ਮੰਤਰੀ ਹਰਜੋਤ ਬੈਂਸ ਨੇ ਧਾਰਮਿਕ ਸਜ਼ਾ ਕੀਤੀ ਪੂਰੀ, ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Updated On: 

14 Aug 2025 10:42 AM IST

Harjot Bains: ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਰਾਜਨੀਤਿਕ ਤੇ ਨਿੱਜੀ ਜੀਵਨ ਦੀ ਹਰ ਕਾਮਯਾਬੀ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀ ਰਹਿਮਤ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਸੰਭਵ ਹੋਈ ਹੈ। ਉਨ੍ਹਾਂ ਨੇ ਕਿਹਾ, ਮੇਰੇ ਕੋਲ ਕੋਈ ਅਜਿਹਾ ਗੁਣ ਨਹੀਂ ਜਿਸ 'ਤੇ ਮੈਂ ਮਾਣ ਕਰ ਸਕਾਂ, ਮੇਰੀ ਹਰ ਸਫਲਤਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ।

ਮੰਤਰੀ ਹਰਜੋਤ ਬੈਂਸ ਨੇ ਧਾਰਮਿਕ ਸਜ਼ਾ ਕੀਤੀ ਪੂਰੀ, ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
Follow Us On

ਪੰਜਾਬ ਦੇ ਕੈਬਿਨੇਟ ਮੰਤਰੀ ਹਰਜੋਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ 1100 ਰੁਪਏ ਦੀ ਕੜਾਹ ਪ੍ਰਸਾਦ ਦੀ ਦੇਗ ਚੜ੍ਹਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਬੈਂਸ ਨੂੰ 350 ਸਾਲਾਂ ਸ਼ਹੀਦੀ ਸਮਾਰੋਹ, ਸ੍ਰੀਨਗਰ ‘ਚ ਗੀਤ ਤੇ ਭੰਗੜੇ ਮਾਮਲੇ ਦੇ ਵਿਵਾਦ ‘ਚ ਤਨਖਾਹੀਆ ਐਲਾਨਿਆ ਗਿਆ ਸੀ ਤੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਪੂਰੀ ਕਰਨ ਦਾ ਹੁਕਮ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਈ ਗਈ ਸੀ।

ਮੇਰੀ ਸਫ਼ਲਤਾ ਗੁਰੂ ਸਾਹਿਬ ਦੀ ਬਖ਼ਸ਼ਿਸ਼: ਬੈਂਸ

ਮੰਤਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਰਾਜਨੀਤਿਕ ਤੇ ਨਿੱਜੀ ਜੀਵਨ ਦੀ ਹਰ ਕਾਮਯਾਬੀ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਦੀ ਰਹਿਮਤ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਸੰਭਵ ਹੋਈ ਹੈ। ਉਨ੍ਹਾਂ ਨੇ ਕਿਹਾ, ਮੇਰੇ ਕੋਲ ਕੋਈ ਅਜਿਹਾ ਗੁਣ ਨਹੀਂ ਜਿਸ ‘ਤੇ ਮੈਂ ਮਾਣ ਕਰ ਸਕਾਂ, ਮੇਰੀ ਹਰ ਸਫਲਤਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ।

ਉਨ੍ਹਾਂ ਦੱਸਿਆ ਕਿ 6 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਹੁਕਮ (ਤਨਖ਼ਾਹ) ਮਿਲਿਆ ਸੀ, ਉਹ ਉਨ੍ਹਾਂ ਲਈ ਪਿਤਾ ਵਰਗੇ ਗੁਰੂ ਦਾ ਹੁਕਮ ਸੀ ਤੇ ਉਸ ਨੂੰ ਪੂਰे ਨਿਭਾਅ ਨਾਲ ਪੂਰਾ ਕੀਤਾ ਗਿਆ। ਸੇਵਾ ਪੂਰੀ ਹੋਣ ਉਪਰੰਤ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ‘ਚ ਅਰਦਾਸ ਕੀਤੀ ਕਿ ਪੰਥ, ਕੌਮ, ਦੇਸ਼ ਤੇ ਪੰਜਾਬ ਦੀ ਸੇਵਾ ਕਰਨ ਦਾ ਬਲ ਬਖ਼ਸ਼ਿਆ ਜਾਵੇ ਤੇ ਉਨ੍ਹਾਂ ਨੇ ਭੁੱਲਾਂ-ਚੁੱਕਾਂ ਲਈ ਪੰਥ ਤੋਂ ਮੁਆਫ਼ੀ ਮੰਗੀ।

ਧਾਰਮਿਕ ਸੇਵਾ ਦੇ ਨਾਲ ਨਾਲ ਬੈਂਸ ਨੇ ਆਰਥਿਕ ਸਹਿਯੋਗ ਵੀ ਦਿੱਤਾ। ਉਨ੍ਹਾਂ ਨੇ ਆਪਣੇ ਤਿਆਰੀ ਫੰਡ ਤੋਂ 20 ਲੱਖ ਰੁਪਏ, ਇੱਕ ਮਹੀਨੇ ਦੀ ਨਿੱਜੀ ਤਨਖਾਹ ਤੇ ਦਸਵੰਧ ਰਾਹੀਂ ਧਾਰਮਿਕ ਸਥਾਨਾਂ ਦੇ ਰਸਤੇ ਦੀ ਮੁਰੰਮਤ ਤੇ ਹੋਰ ਸੇਵਾਵਾਂ ਲਈ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਮੰਤਰੀ ਤੇ ਸੇਵਾਦਾਰ ਦੋਵਾਂ ਰੂਪਾਂ ‘ਚ ਉਹ ਹਰ ਵੇਲੇ ਧਰਮ ਤੇ ਸਮਾਜ ਦੀ ਸੇਵਾ ਲਈ ਹਾਜ਼ਰ ਹਨ।

ਕੀ ਹੈ ਪੂਰਾ ਮਾਮਲਾ, ਕਿਉਂ ਸੁਣਾਈ ਗਈ ਸੀ ਧਾਰਮਿਕ ਸਜ਼ਾ?

ਇਹ ਮਾਮਲਾ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨਾਲ ਜੁੜਿਆ ਹੈ। ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਚ ਗਾਇਕ ਵੀਰ ਸਿੰਘ ਵੱਲੋਂ ਗੀਤ ਗਾਇਆ ਗਿਆ, ਜਿਸ ਤੇ ਸਮਾਗਮ ਚ ਸ਼ਾਮਲ ਹੋਏ ਕੁਝ ਲੋਕਾਂ ਵੱਲੋਂ ਨਾਚ-ਗਾਣਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਉੱਥੇ ਮੌਜੂਦ ਸਨ। ਇਹ ਸਾਰਾ ਪ੍ਰੋਗਰਾਮ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ।

ਭਾਸ਼ਾ ਵਿਭਾਗ ਮੰਤਰੀ ਹਰਜੋਤ ਬੈਂਸ ਦੇ ਅਧੀਨ ਆਉਂਦਾ ਹੈ, ਜਿਸ ਦੇ ਚਲਦਿਆਂ ਮੰਤਰੀ ਹਰਜੋਤ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਤੇ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ।