ਚੰਡੀਗੜ੍ਹ ਵਿੱਚ ਤਿੰਨ ਫਰਵਰੀ ਤੋਂ ਸ਼ੁਰੂ ਹੋਵੇਗਾ ਈਵੀ-ਐਕਸਪੋ-2023
ਪ੍ਰਣਵ ਗੁਪਤਾ ਨੇ ਕਿਹਾ ਕਿ ਦੋ ਪਹੀਆ ਵਾਹਨ, ਚਾਰ ਪਹੀਆ ਵਾਹਨ, ਬੱਸਾਂ ਅਤੇ ਸਾਈਕਲਾਂ ਸਮੇਤ ਇਲੈਕਟ੍ਰਿਕ ਵਾਹਨ ਵਾਤਾਵਰਣ ਅਤੇ ਆਰਥਿਕਤਾ ਲਈ ਲਾਹੇਵੰਦ ਹਨ।
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਤਿੰਨ ਤੋਂ 5 ਫਰਵਰੀ ਤੱਕ ਇਲੈਕਟ੍ਰਿਕ ਵਹੀਕਲ ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਦੇਸ਼ ਭਰ ਦੇ ਇਲੈਕਟ੍ਰਿਕ ਵਾਹਨ ਨਿਰਮਾਤਾ ਆਪਣੇ ਉਤਪਾਦਾਂ ਨੂੰ ਇੱਕ ਛੱਤ ਹੇਠਾਂ ਆਮ ਲੋਕਾਂ ਲਈ ਪ੍ਰਦਰਸ਼ਿਤ ਕਰਨਗੇ।
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ ਪਹਿਲੇ ਈ.ਵੀ.ਐਕਸਪੋ-2023 ਬਾਰੇ ਜਾਣਕਾਰੀ ਦਿੰਦਿਆਂ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਹਰਿਆਣਾ ਚੈਪਟਰ ਦੇ ਚੇਅਰ ਪ੍ਰਣਵ ਗੁਪਤਾ, ਪੰਜਾਬ ਚੈਪਟਰ ਦੇ ਕੋ-ਚੇਅਰ ਕਰਣ ਗਿਲਹੋਤਰਾ, ਚੰਡੀਗੜ੍ਹ ਚੈਪਟਰ ਦੇ ਕੋ-ਚੇਅਰ ਸੁਵਰਤ ਖੰਨਾ ਨੇ ਦੱਸਿਆ ਕਿ ਤਿੰਨ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਈਵੀ-ਐਕਸਪੋ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕਰਨਗੇ।
ਹਰਿਆਣਾ ਅਤੇ ਪੰਜਾਬ ਦੇ ਮੰਤਰੀ ਈਵੀ ਨੀਤੀ ‘ਤੇ ਕਰਨਗੇ ਵਿਚਾਰ
ਪ੍ਰਣਵ ਗੁਪਤਾ ਅਨੁਸਾਰ ਸਰਕਾਰਾਂ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਪਰ ਖਪਤਕਾਰਾਂ ਵਿੱਚ ਇਨ੍ਹਾਂ ਸਕੀਮਾਂ ਬਾਰੇ ਕੋਈ ਜਾਗਰੂਕਤਾ ਨਹੀਂ ਹੈ। ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਇਸ ਐਕਸਪੋ ਰਾਹੀਂ ਇਲੈਕਟ੍ਰਿਕ ਵਾਹਨਾਂ ਦੀ ਉਪਯੋਗਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਲਾਭ ਬਾਰੇ ਦੱਸਿਆ ਜਾਵੇਗਾ। ਪ੍ਰਣਵ ਗੁਪਤਾ ਅਨੁਸਾਰ ਚਾਰ ਫਰਵਰੀ ਨੂੰ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਹਰਿਆਣਾ ਸਰਕਾਰ ਦੀ ਇਲੈਕਟ੍ਰਿਕ ਵਾਹਨ ਨੀਤੀ ਬਾਰੇ ਜਾਣਕਾਰੀ ਦੇਣਗੇ।
ਪ੍ਰਣਵ ਗੁਪਤਾ ਨੇ ਕਿਹਾ ਕਿ ਦੋ ਪਹੀਆ ਵਾਹਨ, ਚਾਰ ਪਹੀਆ ਵਾਹਨ, ਬੱਸਾਂ ਅਤੇ ਸਾਈਕਲਾਂ ਸਮੇਤ ਇਲੈਕਟ੍ਰਿਕ ਵਾਹਨ ਵਾਤਾਵਰਣ ਅਤੇ ਆਰਥਿਕਤਾ ਲਈ ਲਾਹੇਵੰਦ ਹਨ। ਹਾਲਾਂਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਅਤੇ ਖਰੀਦ ‘ਤੇ ਪਹਿਲਾਂ ਹੀ ਵੱਖ-ਵੱਖ ਨੀਤੀਆਂ ਬਣਾਈਆਂ ਹਨ, ਪਰ ਇਸ ਦੇ ਲਾਭਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ।
ਚੈਂਬਰ ਦੇ ਪੰਜਾਬ ਚੈਪਟਰ ਦੇ ਕੋ-ਚੇਅਰ ਕਰਨ ਗਿਲਹੋਤਰਾ ਨੇ ਦੱਸਿਆ ਕਿ ਪੀ.ਐਚ.ਡੀ.ਸੀ.ਸੀ.ਆਈ ਦਾ ਉਦੇਸ਼ ਸਾਰੇ ਹਿੱਸੇਦਾਰਾਂ ਨੂੰ ਭਵਿੱਖ ਲਈ ਤਿਆਰ ਕਰਨਾ ਅਤੇ ਵਾਤਾਵਰਣ ਲਈ ਟਿਕਾਊ ਗਤੀਸ਼ੀਲਤਾ ਉਤਪਾਦਾਂ ਅਤੇ ਤਕਨਾਲੋਜੀਆਂ ਦੇ ਵਿਕਾਸ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ। ਕਰਨ ਗਿਲਹੋਤਰਾ ਅਨੁਸਾਰ 4 ਫਰਵਰੀ ਨੂੰ ਸ਼ਾਮ ਦੇ ਸੈਸ਼ਨ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਉੱਦਮੀਆਂ ਨਾਲ ਪੰਜਾਬ ਦੀ ਈਵੀ ਨੀਤੀ ਬਾਰੇ ਚਰਚਾ ਕਰਨਗੇ।
ਇਹ ਵੀ ਪੜ੍ਹੋ
ਚੈਂਬਰ ਦੇ ਚੰਡੀਗੜ੍ਹ ਚੈਪਟਰ ਦੇ ਕੋ-ਚੇਅਰ ਸੁਵਰਤ ਖੰਨਾ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਪਹਿਲੀ ਵਾਰ ਹੋ ਰਹੇ ਇਸ ਸਮਾਗਮ ਵਿੱਚ 50 ਤੋਂ ਵੱਧ ਇਲੈਕਟ੍ਰਿਕ ਵਾਹਨ ਨਿਰਮਾਤਾ ਆਪਣੇ ਉਤਪਾਦ ਪੇਸ਼ ਕਰ ਰਹੇ ਹਨ। ਚੈਂਬਰ ਵੱਲੋਂ ਵਾਹਨ ਨਿਰਮਾਤਾਵਾਂ ਅਤੇ ਖਰੀਦਦਾਰਾਂ ਨੂੰ ਇੱਕ ਛੱਤ ਹੇਠ ਇਕੱਠਾ ਕੀਤਾ ਜਾ ਰਿਹਾ ਹੈ। ਇਹ ਸਮਾਗਮ ਚੰਡੀਗੜ੍ਹ ਦੇ ਲੋਕਾਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਇਲੈਕਟ੍ਰਿਕ ਵਾਹਨਾਂ ਦੀ ਉਪਯੋਗਤਾ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋਵੇਗਾ।