Jalandhar Bypoll: ਜਲੰਧਰ ਲੋਕ ਸਭਾ ਸੀਟ ਲਈ AAP ਵੱਲੋਂ ਰਿੰਕੂ ਨੂੰ ਉਮੀਦਵਾਰ ਬਣਾਉਣ ‘ਤੇ ਕਾਂਗਰਸ ਦਾ ਤੰਜ

Updated On: 

06 Apr 2023 15:47 PM

Punjab Politics: ਜਲੰਧਰ ਲੋਕ ਸਭਾ ਜਿਮਣੀ ਚੋਣ ਲਈ ਆਪ ਵੱਲੋਂ ਸੁਸ਼ੀਲ ਰਿੰਕੂ ਦਾ ਨਾਂ ਤਕਰੀਬਨ ਤੈਅ ਮੰਨਿਆ ਜਾ ਰਿਹਾ ਸੀ। ਹਾਲਾਂਕਿ, ਮੁੱਖ ਮੰਤਰੀ ਨੇ ਸਰਵੇ ਕਰਵਾਉਣ ਤੋਂ ਬਾਅਦ ਹੀ ਇਸ ਸੀਟ ਲਈ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਦੀ ਗੱਲ ਕਹੀ ਸੀ।

Jalandhar Bypoll: ਜਲੰਧਰ ਲੋਕ ਸਭਾ ਸੀਟ ਲਈ AAP ਵੱਲੋਂ ਰਿੰਕੂ ਨੂੰ ਉਮੀਦਵਾਰ ਬਣਾਉਣ ਤੇ ਕਾਂਗਰਸ ਦਾ ਤੰਜ
Follow Us On

ਜਲੰਧਰ ਨਿਊਜ: ਆਮ ਆਦਮੀ ਪਾਰਟੀ (ਆਪ) ਨੇ ਕੱਲ੍ਹ ਹੀ ਪਾਰਟੀ ਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਦੀ ਉਮੀਦਵਾਰੀ ਨੂੰ ਲੈ ਕੇ ਸੂਬਾ ਕਾਂਗਰਸ ਨੇ ਤਿੱਖਾ ਤੰਜ ਕੱਸਿਆ ਹੈ। ਪੰਜਾਬ ਕਾਂਗਰਸ ਦੇ ਟਵਿਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਆਪ ਵੱਲੋਂ ਰਿੰਕੂ ਦੀ ਉਮੀਦਵਾਰੀ ਨੂੰ ਲੈ ਕੇ ਜਾਰੀ ਕੀਤਾ ਪੱਤਰ ਲਗਾਇਆ ਗਿਆ ਹੈ।

ਕਾਂਗਰਸ ਨੇ ਟਵੀਟ ਵਿੱਚ ਸਵਾਲ ਚੁੱਕਦਿਆਂ ਲਿਖਿਆ, ” ਜੋ ਪਾਰਟੀ ਵਲੰਟੀਅਰਾਂ ਦੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ ਉਸਨੂੰ ਜਲੰਧਰ ਜ਼ਿਮਨੀ ਚੋਣ ਦੇ ਲਈ ਇੱਕ ਵੀ ਢੁਕਵਾਂ ਵਲੰਟੀਅਰ ਨਹੀਂ ਮਿਲਿਆ? 92 ਅਨਮੋਲ ਰਤਨ, ਬੋਰਡ ਚੇਅਰਮੈਨ, ਹਜਾਰਾਂ ਵਲੰਟੀਅਰ, ਪਰ ਇੱਕ ਵੀ ਪਾਰਟੀ ਦੀ ਟਿਕਟ ਯੋਗ ਨਹੀਂ। ਇਸ ਮੈਸੇਜ ਲਿੱਖਣ ਤੋਂ ਪਹਿਲਾ LOL ਲਿੱਖ ਕੇ ਮਜਾਕਿਆ ਇਮੋਜੀ ਸ਼ੇਅਰ ਕੀਤਾ ਗਿਆ ਹੈ।

