ਅਡਾਨੀ ਗਰੁੱਪ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ, ਬੈਂਕਾਂ ਨਾਲ ਘਪਲੇਬਾਜ਼ੀ ਕਰਨ ਦੇ ਲਾਏ ਇਲਜਾਮ

Published: 

06 Feb 2023 17:10 PM

ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਪ੍ਰਦਰਸ਼ਨ ਕਰਕੇ ਕਾਰੋਬਾਰੀ ਅਡਾਨੀ ਗਰੁੱਪ ਵੱਲੋਂ ਬੈਂਕਾਂ ਨਾਲ ਘਪਲੇਬਾਜ਼ੀ ਕਰਨ ਦੇ ਇਲਜਾਮ ਲਗਾਏ ਗਏ। ਕਿਸਾਨਾਂ ਨੇ ਇਲਜਾਮ ਲਾਇਆ ਕਿ ਪ੍ਰਧਾਨ ਮੰਤਰੀ ਦੇਸ਼ ਦੀ ਸੁਰੱਖਿਆ ਕਰਨ ਦੀ ਬਜਾਏ ਘਪਲੇਬਾਜ਼ੀ ਵਿਚ ਵਪਾਰੀਆਂ ਦੀ ਮੱਦਦ ਕਰ ਰਹੇ ਹਨ।

ਅਡਾਨੀ ਗਰੁੱਪ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ, ਬੈਂਕਾਂ ਨਾਲ ਘਪਲੇਬਾਜ਼ੀ ਕਰਨ ਦੇ ਲਾਏ ਇਲਜਾਮ
Follow Us On

ਬਠਿੰਡਾ। ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਅਡਾਨੀ ਗਰੁੱਪ ਵੱਲੋਂ ਬੈਂਕਾਂ ਨਾਲ ਘਪਲੇਬਾਜ਼ੀ ਕਰਨ ਦੇ ਲਗਾਉਂਦੇ ਹੋਏ ਕਾਂਗਰਸ ਪਾਰਟੀ ਵੱਲੋਂ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਲੀਡਰਸ਼ਿਪ ਵੱਲੋਂ ਬਠਿੰਡਾ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਸਿਵਲ ਲਾਈਨ ਏਰੀਏ ਦੇ ਐਸਬੀਆਈ ਬੈਂਕ ਸਾਹਮਣੇ ਰੋਸ ਧਰਨਾ ਦਿੱਤਾ ਗਿਆ।

ਅਡਾਨੀ ਗਰੁੱਪ ਖਿਲਾਫ ਕਾਰਵਾਈ ਦੀ ਮੰਗ

ਕਾਂਗਰਸ ਵੱਲੋਂ ਦਿੱਤੇ ਧਰਨੇ ਵਿਚ ਜਿਲ੍ਹਾ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਦੇ ਸਮੂਹ ਔਹਦੇਦਾਰ, ਵਰਕਰ, ਪੰਚ ਸਰਪੰਚ, ਅਤੇ ਕੌਂਸਲਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਕਾਂਗਰਸ ਬਠਿੰਡਾ ਦਿਹਾਤੀ ਦੇ ਪ੍ਰਧਾਨ ਖੁਸ਼ਬਾਜ ਸਿੰਘ ਜਟਾਨਾ, ਕੇ ਕੇ ਅਗਰਵਾਲ, ਅਰੁਣ ਵਧਾਵਣ ,ਬਲਜਿੰਦਰ ਸਿੰਘ ਠੇਕੇਦਾਰ ਜ਼ਿਲਾ ਮੀਤ ਪ੍ਰਧਾਨ ਅਤੇ ਅਸ਼ੋਕ ਕੁਮਾਰ ਸੀਨੀਅਰ ਡਿਪਟੀ ਮੇਅਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦੇਸ਼ੀ ਕੰਪਨੀ ਵੱਲੋਂ ਕੀਤੇ ਗਏ ਖੁਲਾਸੇ ਨੇ ਦੇਸ਼ ਦੀ ਮੋਦੀ ਸਰਕਾਰ ਦਾ ਚੇਹਰਾ ਬੇਨਕਾਬ ਕਰ ਦਿੱਤਾ ਹੈ ਕਿ ਉਹ ਕਿਵੇਂ ਦੇਸ਼ ਦੇ ਆਰਥਕ ਦੀ ਸੁਰੱਖਿਆ ਕਰਨ ਦੀ ਬਜਾਏ ਵੱਡੇ ਧਨਾਢ ਕਾਰੋਬਾਰੀਆਂ ਦੀ ਮਦਦ ਕਰ ਰਹੇ ਹਨ ਕਿ ਉਹ ਦੇਸ਼ ਨੂੰ ਲੁੱਟਣ ਲੱਗੇ ਹੋਏ ਹਨ, ਇਸ ਰਿਪੋਰਟ ਵਿਚ ਵੱਡੇ ਕਾਰੋਬਾਰੀ ਅਦਾਨੀ ਗਰੁੱਪ ਵੱਲੋਂ ਕੀਤੇ ਗਏ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਈ ਸਵਾਲ ਖੜ੍ਹੇ ਕਰਦਾ ਹੈ।

ਸਰਕਾਰ ਤੇ ਲਾਏ ਇਲਜਾਮ

ਇਸ ਮੌਕੇ ਟਹਿਲ ਸਿੰਘ ਸੰਧੂ ਪਵਨ ਮਾਨੀ ਕਿਰਨਜੀਤ ਸਿੰਘ ਗਹਿਰੀ ਕਿਰਨਦੀਪ ਕੌਰ ਵਿਰਕ, ਅੰਮ੍ਰਿਤਾ ਗਿੱਲ,ਮਾਸਟਰ ਹਰਮੰਦਰ ਸਿੰਘ ਡਿਪਟੀ ਮੇਅਰ ਅਤੇ ਰਪਿੰਦਰ ਬਿੰਦਰਾ ਜਨਰਲ ਸਕੱਤਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਆਦੇਸ਼ ਦੇਣ ਤਾਂ ਜੋ ਅਡਾਨੀ ਗਰੁੱਪ ਦੇ ਚੇਅਰਮੈਨ ਨੂੰ ਗ੍ਰਿਫਤਾਰ ਕਰਕੇ ਸਾਰਾ ਸੱਚ ਸਾਹਮਣੇ ਲਿਆਂਦਾ ਜਾਵੇ ਨਹੀਂ ਤਾਂ ਉਹ ਦੇਸ਼ ਛੱਡ ਕੇ ਫਰਾਰ ਹੋ ਸਕਦੇ ਹਨ, ਜਿਸ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ ਹੋਵੇਗੀ। ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਬਲਰਾਜ ਸਿੰਘ ਪੱਕਾ, ਕ੍ਰਿਸ਼ਨ ਭਾਗੀ ਬਾਂਦਰ, ਲੱਖਾ ਚੇਅਰਮੈਨ ਤੇਜਾ ਚੇਅਰਮੈਨ ਅਵਤਾਰ ਸਿੰਘ ਗੋਨਿਆਣਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਕਿਸੇ ਵੀ ਤਰਾਂ ਦੇ ਵੱਡੇ ਘਪਲੇ ਸਾਹਮਣੇ ਨਹੀਂ ਆਏ ਅਤੇ ਦੇਸ਼ ਦੀ ਆਰਥਿਕਤਾ ਮਜਬੂਤ ਹੋਈ ਸੀ ਪਰ ਮੋਦੀ ਸਰਕਾਰ ਦੇ ਵਿੱਚ ਦੇਸ਼ ਦੀ ਆਰਥਿਕਤਾ ਡਾਵਾਡੋਲ ਸਥਿਤੀ ਵਿੱਚ ਹੈ।

ਵੱਡੀ ਗਿਣਤੀ ਵਿਚ ਹਾਜਰ ਹੋਏ ਵਰਕਰ

ਅੱਜ ਦੇ ਪ੍ਰਦਰਸ਼ਨ ਵਿਚ ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਅਤੇ ਸ਼ਹਿਰੀ ਦੀ ਵੱਡੀ ਗਿਣਤੀ ਵਿਚ ਵਰਕਰ ਹਾਜਰ ਹੋਏ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੇ ਹੋਏ ਅਡਾਨੀ ਗਰੁੱਪ ਦੇ ਚੇਅਰਮੈਨ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।