ਅੰਮ੍ਰਿਤਸਰ ਨਿਊਜ: ਪੰਜਾਬ ਦੇ ਅਜਨਾਲਾ ‘ਚ ਖਾਲਿਸਤਾਨੀ ਸਮਰਥਕ
ਅੰਮ੍ਰਿਤਪਾਲ ਸਿੰਘ (Amritpal Singh) ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੇ ਮਾਮਲੇ ‘ਚ ਅਜਨਾਲਾ ਦੀ ਅਦਾਲਤ ਨੇ ਪੁਲਿਸ ਦੀ ਅਰਜ਼ੀ ‘ਤੇ ਲਵਪ੍ਰੀਤ ਸਿੰਘ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਪੂਰੇ ਮਾਮਲੇ ‘ਤੇ ਐੱਸਆਈਟੀ ਦਾ ਗਠਨ ਵੀ ਕੀਤਾ ਗਿਆ ਹੈ। ਉੱਧਰ ਵਿਰੋਧੀ ਪਾਰਟੀਆਂ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ‘ਤੇ ਤਿੱਖੇ ਜ਼ੁਬਾਨੀ ਹਮਲੇ ਕਰ ਰਹੀਆਂ ਹਨ।
ਕੋਰਟ ਨੇ ਜਾਰੀ ਕੀਤੇ ਲਵਪ੍ਰੀਤ ਦੀ ਰਿਹਾਈ ਦੇ ਹੁਕਮ
ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਲਈ ਪੁਲਿਸ ਨੇ
ਅਜਨਾਲਾ ਦੀ ਅਦਾਲਤ (Ajnala Court) ਵਿੱਚ ਅਰਜ਼ੀ ਦਾਇਰ ਕੀਤੀ ਸੀ, ਜਿਸ ਦਾ ਨੋਟਿਸ ਲੈਂਦਿਆਂ ਅਦਾਲਤ ਨੇ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਲਵਪ੍ਰੀਤ ਅੱਜ ਸ਼ਾਮ ਤੱਕ ਬਾਹਰ ਆ ਸਕਦਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਕੀਤੀ ਗਈ
ਹਿੰਸਕ ਝੜਪ ਅਤੇ ਥਾਣੇ ਦੀ ਘੇਰਾਬੰਦੀ ਵਿੱਚ ਛੇ ਪੁਲਿਸ ਮੁਲਾਜਮਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਤੇ ਐਸਆਈਟੀ ਦਾ ਗਠਨ ਕੀਤਾ ਗਿਆ ਹੈ।
ਪੁਲਿਸ ਦੇ ਰਹੀ ਸਪਸ਼ਟੀਕਰਨ
ਅਜਨਾਲਾ ਥਾਣੇ ‘ਚ ਹੰਗਾਮੇ ਤੋਂ ਬਾਅਦ ਬੈਕਫੁੱਟ ‘ਤੇ ਆਈ ਪੰਜਾਬ ਪੁਲਿਸ ਹੁਣ ਇਸ ਮਾਮਲੇ ‘ਤੇ ਪਰਦਾ ਪਾਉਣ ‘ਚ ਲੱਗੀ ਹੋਈ ਹੈ। ਅੰਮ੍ਰਿਤਸਰ ਦੇਹਾਤ ਦੇ ਐਸਐਸਪੀ ਸਤਿੰਦਰ ਸਿੰਘ ਨੇ ਕਿਹਾ ਹੈ ਕਿ 15 ਫਰਵਰੀ ਨੂੰ ਜਿਸ ਹਿੰਸਾ ਮਾਮਲੇ ਵਿੱਚ ਲਵਪ੍ਰੀਤ ਤੂਫਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਉਸ ਵਿੱਚ ਸ਼ਾਮਲ ਨਹੀਂ ਸੀ । ਪੁਲਿਸ ਨੂੰ ਤੂਫਾਨ ਸਿੰਘ ਦੇ ਮੌਕੇ ਤੇ ਮੌਜੂਦ ਨਾ ਹੋਣ ਦੇ ਠੋਸ ਸਬੂਤ ਮਿਲੇ ਹਨ।
ਸ਼੍ਰੋਮਣੀ ਅਕਾਲੀ ਦੱਲ ਦੇ ਸਰਕਾਰ ਨੂੰ ਸਵਾਲ
ਦੂਜੇ ਪਾਸੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਨੇ ਇਸ ਪੂਰੇ ਮਾਮਲੇ ‘ਤੇ ਸਰਕਾਰ ‘ਤੇ ਜ਼ੁਬਾਨੀ ਹਮਲੇ ਤੇਜ਼ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬ੍ਰਿਕਮ ਮਜੀਠੀਆ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ‘ਤੇ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪਾਲਕੀ ਸਾਹਿਬ ਦੀ ਮਦਦ ਨਾਲ ਥਾਣੇ ‘ਤੇ ਕਬਜ਼ਾ ਕਰਨਾ ਬੇਅਦਬੀ ਦੇ ਬਰਾਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਵੱਡਾ ਖਤਰਾ ਹੈ।
