ਕਿੱਕੀ ਢਿੱਲੋਂ ਤੇ ਰਮਨ ਅਰੋੜਾ ਜਲੰਧਰ ਈਡੀ ਦਫ਼ਤਰ ਹੋਏ ਪੇਸ਼, ਜਾਂਚ ਲਈ ਦਸਤਾਵੇਜ਼ਾਂ ਸਮੇਤ ਪਹੁੰਚੇ

Updated On: 

11 Jun 2026 14:27 PM IST

ਫਰੀਦਕੋਟ ਤੋਂ ਸਾਬਕਾ ਕਾਂਗਰਸ ਵਿਧਾਇਕ ਕਿੱਕੀ ਢਿੱਲੋਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਈਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਦੋਵਾਂ ਮਾਮਲਿਆਂ 'ਚ, ਈਡੀ ਵਿੱਤੀ ਲੈਣ-ਦੇਣ, ਆਮਦਨ ਦੇ ਸਰੋਤਾਂ ਤੇ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਜਾਂਚ ਏਜੰਸੀਆਂ ਇਨ੍ਹਾਂ ਮਾਮਲਿਆਂ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ।

ਕਿੱਕੀ ਢਿੱਲੋਂ ਤੇ ਰਮਨ ਅਰੋੜਾ ਜਲੰਧਰ ਈਡੀ ਦਫ਼ਤਰ ਹੋਏ ਪੇਸ਼, ਜਾਂਚ ਲਈ ਦਸਤਾਵੇਜ਼ਾਂ ਸਮੇਤ ਪਹੁੰਚੇ

ਕਿੱਕੀ ਢਿੱਲੋਂ ਤੇ ਰਮਨ ਅਰੋੜਾ ਜਲੰਧਰ ਈਡੀ ਦਫ਼ਤਰ ਹੋਏ ਪੇਸ਼, ਜਾਂਚ ਲਈ ਦਸਤਾਵੇਜ਼ਾਂ ਸਮੇਤ ਪਹੁੰਚੇ

ਦੋ ਵੱਖ-ਵੱਖ ਚੱਲ ਰਹੀਆਂ ਜਾਂਚਾਂ ਨੂੰ ਲੈ ਕੇ ਵੀਰਵਾਰ ਨੂੰ ਜਲੰਧਰ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਫ਼ਤਰ ‘ਚ ਗਤੀਵਿਧੀ ਦੇਖੀ ਗਈ। ਫਰੀਦਕੋਟ ਤੋਂ ਸਾਬਕਾ ਕਾਂਗਰਸ ਵਿਧਾਇਕ ਕਿੱਕੀ ਢਿੱਲੋਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਈਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਏ।

ਦਸਤਾਵੇਜ਼ਾਂ ਸਮੇਤ ਪਹੁੰਚੇ ਕਿੱਕੀ ਢਿੱਲੋਂ

ਸਾਬਕਾ ਵਿਧਾਇਕ ਕਿੱਕੀ ਢਿੱਲੋਂ ਮਨੀ ਲਾਂਡਰਿੰਗ ਜਾਂਚ ਦੇ ਸਬੰਧ ‘ਚ ਦੁਬਾਰਾ ਈਡੀ ਦਫ਼ਤਰ ਪਹੁੰਚੇ। ਈਡੀ ਦੀ ਇੱਕ ਟੀਮ ਨੇ ਹਾਲ ਹੀ ‘ਚ ਉਨ੍ਹਾਂ ਤੋਂ ਲਗਭਗ 9 ਘੰਟੇ ਪੁੱਛਗਿੱਛ ਕੀਤੀ ਸੀ। ਇਸ ਵਾਰ, ਉਹ ਅਧਿਕਾਰੀਆਂ ਦੁਆਰਾ ਮੰਗੇ ਗਏ ਦਸਤਾਵੇਜ਼ਾਂ ਨਾਲ ਪਹੁੰਚੇ। ਵਿਜੀਲੈਂਸ ਬਿਊਰੋ ਨੇ ਮਈ 2023 ‘ਚ ਕਿੱਕੀ ਢਿੱਲੋਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦਾਂ ਸਬੰਧੀ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਵਿਜੀਲੈਂਸ ਜਾਂਚ ਦੇ ਅਨੁਸਾਰ, ਕਿੱਕੀ ਢਿੱਲੋਂ ਨੇ 2017 ਤੇ 2022 ਦੇ ਵਿਚਕਾਰ ਲਗਭਗ 10.72 ਕਰੋੜ ਰੁਪਏ ਖਰਚ ਕੀਤੇ, ਜਦੋਂ ਕਿ ਉਨ੍ਹਾਂ ਦੀ ਆਮਦਨ 3.18 ਰੁਪਏ ਕਰੋੜ ਦਰਜ ਕੀਤੀ ਗਈ ਸੀ। ਜਾਂਚ ‘ਚ ਇਲਜ਼ਾਮ ਲੱਗੇ ਕਿ ਉਹ 7.53 ਕਰੋੜ ਰੁਪਏ ਦੇ ਸਰੋਤ ਬਾਰੇ ਕੋਈ ਤਸੱਲੀਬਖਸ਼ ਸਪੱਸ਼ਟੀਕਰਨ ਨਹੀਂ ਦੇ ਸਕੇ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ‘ਚ ਪਹਿਲਾਂ ਹੀ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਤੇ ਇਹ ਮਾਮਲਾ ਇਸ ਸਮੇਂ ਅਦਾਲਤ ‘ਚ ਵਿਚਾਰ ਅਧੀਨ ਹੈ।

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ 1 ਅਪ੍ਰੈਲ, 2017 ਤੋਂ 31 ਮਾਰਚ, 2022 ਤੱਕ ਦੀ ਜਾਂਚ ‘ਚ ਇਹ ਖੁਲਾਸਾ ਹੋਇਆ ਹੈ ਕਿ ਸਾਬਕਾ ਵਿਧਾਇਕ ਦਾ ਖਰਚਾ ਉਸ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਲਗਭਗ 245 ਪ੍ਰਤੀਸ਼ਤ ਵੱਧ ਸੀ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਉਨ੍ਹਾਂ ਨੇ ਪਿੰਡ ਮੁਮਰਾ ਤਹਿਸੀਲ ਸਾਦਿਕ, ਜ਼ਿਲ੍ਹਾ ਫਰੀਦਕੋਟ ‘ਚ ਹੋਰ ਵਿਅਕਤੀਆਂ ਦੇ ਨਾਮ ‘ਤੇ ਜਾਇਦਾਦਾਂ ਖਰੀਦੀਆਂ ਸਨ। ਕਿੱਕੀ ਢਿੱਲੋਂ ਤੋਂ ਇਲਾਵਾ, ਇਸ ਮਾਮਲੇ ਦੇ ਸਬੰਧ ‘ਚ ਉਨ੍ਹਾਂ ਦੇ ਦੋ ਸਾਥੀਆਂ – ਗੁਰਸੇਵਕ ਸਿੰਘ ਅਤੇ ਰਾਜਵਿੰਦਰ ਸਿੰਘ ਵਿਰੁੱਧ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ।

ਅਦਾਲਤ ਤੋਂ ਇਨਸਾਫ਼ ਮਿਲਣ ਦੀ ਉਮੀਦ: ਕਿੱਕੀ

ਈਡੀ ਦਫ਼ਤਰ ਛੱਡਣ ਤੋਂ ਬਾਅਦ, ਕਿੱਕੀ ਢਿੱਲੋਂ ਨੇ ਕਿਹਾ ਕਿ ਕਿਉਂਕਿ ਇਹ ਮਾਮਲਾ ਇਸ ਸਮੇਂ ਅਦਾਲਤ ‘ਚ ਹੈ, ਇਸ ਲਈ ਉਹ ਇਸ ‘ਤੇ ਹੋਰ ਟਿੱਪਣੀ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਈਡੀ ਨੇ ਉਨ੍ਹਾਂ ਦੀ ਆਮਦਨ ਸੰਬੰਧੀ ਕੁੱਝ ਦਸਤਾਵੇਜ਼ ਮੰਗੇ ਸਨ, ਜੋ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੌਂਪ ਦਿੱਤੇ ਹਨ। ਨਿਆਂ ਪ੍ਰਣਾਲੀ ‘ਚ ਵਿਸ਼ਵਾਸ ਪ੍ਰਗਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੋਂ ਇਨਸਾਫ਼ ਮਿਲਣ ਦੀ ਉਮੀਦ ਹੈ।

ਰਮਨ ਅਰੋੜਾ 9 ਦਿਨਾਂ ਦੂਜੀ ਵਾਰ ਪਹੁੰਚੇ ਈਡੀ ਦਫ਼ਤਰ

ਇਸ ਦੌਰਾਨ, ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵੀ 9 ਦਿਨਾਂ ‘ਚ ਦੂਜੀ ਵਾਰ ਈਡੀ ਦਫ਼ਤਰ ਗਏ। ਈਡੀ ਵੱਲੋਂ ਜਾਰੀ ਨੋਟਿਸ ਤੋਂ ਬਾਅਦ, ਉਹ ਸਵੇਰੇ ਦਸਤਾਵੇਜ਼ਾਂ ਦੀ ਫਾਈਲ ਲੈ ਕੇ ਦਫ਼ਤਰ ਪਹੁੰਚੇ। ਉਹ ਮੀਡੀਆ ਤੋਂ ਬਚ ਕੇ ਸਿੱਧੇ ਦਫ਼ਤਰ ਦੇ ਅੰਦਰ ਚਲੇ ਗਏ। ਲਗਭਗ 2 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ, ਉਹ ਮੀਡੀਆ ਨਾਲ ਗੱਲ ਕੀਤੇ ਬਿਨਾਂ ਆਪਣੇ ਪੁੱਤਰ ਨਾਲ ਚਲੇ ਗਏ।

ਰਮਨ ਅਰੋੜਾ ਪਹਿਲਾਂ 2 ਜੂਨ ਨੂੰ ਈਡੀ ਦਫ਼ਤਰ ਗਏ ਸਨ, ਜਿੱਥੇ ਉਨ੍ਹਾਂ ਤੋਂ ਲਗਭਗ ਸਾਢੇ 8 ਘੰਟੇ ਪੁੱਛਗਿੱਛ ਕੀਤੀ ਗਈ ਸੀ। ਈਡੀ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਆਧਾਰ ‘ਤੇ ਆਪਣੀ ਜਾਂਚ ਸ਼ੁਰੂ ਕੀਤੀ। ਇਸ ਜਾਂਚ ਦੇ ਹਿੱਸੇ ਵਜੋਂ ਕੁੱਝ ਦਸਤਾਵੇਜ਼ ਮੰਗੇ ਗਏ ਸਨ ਤੇ ਵਿਧਾਇਕ ਰਮਨ ਅਰੋੜਾ ਉਨ੍ਹਾਂ ਨੂੰ ਜਮ੍ਹਾਂ ਕਰਵਾਉਣ ਲਈ ਈਡੀ ਦਫ਼ਤਰ ਪਹੁੰਚੇ ਸਨ।

Loading...
Unable to load recommendations.
Follow Us