Dera Baba Nanak: ਘਰ ਦੇ ਬਾਹਰ ਕਰਿਆਨਾ ਦੁਕਾਨ ਮਾਲਕ ਦਾ ਕਤਲ, ਕੁੱਝ ਦਿਨ ਪਹਿਲਾਂ ਮੰਗੀ ਗਈ ਸੀ ਫਿਰੌਤੀ, ਪੁਲਿਸ ਨੇ ਦਿੱਤੀ ਸੀ ਸੁਰੱਖਿਆ
Dera Baba Nanak Karyana Store Owner Murder: ਰਵੀ ਨੂੰ ਕੁਝ ਸਮਾਂ ਪਹਿਲਾਂ ਫਿਰੌਤੀ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਦੋ ਸੁਰੱਖਿਆ ਕਰਮਚਾਰੀ ਦਿੱਤੇ ਗਏ ਸਨ। ਪਰ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਪੁਲਿਸ ਕਰਮਚਾਰੀ ਉਸ ਕੋਲ ਮੌਜੂਦ ਨਹੀਂ ਸਨ ਤੇ ਰਵੀ ਮੰਗਲਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਇਕੱਲਾ ਘਰ ਆ ਰਿਹਾ ਸੀ।
ਡੇਰਾ ਬਾਬਾ ਨਾਨਕ ‘ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਦੇ ਮਾਲਕ ‘ਤੇ ਗੋਲੀਆਂ ਚਲਾਈਆਂ। ਦੁਕਾਨ ਮਾਲਕ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵੀ ਢਿੱਲੋਂ ਵਜੋਂ ਹੋਈ ਹੈ। ਕੁਝ ਸਮਾਂ ਪਹਿਲਾਂ ਗੈਂਗਸਟਰਾਂ ਨੇ ਰਵੀ ਢਿੱਲੋਂ ਨੂੰ ਫਿਰੌਤੀ ਲਈ ਫੋਨ ਕੀਤੇ ਸਨ, ਜਿਸ ਲਈ ਪੁਲਿਸ ਵੱਲੋਂ ਉਸ ਨੂੰ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਗਏ ਸਨ। ਪਰ ਜਦੋਂ ਗੋਲੀਬਾਰੀ ਦੀ ਘਟਨਾ ਵਾਪਰੀ ਤਾਂ ਪੁਲਿਸ ਕਰਮਚਾਰੀ ਉਸ ਦੇ ਨਾਲ ਮੌਜੂਦ ਨਹੀਂ ਸਨ।
ਗੋਲੀ ਲੱਗਣ ਤੋਂ ਬਾਅਦ ਰਵੀ ਢਿੱਲੋਂ ਦਾ ਪਰਿਵਾਰ ਉਸ ਨੂੰ ਹਸਪਤਾਲ ਲੈ ਜਾ ਰਿਹਾ ਸੀ, ਜਦੋਂ ਉਸ ਦੀ ਮੌਤ ਹੋ ਗਈ। ਰਵੀ ਢਿੱਲੋਂ ਯੁਵਰਾਜ ਗਾਰਡਨ ਨੇੜੇ ਬਟਾਲਾ ਰੋਡ ‘ਤੇ ਇੱਕ ਦੁਕਾਨ ਚਲਾਉਂਦਾ ਹੈ। ਇਹ ਘਟਨਾ ਰਾਤ 9:15 ਵਜੇ ਦੇ ਕਰੀਬ ਰਵੀ ਢਿੱਲੋਂ ਦੇ ਘਰ ਦੇ ਬਾਹਰ ਵਾਪਰੀ। ਜਦੋਂ ਰਵੀ ਰਾਤ 9 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਦੇ ਬਾਹਰ ਪਹੁੰਚਿਆ ਸੀ। ਉਹ ਆਪਣੇ ਪਰਿਵਾਰ ਨੂੰ ਦਰਵਾਜ਼ਾ ਖੋਲ੍ਹਣ ਲਈ ਕਹਿ ਰਿਹਾ ਸੀ ਤਾਂ ਅਣਪਛਾਤੇ ਹਮਲਾਵਰ ਮੋਟਰਸਾਈਕਲ ‘ਤੇ ਪਿੱਛੇ ਤੋਂ ਆਏ ਤੇ ਰਵੀ ‘ਤੇ ਗੋਲੀਆਂ ਚਲਾ ਦਿੱਤੀਆਂ।
ਮੋਟਰਾਸਾਈਕਲ ‘ਤੇ ਫਰਾਰ ਹੋਏ ਮੁਲਜ਼ਮ
ਘਟਨਾ ਤੋਂ ਬਾਅਦ ਹਮਲਾਵਰ ਮੋਟਰਸਾਈਕਲ ‘ਤੇ ਭੱਜ ਗਏ। ਜ਼ਖਮੀ ਰਵੀ ਨੂੰ ਉਸ ਦੇ ਪਰਿਵਾਰ ਵੱਲੋਂ ਅੰਮ੍ਰਿਤਸਰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ‘ਚ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਐਸਪੀ ਗੁਰਪ੍ਰਤਾਪ ਸਿੰਘ, ਸੀਆਈਏ ਸਟਾਫ ਇੰਚਾਰਜ ਸੁਖਰਾਜ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਥਾਣਾ ਡੇਰਾ ਬਾਬਾ ਨਾਨਕ ਦੇ ਏਐਸਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਦੇ ਕਰਿਆਨੇ ਦੇ ਮਾਲਕ ਰਵੀ ਢਿੱਲੋਂ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਰਵੀ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।
ਦਿੱਤੀ ਗਈ ਪੁਲਿਸ ਸੁਰੱਖਿਆ, ਘਟਨਾ ਵੇਲੇ ਨਹੀਂ ਸੀ ਕੋਈ ਕਰਮਚਾਰੀ ਮੌਜੂਦ
ਧਿਆਨ ਦੇਣ ਯੋਗ ਹੈ ਕਿ ਰਵੀ ਨੂੰ ਕੁਝ ਸਮਾਂ ਪਹਿਲਾਂ ਫਿਰੌਤੀ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਦੋ ਸੁਰੱਖਿਆ ਕਰਮਚਾਰੀ ਦਿੱਤੇ ਗਏ ਸਨ। ਪਰ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਪੁਲਿਸ ਕਰਮਚਾਰੀ ਉਸ ਕੋਲ ਮੌਜੂਦ ਨਹੀਂ ਸਨ ਅਤੇ ਰਵੀ ਮੰਗਲਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਇਕੱਲਾ ਘਰ ਆ ਰਿਹਾ ਸੀ।