ਨਗਰ ਕੌਂਸਲਰਾਂ ਵੱਲੋਂ ਕਾਂਗਰਸ ਉਮੀਦਵਾਰ ਦਾ ਸਮਰਥਨ

ਉੱਧਰ, ਰਿੰਕੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜਲੰਧਰ ਦੇ ਸਾਬਕਾ ਨਗਰ ਕੌਂਸਲਰਾਂ ਸਮੇਤ ਕਾਂਗਰਸੀ ਆਗੂ ਆਪਣੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੀ ਜਿੱਤ ਯਕੀਨੀ ਬਣਾਉਣ ਲਈ ਇਕਜੁੱਟ ਹੋ ਗਏ ਹਨ। ਸੁਸ਼ੀਲ ਰਿੰਕੂ ਦੇ ਵਿਧਾਨ ਸਭਾ ਹਲਕੇ ਜਲੰਧਰ ਪੱਛਮੀ ਦੇ ਕਰੀਬ ਇੱਕ ਦਰਜਨ ਨਗਰ ਕੌਂਸਲਰਾਂ ਨੇ ਕਾਂਗਰਸ ਭਵਨ ਵਿਖੇ ਮੀਟਿੰਗ ਕਰਕੇ ਕਰਮਜੀਤ ਕੌਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ।

ਕੌਂਸਲਰਾਂ ਦਾ ਆਪ ‘ਤੇ ਨਿਸ਼ਾਨਾ

ਇਸ ਮੌਕੇ ਇੱਕ ਕੌਂਸਲਰ ਨੇ ਕਿਹਾ ਕਿ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਅਸੀਂ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਦਾ ਸਮਰਥਨ ਕਰਨ ਅਤੇ ਆਉਣ ਵਾਲੀ ਜ਼ਿਮਨੀ ਚੋਣ ਵਿੱਚ ਜਿੱਤ ਯਕੀਨੀ ਬਣਾਉਣ ਲਈ ਵਚਨਬੱਧ ਹਾਂ । ਉਨ੍ਹਾਂ ਕਿਹਾ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ । ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਸ਼ੀਲ ਰਿੰਕੂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੱਸਦਾ ਹੈ ਕਿ ‘ਆਪ’ ਨੂੰ ਜ਼ਿਮਨੀ ਚੋਣ ਲਈ ਉਮੀਦਵਾਰ ਨਹੀਂ ਮਿਲ ਰਿਹਾ।

ਪਹਿਲਾਂ ਤੋਂ ਹੀ ਤੈਅ ਮੰਨੀ ਜਾ ਰਹੀ ਸੀ ਰਿੰਕੂ ਦੀ ਉਮੀਦਵਾਰੀ

ਦੱਸ ਦੇਈਏ ਕਿ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਕੱਲ੍ਹ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦਾ ਨਾਂ ਪਹਿਲਾਂ ਤੋਂ ਹੀ ਇਸ ਸੀਟ ਲਈ ਤੈਅ ਮੰਨਿਆ ਜਾ ਰਿਹਾ ਸੀ। ਹਾਲਾਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੂਬੇ ਦੇ ਲੋਕਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਕਿਸੇ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।

ਰਿੰਕੂ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ

ਉੱਧਰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਦੇ ਸਾਹਮਣੇ ਬੋਲਦੇ ਹੋਏ ਬਣਾਈ ਗਈ ਸੀ। ਵੀਡੀਓ ਚ ਰਿੰਕੂ ਕਹਿ ਰਹੇ ਹਨ ਕਿ ਜਿਹੜੇ ਲੋਕ ਕਾਂਗਰਸ ਪਾਰਟੀ ਦੇ ਗੱਦਾਰ ਹਨ, ਉਨ੍ਹਾਂ ਦੀਆਂ ਫੋਟੋਆਂ ਕਾਂਗਰਸ ਭਵਨ ਦੀ ਕੰਧ ਤੇ ਲਗਾਈਆਂ ਜਾਣ। ਉਹ ਇਹ ਵੀ ਕਹਿ ਰਹੇ ਹਨ ਕਿ ਜਿਹੜਾ ਗੱਦਾਰ ਕਾਂਗਰਸ ਪਾਰਟੀ ਵਿੱਚ ਵਾਪਸ ਆਉਣਾ ਚਾਹੁੰਦਾ ਹੈ, ਉਸ ਨੂੰ ਇੱਕ ਮਹੀਨੇ ਤੱਕ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਪਾਣੀ ਪਿਲਾਉਣ ਦਾ ਕੰਮ ਸੌਂਪਿਆ ਜਾਵੇ। ਵੇਖੋ.. ਰਿੰਕੂ ਦਾ ਇਹ ਪੁਰਾਣਾ ਵੀਡੀਓ…

ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