ਕੇਂਦਰ ਤੋਂ ਜਾਰੀ ਕਰਵਾਓ ਆਰਡੀਐਫ ਦੇ 5800 ਕਰੋੜ, ਸੀਐੱਮ ਮਾਨ ਦਾ ਰਾਜਪਾਲ ਨੂੰ ਪੱਤਰ

Updated On: 

21 Sep 2023 17:38 PM

CM Mann vs Governor: ਪੰਜਾਬ ਸਰਕਾਰ ਅਤੇ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਵਿਚਾਲੇ ਲੰਬੇ ਸਮੇਂ ਤੋਂ ਜੁਬਾਨੀ ਹਮਲਿਆਂ ਦਾ ਦੌਰ ਜਾਰੀ ਹੈ। ਬੀਤੇ ਕੁਝ ਦਿਨਾਂ ਵਿੱਚ ਇਹ ਵਿਵਾਦ ਉਸ ਵੇਲ੍ਹੇ ਬਹੁਤ ਜਿਆਦਾ ਭੱਖ ਗਿਆ ਜਦੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਅਤੇ ਇਸ ਦੌਰਾਨ ਪਾਸ ਕੀਤੇ ਗੁਰਦੁਆਰਾ ਐਕਟ ਸੋਧ ਬਿੱਲ-2023 ਸਮੇਤ ਚਾਰ ਬਿਲਾਂ ਨੂੰ ਰਾਜਪਾਲ ਨੇ ਗੈਰ ਸੰਵਿਧਾਨਿਕ ਕਰਾਰ ਦੇ ਦਿੱਤਾ।

ਕੇਂਦਰ ਤੋਂ ਜਾਰੀ ਕਰਵਾਓ ਆਰਡੀਐਫ ਦੇ 5800 ਕਰੋੜ, ਸੀਐੱਮ ਮਾਨ ਦਾ ਰਾਜਪਾਲ ਨੂੰ ਪੱਤਰ
Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਫੰਡ (ਆਰਡੀਐਫ) ਜਾਰੀ ਕਰਨ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਲਿਖਿਆ ਹੈ। ਇਸ ਤੋਂ ਪਹਿਲਾਂ ਫੰਡ ਜਾਰੀ ਕਰਨ ਲਈ ਕੇਂਦਰ ਨੂੰ ਪੱਤਰ ਲਿਖ ਚੁੱਕੇ ਹਨ, ਪਰ ਅਜੇ ਤੱਕ ਕੇਂਦਰ ਵੱਲੋਂ ਇਸਨੂੰ ਲੈ ਕੇ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਮੁੱਖ ਮੰਤਰੀ ਮਾਨ ਨੇ ਪੱਤਰ ਵਿੱਚ ਲਿਖਿਆ ਹੈ ਕਿ ਕੇਂਦਰ ਸਰਕਾਰ ਵੱਲ ਪੰਜਾਬ ਦਾ ਕੁੱਲ 5800 ਕਰੋੜ ਰੁਪਏ ਦਾ ਫੰਡ ਬਕਾਇਆ ਹੈ। ਇਸ ਵਿੱਚੋਂ ਇਕੱਲੇ ਆਰਡੀਐਫ ਦਾ ਹੀ 4807 ਕਰੋੜ ਰੁਪਏ ਦਾ ਬਕਾਇਆ ਹੈ।

ਵਰਨਣਯੋਗ ਹੈ ਕਿ ਪੰਜਾਬ ਦੇ ਰਾਜਪਾਲ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੋਂ ਉਨ੍ਹਾਂ ਵੱਲੋਂ ਲਿਖੇ ਕਈ ਪੱਤਰਾਂ ਦਾ ਜਵਾਬ ਮੰਗਿਆ ਸੀ। ਰਾਜਪਾਲ ਨੂੰ ਉਨ੍ਹਾਂ ਦੀ ਚਿੱਠੀ ਦਾ ਜਵਾਬ ਦੇਣ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬੀ.ਐੱਲ. ਪੁਰੋਹਿਤ ਨੂੰ ਚਿੱਠੀ ਲਿਖੀ ਹੈ।

‘ਆਪ’ ਐਮਪੀ ਨੇ ਚੁੱਕੀ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ

ਇਸ ਤੋਂ ਪਹਿਲਾਂ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਹਾਲ ਹੀ ਵਿੱਚ ਹੋਈ ਸਰਬ ਪਾਰਟੀ ਮੀਟਿੰਗ ਵਿੱਚ ਪੰਜਾਬ ਦੇ ਰੁਕੇ ਹੋਏ ਪੇਂਡੂ ਵਿਕਾਸ ਫੰਡ (ਆਰਡੀਐਫ) ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਰਕੇ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਹੈ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ।

ਲੰਮੇ ਸਮੇਂ ਤੋਂ ਕੇਂਦਰ ਸਰਕਾਰ ਤੋਂ ਪੇਂਡੂ ਵਿਕਾਸ ਫੰਡ ਦੀ ਮੰਗ

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਤੋਂ ਪੇਂਡੂ ਵਿਕਾਸ ਫੰਡ ਦੀ ਮੰਗ ਕਰ ਰਹੀ ਹੈ। ਹੁਣ ਆਰਡੀਐਫ ਦਾ ਬਕਾਇਆ 4807 ਕਰੋੜ ਰੁਪਏ ਹੋ ਗਿਆ ਹੈ। ਫੰਡ ਜਾਰੀ ਨਾ ਹੋਣ ਕਾਰਨ ਪੰਜਾਬ ਸਰਕਾਰ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।

ਦਰਅਸਲ, ਕੇਂਦਰ ਸਰਕਾਰ ‘ਤੇ ਪਿਛਲੇ ਚਾਰ ਖਰੀਦ ਸੀਜ਼ਨਾਂ ਦੇ ਪੇਂਡੂ ਵਿਕਾਸ ਫੰਡ (ਆਰਡੀਐਫ) ਦੀ ਬਕਾਇਆ ਰਾਸ਼ੀ ਲਗਭਗ 4807 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ‘ਤੇ 600 ਕਰੋੜ ਰੁਪਏ ਅਤੇ ਸਪੈਸ਼ਲ ਕੈਪਿਟਲ ਅਸਿਸਟੈਂਸ(ਐੱਸਸੀ.ਏ) ਦਾ 1,600 ਕਰੋੜ ਰੁਪਏ ਬਕਾਇਆ ਹੈ।