‘ਪੰਜਾਬ ਦੇ ਕਾਲੇ ਦੌਰ ਦੀ ਯਾਦ ਹੋਈ ਤਾਜਾ’
ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ
ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਇਸ ਮਾਮਲੇ ਨੇ ਪੰਜਾਬ ਦੇ ਕਾਲੇ ਦੌਰ ਦੀ ਯਾਦ ਦੁਆ ਦਿੱਤੀ ਹੈ। ਦੂਜੇ ਪਾਸੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਸਰਕਾਰ ਸੂਬੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਪੰਜਾਬ ਪਹਿਲਾਂ ਹੀ ਭਾਰੀ ਕੀਮਤ ਅਦਾ ਕਰ ਚੁੱਕਾ ਹੈ। ਹੁਣ ਗ੍ਰਹਿ ਮੰਤਰਾਲੇ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਵੀ ਭਗਵੰਤ ਮਾਨ ਸਰਕਾਰ ਨੂੰ ਸਰਹੱਦੀ ਸੂਬੇ ਪੰਜਾਬ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਵੀ ਪੂਰੀ ਤਰ੍ਹਾਂ ਨਾਕਾਮ ਕਰਾਰ ਦਿੱਤਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਇਸ ਮਾਮਲੇ ਵਿੱਚ ਨੋਟਿਸ ਲੈਣ ਦੀ ਅਪੀਲ ਕੀਤੀ ਹੈ।
ਸਰਕਾਰ ਦਾ ਦਾਅਵਾ – ਮਾਮਲੇ ‘ਤੇ ਹੀ ਤਿੱਖੀ ਨਜਰ
ਜਦਕਿ ਵਿਰੋਧੀਆਂ ਦੇ ਹਮਲਿਆਂ ਦੇ ਜਵਾਬ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਣਗੇ। ਉਹ ਲਗਾਤਾਰ ਪੰਜਾਬ ਦਾ ਵਿਕਾਸ ਕਰ ਰਹੇ ਹਨ। ਸਰਕਾਰ ਇਸ ਪੂਰੇ ਮਾਮਲੇ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਜ਼ਿੰਮੇਵਾਰ
ਅਜਨਾਲਾ ਥਾਣੇ ਵਿੱਚ ਹੰਗਾਮਾ ਹੋਇਆ ਅਤੇ ਪੰਜ ਘੰਟੇ ਤੱਕ ਥਾਣੇ ਤੇ ਕਾਬਜ਼ ਰਹੇ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਇਸ ਹੰਗਾਮੇ ਲਈ ਜ਼ਿੰਮੇਵਾਰ ਦੱਸਿਆ ਹੈ। ਉਸ ਦਾ ਦੋਸ਼ ਸੀ ਕਿ ਤੂਫਾਨ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਨੇ ਤੂਫਾਨ ਸਿੰਘ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਹੀ ਹੰਗਾਮਾ ਕੀਤਾ ਸੀ। ਇਸ ਵਿੱਚ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਦੰਗਾਕਾਰੀ ਵੀ ਜ਼ਖ਼ਮੀ ਹੋ ਗਏ। ਅੰਮ੍ਰਿਤਪਾਲ ਸਿੰਘ ਅਨੁਸਾਰ ਉਸ ਦੇ 21 ਸਾਥੀ ਜ਼ਖ਼ਮੀ ਹੋ ਗਏ। ਹਾਲਾਂਕਿ ਉਸ ਨੇ ਪੁਲਿਸ ਨੂੰ ਹੀ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਪੁਲਿਸ ਕਾਰਨ ਹੀ ਭੀੜ ਗੁੱਸੇ ‘ਚ ਆਈ। ਦੂਜੇ ਪਾਸੇ ਪਾਲਕੀ ਸਾਹਿਬ ਦੀ ਬੇਅਦਬੀ ਦੇ ਲੱਗੇ ਦੋਸ਼ਾਂ ‘ਤੇ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਪਾਲਕੀ ਸਾਹਿਬ ਪਿੱਛੇ ਸੀ। ਉਨ੍ਹਾਂ ਦਾ ਨਿਰਾਦਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਪਾਲਕੀ ਸਾਹਿਬ ਦੀ ਬੇਅਦਬੀ ਨਹੀਂ ਕੀਤੀ। ਜੇਕਰ ਗੋਲੀ ਚੱਲਦੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਹੀ ਲੱਗਦੀ। ਨਾਲ ਹੀ ਉਨ੍ਹਾਂ ਕਿਹਾ ਕਿ ਲਵਪ੍ਰੀਤ ਦੀ ਰਿਹਾਈ ਤੱਕ ਉਹ ਇੱਥੇ ਹੀ ਡਟਿਆ ਰਹੇਗਾ।
