕਰੋਬਾਰ ਰਿਕਾਰਡ ਵਿਚ ਹੈ। ਸਰਕਾਰ ਸਿਆਸੀ ਬਦਲਾਖੋਰੀ ਦੇ ਤਹਿਤ ਇਹ ਸਭ ਕੁਝ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿਕੀ ਢਿਲੋਂ ਤੋਂ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਦੂਸਰੀ ਵਾਰ ਪੁੱਛਗਿਛ ਕੀਤੀ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿਕੀ ਢਿਲੋਂ ਨੂੰ ਵਿਜੀਲੈਂਸ ਵਿਭਾਗ ਨੇ ਪੁੱਛਗਿੱਛ ਲਈ ਬੁਲਾਇਆ ਸੀ ਅਤੇ ਉਹਨਾਂ ਤੋਂ ਲਗਭਗ 2 ਘੰਟੇ ਤੱਕ ਪੁੱਛਗਿਛ ਕੀਤੀ ਸੀ। ਪਰ ਅੱਜ ਵਿਜੀਲੈਂਸ ਵਿਭਾਗ ਵਲੋਂ ਉਹਨਾਂ ਤੋਂ ਲਗਭਗ 3 ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਡੀਐਸਪੀ ਵਿਜੀਲੈਂਸ ਜਸਵਿੰਦਰ ਸਿੰਘ ਨੇ ਦਸਿਆ ਕਿ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਨੂੰ ਲੈ ਕੇ ਵਿਜੀਲੈਂਸ ਵਿਭਾਗ ਪਾਸ ਇਕ ਸ਼ਿਕਾਇਤ ਦੇ ਅਧਾਰ ਤੇ ਜਾਂਚ ਚੱਲ ਰਹੀ ਹੈ, ਜਿਸ ਵਿਚ ਪੁੱਛਗਿੱਛ ਲਈ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿਕੀ ਢਿਲੋਂ ਨੂੰ ਪਹਿਲਾਂ ਵੀ ਤਲਬ ਕੀਤਾ ਗਿਆ ਸੀ ਅਤੇ ਅੱਜ ਵੀ ਉਹਨਾਂ ਨੂੰ ਪੁੱਛਗਿੱਛ ਲਈ ਫਰੀਦਕੋਟ ਦਫਤਰ ਵਿਚ ਬੁਲਾਇਆ ਗਿਆ ਸੀ।
ਉਹਨਾਂ ਦੱਸਿਆ ਕਿ ਸਾਬਕਾ ਵਿਧਾਇਕ ਕੋਲ ਆਮਦਨ ਤੋਂ ਵੱਧ ਜਾਇਦਾਦ ਸਬੰਧੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਜਿਸ ਦੀ ਜਾਂਚ ਚੱਲ ਰਹੀ ਹੈ। ਅਤੇ ਉਸੇ ਜਾਚ ਸਬੰਧੀ ਅੱਜ ਕੁਸ਼ਲਦੀਪ ਸਿੰਘ ਢਿਲੋਂ ਨੂੰ ਬੁਲਾਇਆ ਗਿਆ ਸੀ। ਉਹਨਾਂ ਕਿਹਾ ਜਾਂਚ ਸਹੀ ਦਿਸ਼ਾ ਵਿਚ ਚੱਲ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
‘ਸਿਆਸਤ ਤੋਂ ਪ੍ਰੇਰਿਤ ਹੈ ਵਿਜੀਲੈਂਸ ਦੀ ਕਾਰਵਾਈ’
ਇਸ ਸਬੰਧੀ ਕੁਸ਼ਲਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਵਲੋਂ ਕੁਝ ਦਸਤਾਵੇਜ਼ ਮੰਗੇ ਗਏ ਸਨ ਜੋ ਉਹਨਾ ਵਲੋਂ ਜਮਾਂ ਕਰਵਾਏ ਗਏ ਸਨ ਉਹਨਾਂ ਵਿਚ ਕੁਝ ਤੱਥ ਸਮਝ ਨਹੀਂ ਸਨ ਆ ਰਹੇ ਉਹੀ ਪੁੱਛਣ ਲਈ ਵਿਜੀਲੈਂਸ ਵਲੋਂ ਅੱਜ ਉਹਨਾਂ ਨੂੰ ਬੁਲਾਇਆ ਗਿਆ ਸੀ। ਉਹਨਾ ਕਿਹਾ ਕਿ ਉਹਨਾਂ ਦੀ ਸਾਰੀ ਜਾਇਦਾਦ ਪਿਤਾ ਪੁਰਖੀ ਹੈ ਅਤੇ ਉਹਨਾਂ ਦਾ ਆਮਦਨ ਦਾ ਸਾਰਾ ਰਿਕਾਰਡ ਮੌਜੂਦ ਹੈ ਅਤੇ ਇਸ ਸਬੰਧੀ ਉਹਨਾਂ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਹਲਫਨਾਮਾ ਵੀ ਚੋਣ ਕਮਿਸ਼ਨ ਕੋਲ ਦਿੱਤਾ ਗਿਆ ਸੀ। ਉਹਨਾ ਵਿਜੀਲੈਂਸ ਦੀ ਸਾਰੀ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦਸਿਆ। ਉਹਨਾਂ ਕਿਹਾ ਕਿ ਉਹਨਾਂ ਦੇ ਸਿਆਸੀ ਵਿਰੋਧੀਆਂ ਵਲੋਂ ਬਦਲਾਖੋਰੀ ਦੇ ਤਹਿਤ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ।