DM ਰੰਧਾਵਾ ਦੀ ਪਤਨੀ ਦਾ ਅਲਟੀਮੇਟਮ, ਜਾਰੀ ਕੀਤਾ ਨਵਾਂ ਵੀਡੀਓ; CM ਬੋਲੇ- ਕਾਨੂੰਨ ਸਭ ਲਈ ਇੱਕ

Updated On: 

23 Mar 2026 15:12 PM IST

DM Gagandeep Randhawa Case: ਇਸ ਮਾਮਲੇ 'ਚ ਡੀਐਮ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸਵੇਰ ਕਰੀਬ 6 ਵਜੇ ਦੀ ਦੱਸੀ ਜਾ ਰਹੀ ਹੈ। ਇਸ 'ਚ ਉਹ ਘਰ 'ਚ ਵਿਹੜੇ 'ਚ ਘੁੰਮਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਪਾਣੀ ਪੀ ਲੈਂਦੇ ਹਨ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਮੋਬਾਈਲ ਤੋਂ ਵੀਡੀਓ ਬਣਾਈ, ਜਿਸ 'ਚ ਉਨ੍ਹਾਂ ਨੇ ਮੰਤਰੀ 'ਤੇ ਇਲਜ਼ਾਮ ਲਗਾਇਆ ਸੀ।

DM ਰੰਧਾਵਾ ਦੀ ਪਤਨੀ ਦਾ ਅਲਟੀਮੇਟਮ, ਜਾਰੀ ਕੀਤਾ ਨਵਾਂ ਵੀਡੀਓ; CM ਬੋਲੇ- ਕਾਨੂੰਨ ਸਭ ਲਈ ਇੱਕ

DM ਰੰਧਾਵਾ ਦੀ ਪਤਨੀ ਦਾ ਅਲਟੀਮੇਟਮ, ਮੰਤਰੀ ਦੀ ਗ੍ਰਿਫ਼ਤਾਰੀ 'ਤੇ ਅੜਿਆ ਪਰਿਵਾਰ

ਵੇਅਰਹਾਊਸ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਦਾ ਤੀਜੇ ਦਿਨ ਵੀ ਪੋਸਟਮਾਰਟਮ ਨਹੀਂ ਹੋਇਆ ਹੈ। ਉਨ੍ਹਾਂ ਨੇ ਪੰਜਾਬ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ‘ਤੇ ਇਲਜ਼ਾਮ ਲਗਾਉਂਦੇ ਹੋਏ ਖ਼ੁਦਕੁਸ਼ੀ ਕਰ ਲਈ ਸੀ। ਹਾਲਾਂਕਿ, ਇਸ ਮਾਮਲੇ ‘ਚ ਮੰਤਰੀ ਲਾਲਜੀਤ ਸਿੰਘ ਭੁੱਲਰ, ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਨਿੱਜੀ ਸਹਾਇਕ ਦਿਲਬਾਗ ਸਿੰਘ ਖਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ, ਪਰ ਪੀੜਤ ਪਰਿਵਾਰ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ‘ਤੇ ਅੜਿਆ ਹੋਇਆ ਹੈ।

ਦੂਜੇ ਪਾਸੇ, ਇਸ ਮਾਮਲੇ ‘ਚ ਡੀਐਮ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸਵੇਰ ਕਰੀਬ 6 ਵਜੇ ਦੀ ਦੱਸੀ ਜਾ ਰਹੀ ਹੈ। ਇਸ ‘ਚ ਉਹ ਘਰ ‘ਚ ਵਿਹੜੇ ‘ਚ ਘੁੰਮਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਪਾਣੀ ਪੀ ਲੈਂਦੇ ਹਨ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਆਪਣੇ ਮੋਬਾਈਲ ਤੋਂ ਵੀਡੀਓ ਬਣਾਈ, ਜਿਸ ‘ਚ ਉਨ੍ਹਾਂ ਨੇ ਮੰਤਰੀ ‘ਤੇ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਵੀਡੀਓ ‘ਚ ਕਿਹਾ ਸੀ- ਖਾ ਲਈ ਸਲਫ਼ਾਸ ਤੁਹਾਡੇ ਯਾਰ ਨੇ, ਮਿਨਿਸਟਰ ਲਾਲਜੀਤ ਸਿੰਘ ਭੁੱਲਰ ਦੇ ਡਰ ਤੋਂ, ਹੁਣ ਨਹੀਂ ਮੈਂ ਬਚਦਾ।

ਪਰਿਵਾਰ ਨੇ ਕੀਤੀ ਪ੍ਰੈੱਸ ਕਾਨਫਰੰਸ, ਦਿੱਤਾ 24 ਘੰਟੇ ਦਾ ਅਲਟੀਮੇਟਮ

ਵੇਅਰਹਾਊਸ ਦੇ ਡੀਐਮ ਗਗਨਦੀਪ ਸਿੰਘ ਦੀ ਖ਼ੁਦਕੁਸੀ ਮਾਮਲੇ ਅੱਜ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਈ ਗੰਭੀਰ ਦੋਸ਼ ਲਗਾਏ ਗਏ ਤੇ ਮੀਡੀਆ ਸਾਹਮਣੇ ਇੱਕ ਸੀਸੀਟੀਵੀ ਵੀਡੀਓ ਵੀ ਪੇਸ਼ ਕੀਤੀ ਗਈ। ਇਸ ਵੀਡੀਓ ‘ਚ ਗਗਨਦੀਪ ਸਿੰਘ ਨੂੰ ਕੋਈ ਜ਼ਹਿਰੀਲਾ ਪਦਾਰਥ ਖਾਂਦੇ ਹੋਏ ਦੇਖਿਆ ਜਾ ਰਿਹਾ ਹੈ।ਪਰਿਵਾਰ ਦਾ ਕਹਿਣਾ ਹੈ ਕਿ ਇਹ ਸਿਰਫ ਖੁਦਕੁਸ਼ੀ ਦਾ ਮਾਮਲਾ ਨਹੀਂ, ਸਗੋਂ ਇਸ ਦੇ ਪਿੱਛੇ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਉਨ੍ਹਾਂ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਵੱਲੋਂ ਪਹਿਲਾਂ ਵੀ ਕਈ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਸਨ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਉਨ੍ਹਾਂ ਨੇ ਲੈਟਰ ਵੀ ਮੀਡੀਆ ਅੱਗੇ ਰੱਖੀਆਂ।

ਪ੍ਰੈਸ ਕਾਨਫਰੰਸ ਦੌਰਾਨ ਪਰਿਵਾਰ ਨੇ ਪ੍ਰਸ਼ਾਸਨ ਤੇ ਲਾਪਰਵਾਹੀ ਦੇ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਉਹ ਡੀਸੀ ਨਾਲ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ, ਜਦਕਿ ਪਰਿਵਾਰ ਦੇ ਕੋਲ ਇਸ ਦੇ ਸਬੂਤ ਮੌਜੂਦ ਹਨ। ਇਸ ਤੋਂ ਇਲਾਵਾ, ਪਰਿਵਾਰ ਨੇ ਪੁਲਿਸ ਦੀ ਜਾਂਚ ਤੇ ਵੀ ਸਵਾਲ ਉਠਾਏ ਤੇ ਕਿਹਾ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ।ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਇਸ ਸਮੇਂ ‘ਚ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਆਪਣੇ ਬੱਚਿਆਂ ਸਮੇਤ ਸੜਕਾਂ ਤੇ ਉਤਰਣ ਲਈ ਮਜ਼ਬੂਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ, ਪਰ ਜੇ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੂੰ ਕਠੋਰ ਕਦਮ ਚੁੱਕਣੇ ਪੈਣਗੇ।

ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਗਗਨਦੀਪ ਸਿੰਘ ਨੇ ਆਪਣੇ ਆਖਰੀ ਸਮੇਂ ‘ਚ ਆਪਣੇ ਦੋਸਤਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਾ ਜਾਣ ਦਿੱਤੀ ਜਾਵੇ। ਇਸ ਮੌਕੇ ਤੇ ਵੱਖ-ਵੱਖ ਜਥੇਬੰਦੀਆਂ ਤੇ ਸਮਾਜਿਕ ਵਰਗਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਸ਼ਕਲ ਘੜੀ ‘ਚ ਪਰਿਵਾਰ ਦਾ ਸਾਥ ਦੇਣ। ਪਰਿਵਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਕ ਕਾਰਵਾਈ ਦੇ ਹੱਕ ‘ਚ ਨਹੀਂ ਹਨ ਤੇ ਸਿਰਫ ਕਾਨੂੰਨੀ ਤਰੀਕੇ ਨਾਲ ਇਨਸਾਫ ਚਾਹੁੰਦੇ ਹਨ।ਫਿਲਹਾਲ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਪਰਿਵਾਰ ਇਸ ਜਵਾਬ ਨਾਲ ਸੰਤੁਸ਼ਟ ਨਹੀਂ ਤੇ ਜਲਦੀ ਤੋਂ ਜਲਦੀ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਇਹ ਮਾਮਲਾ ਹੁਣ ਸੂਬੇ ਭਰ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੇ ਆਉਣ ਵਾਲੇ ਦਿਨਾਂ ‘ਚ ਇਸ ਚ ਹੋਰ ਤੀਬਰਤਾ ਆ ਸਕਦੀ ਹੈ।

ਮੰਤਰੀ ਹੋਵੇ ਜਾਂ ਸੰਤਰੀ ਕਾਨੂੰਨ ਸਭ ਦੇ ਲਈ ਇੱਕ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਸਾਡੀ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ (ਬਿਲਕੁਲ ਵੀ ਨਾ ਸਹਾਰਨ ਯੋਗ) ਹੈ। ਇਹ ਸਾਡਾ ਕੋਈ ਪਹਿਲਾ ਕੇਸ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸਾਡੀ ਪਾਰਟੀ ਅਜਿਹੇ ਐਕਸ਼ਨ ਦਿੱਲੀ ‘ਚ ਲੈਂਦੀ ਰਹੀ ਹੈ। ਜੇਕਰ ਕੋਈ ਗਲਤ ਕਰੇਗਾ ਤੇ ਕਿਸੇ ਨੂੰ ਜਾਨ ਦੇਣ ਲਈ ਮਜ਼ਬੂਰ ਕੀਤਾ ਹੈ, ਇਹ ਜਾਂਚ ਦਾ ਵਿਸ਼ਾ ਹੈ। ਪਰ, ਜੇਕਰ ਕੋਈ ਸਾਡਾ ਮੰਤਰੀ ਹੈ ਚਾਹੇ ਸੰਤਰੀ ਹੈ, ਉਸ ਦੇ ਖਿਲਾਫ਼ ਕਾਨੂੰਨ ਤੇ ਕਾਨੂੰਨ ਹੈ। ਕਾਨੂੰਨ ਸਭ ਦੇ ਲਈ ਇੱਕ ਵਰਗਾ ਹੈ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।

Follow Us