ਵਾਰਿਸ ਪੰਜਾਬ ਦੇ ‘ਤੇ ਖੁਫੀਆ ਏਜੰਸੀਆਂ ਰੱਖ ਰਹੀਆਂ ਨਜ਼ਰ
ਵਾਰਿਸ ਪੰਜਾਬ ਦੀ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਖੁਫੀਆ ਏਜੰਸੀਆਂ ਦੇ ਰਾਡਾਰ ‘ਤੇ ਹੈ। ਦੋਸ਼ ਹੈ ਕਿ ਅੰਮ੍ਰਿਤਪਾਲ ਖਾਲਿਸਤਾਨੀ ਲਹਿਰ ਨੂੰ ਵਧਾਵਾ ਦੇ ਰਿਹਾ ਹੈ। ਹਾਲ ਹੀ ‘ਚ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਪਾਲ ਸਿੰਘ ‘ਤੇ ISI ਦੇ ਉਕਸਾਉਣ ‘ਤੇ ਕੰਮ ਕਰਨ ਦਾ ਦੋਸ਼ ਲਗਾਇਆ ਸੀ, ਕੈਪਟਨ ਨੇ ਕਿਹਾ ਸੀ ਕਿ ISI ਨੇ ਅੰਮ੍ਰਿਤਪਾਲ ਸਿੰਘ ਨੂੰ ਦੁਬਈ ਤੋਂ ਪੰਜਾਬ ਭੇਜਿਆ ਸੀ, ਤਾਂ ਜੋ ਖਾਲਿਸਤਾਨੀ ਮੁੱਦੇ ਨੂੰ ਫਿਰ ਤੋਂ ਭੜਕਾਇਆ ਜਾ ਸਕੇ। ਇਸ ਤੋਂ ਇਲਾਵਾ ਅਮਿਤ ਸ਼ਾਹ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ।
ਇਹ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਇਹ ਪੂਰਾ ਮਾਮਲਾ ਉਦੋਂ ਸ਼ੁਰੂ ਹੋਇਆ, ਜਦੋਂ ਅਜਨਾਲਾ ਪੁਲਿਸ ਨੇ
ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਖ਼ਿਲਾਫ਼ ਚਮਕੌਰ ਸਾਹਿਬ ਦੇ ਵਸਨੀਕ ਵਰਿੰਦਰ ਸਿੰਘ ਨੂੰ ਅਗਵਾ ਕਰਕੇ ਉਸ ਨੂੰ ਕੁੱਟਣ ਦਾ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਲਵਪ੍ਰੀਤ ਸਿੰਘ ਦੀ ਸਰਗਰਮ ਭੂਮਿਕਾ ਸਾਹਮਣੇ ਆਈ ਸੀ, ਜਿਸ ਤੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅੰਮ੍ਰਿਤਪਾਲ ਸਿੰਘ ਨੇ ਇਸ ਸਾਥੀ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣਾ ਅਜਨਾਲਾ ਦੇ ਬਾਹਰ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਸੀ। ਲਵਪ੍ਰੀਤ ਤੂਫਾਨ ਅੰਮ੍ਰਿਤਪਾਲ ਸਿੰਘ ਦੇ ਬਹੁਤ ਕਰੀਬੀ ਹੈ। ਅਜਨਾਲਾ ‘ਚ ਵੀਰਵਾਰ ਨੂੰ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਸਮੇਤ ਸੈਂਕੜੇ ਲੋਕਾਂ ਨੇ ਤਲਵਾਰਾਂ, ਬੰਦੂਕਾਂ ਅਤੇ ਲਾਠੀਆਂ ਨਾਲ ਥਾਣੇ ‘ਤੇ ਹਮਲਾ ਕਰ ਦਿੱਤਾ। ਪੰਜ ਘੰਟੇ ਤੱਕ ਥਾਣੇ ਵਿੱਚ ਹੰਗਾਮਾ ਹੋਇਆ ਅਤੇ ਪੁਲਿਸ ਮੁਲਾਜਮ ਡਰੇ ਹੋਏ ਰਹੇ। ਇਸ ਹਮਲੇ ਵਿੱਚ 6 ਤੋਂ ਵੱਧ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ, ਬਾਅਦ ਵਿੱਚ ਪੁਲਿਸ ਵੱਲੋਂ ਲਵਪ੍ਰੀਤ ਤੂਫ਼ਾਨ ਨੂੰ ਰਿਹਾਅ ਕਰਨ ਦਾ ਭਰੋਸਾ ਦਿੱਤੇ ਜਾਣ ਮਗਰੋਂ ਹੰਗਾਮਾ ਸ਼ਾਂਤ ਹੋਇਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