ਅੰਮ੍ਰਿਤਸਰ ‘ਚ BSF ਜਵਾਨਾਂ ਨੇ ਫੜਿਆ ਡਰੋਨ, ਭਾਲ ਮੁਹਿੰਮ ਦੌਰਾਨ ਮਿਲੀ ਏਨੇ ਕਿੱਲੋ ਹੈਰੋਇਨ
Drone & Drug Recovered : ਅੰਮ੍ਰਿਤਸਰ ਅਤੇ ਗੁਰਦਾਸਪੁਰ ਦੀਆਂ ਸਰਹਦਾਂ ਤੋਂ ਆਏ ਦਿਨ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਡਰੋਨ ਰਿਕਵਰ ਹੋ ਰਹੇ ਹਨ। ਪਾਕਿਸਤਾਨ ਦੀਆਂ ਹਰਕਤਾਂ ਤੋਂ ਜਾਣੂ ਬੀਐਸਐਫ ਦੇ ਜਵਾਨ ਪਹਿਲਾਂ ਤੋਂ ਇਸ ਨੂੰ ਲੈ ਕੇ ਬਾਰਡਰ ਤੇ ਮੁਸਤੈਦ ਰਹਿੰਦੇ ਹਨ। ਇਸੇ ਕਰਕੇ ਹੀ ਸਰਹੱਦ ਪਾਰੋਂ ਭੇਜੇ ਜਾਣ ਵਾਲੇ ਜਿਆਦਾਤਰ ਡਰੋਨਾਂ ਨੂੰ ਬੀਐਸਐਫ ਦੇ ਜਵਾਨ ਮਾਰ ਮੁਕਾਉਂਦੇ ਹਨ। ਨਾਲ ਹੀ ਇਨ੍ਹਾਂ ਰਾਹੀਂ ਭੇਜੀ ਜਾ ਰਹੀ ਡਰੱਗ ਨੂੰ ਵੀ ਜ਼ਬਤ ਕਰ ਲਿਆ ਜਾਂਦਾ ਹੈ।
ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਉਹ ਡਰੋਨ ਰਾਹੀਂ ਲਗਾਤਾਰ ਭਾਰਤੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ ਰਿਹਾ ਹੈ। ਵੀਰਵਾਰ ਨੂੰ ਸੀਮਾ ਸੁਰੱਖਿਆ ਬਲ (BSF) ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦੀ ਪਿੰਡ ਭਰੋਪਾਲ ਤੋਂ ਇੱਕ ਡਰੋਨ ਬਰਾਮਦ ਕੀਤਾ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਦੀ ਟੀਮ ਨੇ ਸਰਹੱਦੀ ਪਿੰਡ ਦਾਉਕੇ ਵਿੱਚ 360 ਗ੍ਰਾਮ ਹੈਰੋਇਨ ਬਰਾਮਦ ਕੀਤੀ। ਦੋਵਾਂ ਮਾਮਲਿਆਂ ਵਿੱਚ ਬੀਐਸਐਫ ਨੇ ਡਰੋਨ ਅਤੇ ਹੈਰੋਇਨ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ ਹੈ।
ਬੀਐਸਐਫ ਦੇ ਬੁਲਾਰੇ ਅਨੁਸਾਰ ਵੀਰਵਾਰ ਨੂੰ ਬੀਐਸਐਫ ਦੀ ਇੱਕ ਟੁਕੜੀ ਸਰਹੱਦੀ ਪਿੰਡ ਭਰੋਪਾਲ ਵਿੱਚ ਪੁਲਿਸ ਨਾਲ ਸਾਂਝੇ ਤੌਰ ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪਿੰਡ ਦੇ ਬਾਹਰ ਪਾਕਿਸਤਾਨੀ ਡਰੋਨ ਡਿੱਗੇ ਹੋਣ ਦੀ ਸੂਚਨਾ ਮਿਲੀ। ਇਸ ਤੋਂ ਤੁਰੰਤ ਬਾਅਦ ਫੋਰਸ ਦੇ ਜਵਾਨਾਂ ਨੇ ਪੁਲਿਸ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੁਪਹਿਰ 3 ਵਜੇ ਦੇ ਕਰੀਬ ਜਵਾਨਾਂ ਨੇ ਝੋਨੇ ਦੇ ਖੇਤ ਵਿੱਚ ਚੀਨ ਦਾ ਬਣਿਆ ਕਵਾਡਕਾਪਟਰ (ਮਾਡਲ ਡੀਜੇਆਈ ਮੈਵਿਕ-3 ਕਲਾਸਿਕ) ਡਰੋਨ ਬਰਾਮਦ ਕੀਤਾ।
ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਫੋਰਸ ਦੀ ਇੱਕ ਟੁਕੜੀ ਨੇ ਸਰਹੱਦੀ ਪਿੰਡ ਦਾਉਕੇ ਤੋਂ ਇੱਕ ਬੋਤਲ ਵਿੱਚ 360 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪਿੰਡ ਵਿੱਚ ਗਸ਼ਤ ਕਰ ਰਹੇ ਜਵਾਨਾਂ ਨੂੰ ਇੱਕ ਖੇਤ ਵਿੱਚ ਹੈਰੋਇਨ ਹੋਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।