ਪੰਜਾਬ ਸਿਆਸਤ ‘ਚ ਵੱਡੀ ਹਲਚਲ: ਨਵਜੋਤ ਕੌਰ ਸਿੱਧੂ ਦਾ ਕਾਂਗਰਸ ਨੂੰ ਅਲਵਿਦਾ, ਰਾਜਾ ਵੜਿੰਗ ਵਿਰੁੱਧ ਖੋਲ੍ਹਿਆ ਮੋਰਚਾ

Updated On: 

31 Jan 2026 22:36 PM IST

ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਭੂਚਾਲ ਆ ਗਿਆ ਜਦੋਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ।

ਪੰਜਾਬ ਸਿਆਸਤ ਚ ਵੱਡੀ ਹਲਚਲ: ਨਵਜੋਤ ਕੌਰ ਸਿੱਧੂ ਦਾ ਕਾਂਗਰਸ ਨੂੰ ਅਲਵਿਦਾ, ਰਾਜਾ ਵੜਿੰਗ ਵਿਰੁੱਧ ਖੋਲ੍ਹਿਆ ਮੋਰਚਾ

ਨਵਜੋਤ ਕੌਰ ਸਿੱਧੂ

Follow Us On

ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਵੱਡਾ ਭੂਚਾਲ ਆ ਗਿਆ ਜਦੋਂ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪਾਰਟੀ ਛੱਡਣ ਦਾ ਰਸਮੀ ਐਲਾਨ ਕਰ ਦਿੱਤਾ। ਸ਼ਨੀਵਾਰ ਨੂੰ ਆਪਣੇ ਫੈਸਲੇ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੇ ਪਾਰਟੀ ਦੀ ਮੌਜੂਦਾ ਲੀਡਰਸ਼ਿਪ, ਖ਼ਾਸ ਕਰਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਬੇਹੱਦ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਉਹ ਉਸ ਕਾਂਗਰਸ ਨੂੰ ਅਲਵਿਦਾ ਕਹਿ ਰਹੇ ਹਨ ਜਿੱਥੇ ਮਿਹਨਤੀ ਅਤੇ ਕਾਬਲ ਨੇਤਾਵਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਫੈਸਲੇ ਸਿਰਫ਼ ਨਿੱਜੀ ਸਵਾਰਥਾਂ ਦੇ ਆਧਾਰ ‘ਤੇ ਲਏ ਜਾਂਦੇ ਹਨ।

ਰਾਜਾ ਵੜਿੰਗ ‘ਤੇ ਵਰ੍ਹੇ ਡਾ. ਨਵਜੋਤ ਕੌਰ ਸਿੱਧੂ: ‘ਸਭ ਤੋਂ ਭ੍ਰਿਸ਼ਟ ਪ੍ਰਧਾਨ’

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਡਾ. ਨਵਜੋਤ ਕੌਰ ਨੇ ਉਨ੍ਹਾਂ ਨੂੰ ਹੁਣ ਤੱਕ ਦਾ ਸਭ ਤੋਂ ‘ਭਿਆਨਕ ਅਤੇ ਭ੍ਰਿਸ਼ਟ’ ਪ੍ਰਧਾਨ ਕਰਾਰ ਦਿੱਤਾ। ਉਨ੍ਹਾਂ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ, “ਰਾਜਾ ਵੜਿੰਗ ਨੇ ਕਾਂਗਰਸ ਨੂੰ ਤਬਾਹ ਕਰਨ ਲਈ ਮੁੱਖ ਮੰਤਰੀ ਨਾਲ ਹੱਥ ਮਿਲਾ ਕੇ ਖ਼ੁਦ ਨੂੰ ਜੇਲ੍ਹ ਜਾਣ ਤੋਂ ਬਚਾਇਆ ਹੈ। ਤੁਸੀਂ ਆਪਣੇ ਨਿੱਜੀ ਫਾਇਦਿਆਂ ਲਈ ਆਮ ਆਦਮੀ ਪਾਰਟੀ ਨਾਲ ਸਾਠਗਾਠ ਕਰਕੇ ਪਾਰਟੀ ਨੂੰ ਵੇਚ ਦਿੱਤਾ ਹੈ।”

ਸਸਪੈਂਸ਼ਨ ਅਤੇ ਅੰਦਰੂਨੀ ਸਾਜ਼ਿਸ਼ਾਂ ਦਾ ਕੀਤਾ ਖੁਲਾਸਾ

ਡਾ. ਸਿੱਧੂ ਨੇ ਅੱਗੇ ਲਿਖਿਆ ਕਿ ਰਾਜਾ ਵੜਿੰਗ ਨੇ ਉਨ੍ਹਾਂ ਦੇ ਖਿਲਾਫ ਸਸਪੈਂਸ਼ਨ ਲੈਟਰ (ਮੁਅੱਤਲੀ ਪੱਤਰ) ਤਿਆਰ ਰੱਖਿਆ ਹੋਇਆ ਸੀ। ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ 12 ਸੀਨੀਅਰ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਕਿਉਂ ਨਹੀਂ ਹੋਈ, ਜੋ ਨਵਜੋਤ ਸਿੰਘ ਸਿੱਧੂ ਨੂੰ ਨੁਕਸਾਨ ਪਹੁੰਚਾਉਣ ਲਈ ਮਜੀਠੀਆ ਨਾਲ ਮਿਲ ਕੇ ਕੰਮ ਕਰ ਰਹੇ ਸਨ? ਉਨ੍ਹਾਂ ਦਾਅਵਾ ਕੀਤਾ ਕਿ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਨੂੰ ਹਰਾਉਣ ਦੇ ਬਦਲੇ ਉਨ੍ਹਾਂ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਵੱਡੇ ਅਹੁਦਿਆਂ ਨਾਲ ਨਿਵਾਜ਼ਿਆ ਹੈ।

‘ਮੇਰੇ ਕੋਲ ਤੁਹਾਨੂੰ ਬਰਬਾਦ ਕਰਨ ਦੇ ਕਾਫ਼ੀ ਸਬੂਤ ਹਨ’

ਤਲਖ਼ ਤੇਵਰ ਦਿਖਾਉਂਦਿਆਂ ਡਾ. ਨਵਜੋਤ ਕੌਰ ਨੇ ਕਿਹਾ, “ਮੇਰੇ ਕੋਲ ਤੁਹਾਨੂੰ (ਰਾਜਾ ਵੜਿੰਗ) ਬਰਬਾਦ ਕਰਨ ਲਈ ਕਾਫ਼ੀ ਸਬੂਤ ਮੌਜੂਦ ਹਨ। ਪਰ ਮੈਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਮੈਂ ਖ਼ੁਦ ਉਸ ਪਾਰਟੀ ਨੂੰ ਛੱਡ ਦਿੱਤਾ ਹੈ ਜਿੱਥੇ ਹੋਣਹਾਰ ਆਗੂਆਂ ਦੀ ਗੱਲ ਨਹੀਂ ਸੁਣੀ ਜਾਂਦੀ।”

ਉਨ੍ਹਾਂ ਦੋਸ਼ ਲਾਇਆ ਕਿ ਵੜਿੰਗ ਨੇ ਉਨ੍ਹਾਂ ਨੂੰ ਹਰਾਉਣ ਦੇ ਇਰਾਦੇ ਨਾਲ ਉਨ੍ਹਾਂ ਦੀ ਸੀਟ ‘ਤੇ ਆਪਣੇ ਬੰਦੇ ਬਿਠਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਆਸ਼ੂ, ਚੰਨੀ, ਭੱਠਲ ਅਤੇ ਡਾ. ਗਾਂਧੀ ਵਰਗੇ ਆਗੂਆਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ, ਜਿਨ੍ਹਾਂ ਨੇ ਪਾਰਟੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ।

‘ਰੀਲਜ਼ ਬਣਾਉਣ ‘ਚ ਮਸਤ ਹੋ, ਸ਼ਰਮ ਕਰੋ’

ਡਾ. ਸਿੱਧੂ ਨੇ ਰਾਜਾ ਵੜਿੰਗ ਦੀ ਕਾਰਜਪ੍ਰਣਾਲੀ ‘ਤੇ ਵਿਅੰਗ ਕਰਦਿਆਂ ਕਿਹਾ ਕਿ ਉਹ ਸਿਰਫ਼ ਇੱਕ ਮਜ਼ਾਕ ਬਣ ਕੇ ਰਹਿ ਗਏ ਹਨ ਅਤੇ ਲੋਕ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਰੀਲਜ਼ ਦਾ ਆਨੰਦ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਿਆਰ ਕਰਨ ਵਾਲੇ ਵਰਕਰਾਂ ਦਾ ਅਪਮਾਨ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਅਖੀਰ ਵਿੱਚ ਕਿਹਾ, “ਤੁਸੀਂ ਪਾਰਟੀ ਨੂੰ ਜਿਤਾਉਣ ਦੀ ਬਜਾਏ ਖ਼ਤਮ ਕਰਨ ਵਿੱਚ ਜ਼ਿਆਦਾ ਰੁੱਝੇ ਹੋਏ ਹੋ। ਆਪਣੀ ਮਾਤਰੀ ਸੰਸਥਾ (ਕਾਂਗਰਸ) ਪ੍ਰਤੀ ਇਮਾਨਦਾਰ ਨਾ ਹੋਣ ‘ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਪਹਿਲਾਂ ਹੀ ਪਾਰਟੀ ਦਾ ਬਹੁਤ ਨੁਕਸਾਨ ਕਰ ਚੁੱਕੇ ਹੋ।”